-ਪੰਜਾਬੀ ਭਾਈਚਾਰਾ ਆ ਰਿਹੈ ਲੋੜਵੰਦਾਂ ਦੀ ਮਦਦ ਲਈ ਅੱਗੇ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਤੀਜੀ ਮੌਤ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਉਹਨਾਂ ਨੇ ਸਕਾਟਲੈਂਡ ਦੇ ਸਾਰੇ ਸਕੂਲਾਂ ਦੇ ਸ਼ੁੱਕਰਵਾਰ ਤੋਂ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ। ਜਿਕਰਯੋਗ ਹੈ ਕਿ ਹੁਣ ਸਕੂਲ ਸਮਰ ਹੌਲੀਡੇਜ਼ ਤੋਂ ਪਹਿਲਾਂ ਨਹੀਂ ਖੁੱਲਣਗੇ। ਸਕਾਟਲੈਂਡ ਦੇ ਕੈਥੋਲਿਕ ਚਰਚ ਨੇ ਆਪਣੇ ਸਾਰੇ ਰੁਝੇਵੇਂ ਰੱਦ ਕਰ ਦਿੱਤੇ ਹਨ। ਦੇਸ਼ ਵਿੱਚ ਹੈਂਡ ਸੈਨੀਟਾਈਜ਼ਰ ਦੀ ਘਾਟ ਨੂੰ ਪੂਰਾ ਕਰਨ ਲਈ ਸਕਾਟਿਸ਼ ਡਿਸਟਿੱਲਰੀ “ਬਰਿਊ ਡੌਗ” ਨੇ ਆਪਣੀ ਉੱਤਰ ਪੂਰਬੀ ਡਿਸਟਿੱਲਰੀ ਨੂੰ ਹੈਂਡ ਸੈਨੀਟਾਈਜ਼ਰ ਬਨਾਉਣ ਦੇ ਕੰਮ ਵਿੱਚ ਲਗਾ ਦਿੱਤਾ ਹੈ। ਐਡਿਨਬਰਾ ਦੇ ਵਸਨੀਕਾਂ ਨੇ ਆਪਣੇ ਫਲੈਟਾਂ ਦੀਆਂ ਬਾਲਕੋਨੀਆਂ ‘ਚ ਖੜ੍ਹ ਕੇ ਮਰੀਜ਼ਾਂ ਦੀ ਸੇਵਾ ਸੰਭਾਲ ‘ਚ ਜੁਟੇ ਹਸਪਤਾਲ ਕਾਮਿਆਂ, ਸਫਾਈ ਸੇਵਕਾਂ, ਸੁਪਰਸਟੋਰਾਂ ਦੇ ਕਾਮਿਆਂ ਅਤੇ ਕੇਅਰ ਹੋਮਜ਼ ‘ਚ ਕੰਮ ਕਰਦੇ ਕਾਮਿਆਂ ਦੀ ਚੜ੍ਹਦੀ ਕਲਾ ਲਈ ਗੀਤ ਗਾਏ। ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 2 ਲੱਖ ਦਾ ਅੰਕੜਾ ਪਾਰ ਕਰਦੀ ਨਜ਼ਰ ਆ ਰਹੀ ਹੈ। ਹੁਣ ਤੱਕ ਵੱਖ ਵੱਖ ਦੇਸ਼ਾਂ ਦੇ ਅੰਕੜੇ ਮਿਲਾ ਕੇ ਮੌਤਾਂ ਦੀ ਗਿਣਤੀ 8 ਹਜਾਰ ਤੋਂ ਵਧਣ ਦੇ ਰਾਹ ‘ਤੇ ਹੈ। ਪਰ ਪੀੜਤ ਹੋਣ ਤੋਂ ਬਾਅਦ ਤੰਦਰੁਸਤ ਹੋਏ 83 ਹਜਾਰ ਲੋਕਾਂ ਵੱਲ ਦੇਖਕੇ ਤਸੱਲੀ ਹੁੰਦੀ ਹੈ ਕਿ ਸਾਵਧਾਨੀ ਨਾਲ ਇਸ ਵਾਇਰਸ ਨੂੰ ਵੀ ਹਰਾਇਆ ਜਾ ਸਕਦਾ ਹੈ। ਇੰਗਲੈਂਡ ਸਰਕਾਰ ਵੱਲੋਂ 70 ਸਾਲ ਜਾਂ ਵੱਧ ਉਮਰ ਦੇ ਬਜ਼ੁਰਗਾਂ ਨੂੰ 12 ਹਫ਼ਤੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਪਰ ਚਿੰਤਾ ਇਹ ਰੜਕ ਰਹੀ ਸੀ ਕਿ ਉਹਨਾਂ ਬਜ਼ੁਰਗਾਂ ਨੂੰ ਖਾਣ ਪੀਣ ਦੇ ਸਮਾਨ ਦੀ ਖਰੀਦੋ ਫਰੋਖਤ ਦੀ ਪ੍ਰੇਸ਼ਾਨੀ ਬਣ ਸਕਦੀ ਹੈ। ਇਸ ਦੁੱਖ ਦੀ ਘੜੀ ‘ਚ ਬਜ਼ੁਰਗਾਂ ਦੇ ਸੰਗੀ ਬਣਨ ਲਈ ਇੰਗਲੈਂਡ ਭਰ ਵਿੱਚੋਂ ਖੁਸ਼ਨੁਮਾ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬੀ ਭਾਈਚਾਰੇ ਦੇ ਲੋਕ ਉਹਨਾਂ ਨੂੰ ਸਮਾਨ ਖਰੀਦ ਕੇ ਦੇਣ ਲਈ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ। ਇੰਗਲੈਂਡ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਸੇਵਾ ਕਾਰਜ ਆਰੰਭੇ ਹਨ। ਜਦਕਿ ਸਕਾਟਲੈਂਡ ਵਿੱਚੋਂ ਜਗਬਾਣੀ ਪ੍ਰਤੀਨਿਧੀ ਮਨਦੀਪ ਖੁਰਮੀ ਵੱਲੋਂ ਪਹਿਲਕਦਮੀ ਕਰਦਿਆਂ ਬਜ਼ੁਰਗਾਂ ਲਈ ਖਰੀਦੋ ਫਰੋਖਤ ਦੀ ਮੁਫਤ ਸੇਵਾ ਦਾ ਐਲਾਨ ਕੀਤਾ ਤਾਂ ਸਟਰੈਥਵਨ ਇਲਾਕੇ ‘ਚ ਰੈਸਟੋਰੈਂਟ ਚਲਾਉਂਦੇ ਪੰਜਾਬੀ ਨੌਜਵਾਨ ਸੁੱਖੀ ਸਿੰਘ ਨੇ ਇਲਾਕੇ ‘ਚ ਕੰਮ ਕਰਦੇ ਸਿਹਤ ਕਾਮਿਆਂ ਲਈ ਮੁਫ਼ਤ ਭੋਜਨ ਦੀ ਪੇਸ਼ਕਸ਼ ਕੀਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਇੰਗਲੈਂਡ ‘ਚ ਕੁੱਲ 72 ਮੌਤਾਂ ਹੋ ਚੁੱਕੀਆਂ ਹਨ ਜਿਹਨਾਂ ਵਿੱਚੋਂ 3 ਸਕਾਟਲੈਂਡ ਵਿੱਚ ਅਤੇ ਇੱਕ ਮੌਤ ਵੇਲਜ਼ ਵਿੱਚ ਹੋਈ ਸੀ। ਹਾਲ ਦੀ ਘੜੀ ਚਾਰ ਚੁਫੇਰੇ ਸੁੰਨ ਪਸਰੀ ਹੋਈ ਹੈ। ਗਲੀਆਂ ਬਾਜ਼ਾਰ, ਮਹਾਂਮਾਰਗ ਖਾਲੀ ਖਾਲੀ ਦਿਸ ਰਹੇ ਹਨ। ਸਕਾਟਲੈਂਡ ਦੇ ਸਕੂਲ ਕੁਝ ਦਿਨਾਂ ‘ਚ ਮੁਕੰਮਲ ਤੌਰ ‘ਤੇ ਬੰਦ ਹੋਣ ਦੀ ਸੰਭਾਵਨਾ ਹੈ ਜਦਕਿ ਸਿਨੇਵਰਲਡ, ਓਡੀਅਨ ਸਿਨੇਮੇ ਆਦਿ ਬੰਦ ਹੋ ਚੁੱਕੇ ਹਨ। ਗਲਾਸਗੋ ਦੀਆਂ ਲਾਇਬਰੇਰੀਆਂ, ਮਿਊਜ਼ੀਅਮ, ਕਲੱਬ, ਜਿਮ ਆਦਿ ਬੰਦ ਕੀਤੇ ਜਾ ਚੁੱਕੇ ਹਨ ਤੇ 24 ਘੰਟੇ ਖੁੱਲ੍ਹਣ ਵਾਲੇ ਆਸਡਾ ਤੇ ਟੈਸਕੋ ਸੁਪਰਸਟੋਰਾਂ ਨੇ ਆਪਣਾ ਸਮਾਂ ਨਿਯਮਤ ਕਰ ਦਿੱਤਾ ਹੈ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਜਰੂਰੀ ਸੇਵਾਵਾਂ ਤੇ ਕੈਂਸਰ ਦੇ ਇਲਾਜ਼ ਪਹਿਲਾਂ ਵਾਂਗ ਹੀ ਚਲਦੇ ਰਹਿਣਗੇ ਜਦਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਿੱਚ 3000 ਦਾ ਵਾਧਾ ਕੀਤਾ ਗਿਆ ਹੈ।
2020-03-18