ਇੰਗਲੈਂਡ ਦੀ ਮਹਾਰਾਣੀ ਕੋਰੋਨਾ ਦੇ ਡਰੋਂ ਬਕਿੰਘਮ ਪੈਲੇਸ ਤੋਂ ਵਿੰਡਸਰ ਤਬਦੀਲ

ਗਲਾਸਗੋ/ਸਕਾਟਲੈਂਡ (ਮਨਦੀਪ ਖੁਰਮੀ ਹਿੰਮਤਪੁਰਾ)

ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ ਤੇ ਇਸਦਾ ਸਹਿਮ ਸ਼ਾਹੀ ਪਰਿਵਾਰ ਦੇ ਵਿਹੜੇ ਵਿੱਚ ਵੀ ਦਿਖਾਈ ਦੇ ਰਿਹਾ ਹੈ। ਮਹਾਰਾਣੀ ਐਲਿਜਾਬੈੱਥ 2 ਨੂੰ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਬਕਿੰਘਮ ਪੈਲੇਸ ਦੀ ਬਜਾਏ ਵਿੰਡਸਰ ਕਾਸਲ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜੇਕਰ ਹਾਲਾਤ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ ਤਾਂ 93 ਸਾਲਾ ਮਹਾਰਾਣੀ ਅਤੇ 98 ਸਾਲਾ ਪ੍ਰਿੰਸ ਫਿਲਿਪ ਨੂੰ ਸੈਂਡਰਿੰਘਮ ਲਿਜਾਇਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਬੀਤੇ ਦਿਨੀਂ ਬਹੁਤ ਸਾਰੇ ਲੋਕਾਂ ਵਿੱਚ ਵਿਚਰਦੀ ਰਹੀ ਹੈ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਣ ਦੇ ਡਰੋਂ ਹੀ ਉਹਨਾਂ ਦੀ ਰਹਿਣ ਜਗ੍ਹਾ ਤਬਦੀਲ ਕੀਤੀ ਗਈ ਹੈ ਅਤੇ ਉਹਨਾਂ ਦਾ 94ਵਾਂ ਜਨਮ ਦਿਨ ਵੀ ਕੁਝ ਕੁ ਹਫਤੇ ਦੂਰ ਹੈ। ਇਸਦੇ ਨਾਲ ਹੀ ਮਹਾਰਾਣੀ ਨੂੰ ਉਹਨਾਂ ਦੀਆਂ ਮਈ ਜੂਨ ਮਹੀਨੇ ਦੀਆਂ ਸਾਲਾਨਾ ਗਾਰਡਨ ਪਾਰਟੀਆਂ ਵੀ ਰੱਦ ਕਰਨ ਲਈ ਕਿਹਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਹੋਈਆਂ ਮੌਤਾਂ ਵਿੱਚ ਉਮਰ ਵਰਗ 60 ਸਾਲ ਤੋਂ ਵਧੇਰੇ ਨੋਟ ਕੀਤਾ ਗਿਆ ਹੋਣ ਕਰਕੇ ਆਉਣ ਵਾਲੇ ਦਿਨਾਂ ‘ਚ 70 ਸਾਲ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਰਹਿਣ ਦਾ ਹੁਕਮ ਹੋ ਸਕਦਾ ਹੈ।

Share This :

Leave a Reply