ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ )ਜ਼ਿਲਾ ਮੈਜਿਸਟਰੇਟ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲੇ ਵਿੱਚ ਕੁਝ ਥਾਈਂ ਇਕਾਂਤਵਾਸ ਵਿੱਚ ਰਹਿਣ ਲਈ ਲਾਜ਼ਮੀ ਕਰਾਰ ਦਿੱਤੇ ਗਏ ਵਸਨੀਕਾਂ ਦੁਆਰਾ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲਾ ਮੈਜਿਸਟਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਨੇ 3 ਵਿਅਕਤੀਆਂ ਖਿਲਾਫ਼ ਪੁਲਿਸ ਕੇਸ ਦਰਜ ਕੀਤਾ ਹੈ।
ਸ਼੍ਰੀ ਥੋਰੀ ਨੇ ਕਿਹਾ ਕਿ ਇਸ ਕਿਸਮ ਦੀਆਂ ਹਦਾਇਤਾਂ ਦੀ ਉਲੰਘਣਾ ਬੇਹੱਦ ਗੰਭੀਰ ਮਸਲਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ ਕਿਉਂ ਜੋ ਇਕਾਂਤਵਾਸ ਵਿੱਚ ਰਹਿਣਾ ਇਸ ਲਈ ਲਾਜ਼ਮੀ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਣ ਤੋਂ ਰੋਕਿਆ ਜਾ ਸਕੇ।ਇਸ ਸਬੰਧ ਵਿੱਚ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਸਟੇਸ਼ਨ ਅਮਰਗੜ ਵਿਖੇ ਐਫ.ਆਈ.ਆਰ ਨੰਬਰ 83 ਤਹਿਤ ਗੁਰਪ੍ਰੀਤ ਸਿੰਘ ਵਾਸੀ ਬਨਭੌਰਾ, ਜੋ ਕਿ ਹਰਿਆਣਾ ਤੋਂ ਪਰਤਿਆ ਕੰਬਾਇਨ ਅਪਰੇਟਰ ਹੈ, ਖਿਲਾਫ਼ ਇਕਾਂਤਵਾਸ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਸਦਰ ਅਹਿਮਦਗੜ ਵਿਖੇ ਐਫ.ਆਈ.ਆਰ 79 ਹਰਭਜਨ ਸਿੰਘ ਵਾਸੀ ਖਾਨਪੁਰ ਵਿਰੁਧ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਅਜੀਮਾਬਾਦ ਸੰਘੀਆਂ ਦੇ ਵਸਨੀਕ ਹਰਪ੍ਰੀਤ ਸਿੰਘ ਜੋ ਕਿ ਕੰਬਾਇਨ ਅਪਰੇਟਰ ਹੈ, ਖਿਲਾਫ਼ ਥਾਣਾ ਸਦਰ ਅਹਿਮਦਗੜ ਵਿਖੇ ਦਰਜ ਕੀਤਾ ਗਿਆ ਹੈ।