ਅਮਰੀਕਾ ਚ 1680 ਹੋਰ ਮੌਤਾਂ, ਕੁਲ ਗਿਣਤੀ 88507 ਹੋਈ
ਮਾਸਕ ਬਣੇ ਸਰੀਰ ਦਾ ਹਿੱਸਾ
ਵਾਸ਼ਿੰਗਟਨ 16 ਮਈ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਆਪਰੇਸ਼ਨ ਰੈਪ ਸਪੀਡ’ ਦਾ ਐਲਾਨ ਕੀਤਾ ਹੈ ਜਿਸ ਤਹਿਤ ਕੋਰੋਨਾਵਾਇਰਸ ਵੈਕਸੀਨ ਦੀ ਖੋਜ਼ ਲਈ ਯਤਨ ਤੇਜ ਕੀਤੇ ਜਾਣਗੇ। ਉਨਾਂ ਕਿਹਾ ਕਿ ਜਨਵਰੀ ਆਉਣ ਤੱਕ ਸਾਡੇ ਕੋਲ ਕੋਰੋਨਾਵਾਇਰਸ ਵੈਕਸੀਨ ਹੋ ਸਕਦੀ ਹੈ। ਵਾਈਟ ਹਾਊਸ ਰੋਜ ਗਾਰਡਨ ਵਿਖੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ‘ ਆਪਰੇਸ਼ਨ ਰੈਪ ਸਪੀਡ’ ਦਾ ਅਰਥ ਹੈ ਵੱਡੇ ਪੱਧਰ ‘ਤੇ ਤੇਜੀ ਨਾਲ ਯਤਨ। ਇਕ ਵਿਆਪਕ ਵਿਗਿਆਨਕ, ਸਨਅਤੀ ਤੇ ਤਰਕਸੰਗਤ ਕੋਸ਼ਿਸ਼ ਜੋ ਕਿ ਮੈਨਹਟਨ ਪ੍ਰਾਜੈਕਟ ਤੋਂ ਬਾਅਦ ਲੋਕਾਂ ਨੇ ਦੇਖੀ ਨਹੀਂ ਹੈ। ਉਨਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਜੇਕਰ ਅਸੀਂ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਵੈਕਸੀਨ ਤਿਆਰ ਕਰ ਲਈਏ। ਮੇਰਾ ਵਿਚਾਰ ਹੈ ਕਿ ਬਹੁਤ ਛੇਤੀ ਸਾਨੂੰ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।
1680 ਹੋਰ ਮੌਤਾਂ-
ਪਿਛਲੇ 24 ਘੰਟਿਆਂ ਦੌਰਾਨ 1680 ਹੋਰ ਮੌਤਾਂ ਹੋਣ ਨਾਲ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 88507 ਹੋ ਗਈ ਹੈ। ਨਵੇਂ ਮਰੀਜ ਆਉਣ ਦੀ ਰਫਤਾਰ ਪਹਿਲਾਂ ਵਾਂਗ ਜਾਰੀ ਹੈ ਤੇ 26692 ਨਵੇਂ ਮਰੀਜ ਹਸਪਤਾਲਾਂ ਵਿਚ ਦਾਖਲ ਕੀਤੇ ਗਏ ਹਨ। ਮਰੀਜ਼ਾਂ ਦੀ ਕੁਲ ਗਿਣਤੀ 14,84,285 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 8215 ਮਰੀਜ ਠੀਕ ਹੋਏ ਹਨ। ਹੁਣ ਤੱਕ 3,26,242 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਜੇ. ਸੀ.ਪੈਨੀ ਹੋਈ ਦਿਵਾਲੀਆ-
ਲੰਬੇ ਸਮੇਂ ਤੋਂ ਘਟ ਰਹੀ ਵਿਕਰੀ ਤੇ ਉਪਰੋਂ ਪਈ ਕੋਰੋਨਾਵਾਇਰਸ ਦੀ ਮਾਰ ਕਾਰਨ ਵੱਡੀ ਕਾਰੋਬਾਰੀ ਕੰਪਨ ਜੇ.ਸੀ ਪੈਨੀ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿਤਾ ਹੈ ਤੇ ਉਸ ਦੀ ਸੰਕਟ ਵਿਚੋਂ ਨਿਕਲਣ ਲਈ ਆਪਣੇ ਕਈ ਸਟੋਰ ਪੱਕੇ ਤੌਰ ‘ਤੇ ਬੰਦ ਕਰਨ ਦੀ ਯੋਜਨਾ ਹੈ। ਰੀਅਲ ਇਸਟੇਟ ਦੇ ਅੰਕੜਾ ਸੂਤਰ ‘ਕੋਸਟਾਰ ਪੋਰਟਫੋਲੀਓ ਸਟਰੈਟਜ਼ੀ’ ਅਨੁਸਾਰ 2019 ਦੇ ਅੰਤ ‘ਤੇ ਜੇ. ਸੀ ਪੈਨੀ ਦੇ ਪ੍ਰਚੂਨ ਦੇ 845 ਸਟੋਰ ਸਨ। ਕੰਪਨੀ ਨੇ ਕਿਹਾ ਹੈ ਲੱਗਦਾ ਹੈ ਕਿ ਕੁਝ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ। ਪਿਛਲੇ ਸਾਲਾਂ ਦੌਰਾਨ ਕੰਪਨੀ ਨੂੰ 4.45 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਤੇ ਹੁਣ ਰਹਿੰਦੀ ਖੂੰਹਦੀ ਕਸਰ ਕੋਰੋਨਾਵਾਇਰਸ ਨੇ ਕੱਢ ਦਿੱਤੀ ਹੈ।
ਮਾਸਕ ਸਰੀਰ ਦਾ ਹਿੱਸਾ ਬਣੇ-
ਬਹੁਤ ਸਾਰੇ ਅਮਰੀਕੀਆਂ ਲਈ ਮਾਸਕ ਉਨਾਂ ਦੇ ਸਰੀਰ ਦਾ ਹਿੱਸਾ ਬਣ ਗਿਆ ਹੈ ਹਾਲਾਂ ਕਿ ਕੁਝ ਰਾਜਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਮਾਸਕ ਉਸ ਸਮੇਂ ਹੀ ਪਹਿਨਿਆ ਜਾਵੇ ਜਦੋਂ ਉਨਾਂ ਲਈ ਸਮਾਜਿਕ ਦੂਰੀ ਬਣਾਕੇ ਰਖਣੀ ਮੁਸ਼ਕਿਲ ਹੋਵੇ। ਇਕੱਲੇ ਦੁਕੱਲੇ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ। ਕੰਪਨੀਆਂ ਵੱਖ ਵੱਖ ਡਿਜ਼ਾਈਨਾਂ ਵਾਲੇ ਮਾਸਕ ਤਿਆਰ ਕਰਨ ਵਿਚ ਲੱਗੀਆਂ ਹੋਈਆਂ ਹਨ। ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਲਈ ਘਰਾਂ ਵਿਚ ਹੀ ਮਾਸਕ ਬਣਾ ਰਹੇ ਹਨ ਤੇ ਕੁਝ ਕੰਪਨੀਆਂ ਵੀ ਲੋਕਾਂ ਨੂੰ ਮੁਫ਼ਤ ਮਾਸਕ ਦੇ ਰਹੀਆਂ ਹਨ। ਡਿਜ਼ਨੀ ਨੇ 10 ਲੱਖ ਮਾਸਕ ਲੋੜਵੰਦ ਪਰਿਵਾਰਾਂ ਤੇ ਬੱਚਿਆਂ ਨੂੰ ਵੰਡੇ ਹਨ।