ਰੈਡ ਕਰਾਸ ਦੀ ਸਹਾਇਤਾ ਨਾਲ ਕਰਮਚਾਰੀਆਂ ਨੂੰ ਦਿੱਤੀਆਂ ਗਈਆਂ ਪੀ ਪੀ ਈ ਕਿੱਟਾਂ
ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ )ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਆਏ ਵਿਅਕਤੀ ਜਾਂ ਉਨਾਂ ਦੇ ਸਿੱਧੇ ਸੰਪਰਕ ਵਿਚ ਆਏ ਵਿਅਕਤੀਆਂ ਜਿੰਨਾ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਦੇ ਕੇ ਉਨਾਂ ਦੇ ਘਰਾਂ ਅੱਗੇ ਨੋਟਿਸ ਲਗਾ ਦਿੱਤੇ ਹਨ, ਦੇ ਘਰਾਂ ਵਿਚੋਂ ਕੂੜਾ ਚੁੱਕਣ ਲਈ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਵਿਸ਼ੇਸ਼ ਪ੍ਰਬੰਧ ਕਰ ਲਏ ਹਨ। ਇਸ ਬਾਬਤ ਜਾਣਕਾਰੀ ਦਿੰਦੇ ਕਮਿਸ਼ਨਰ ਕਾਰੋਪਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਅਜਿਹੇ 500 ਦੇ ਕਰੀਬ ਘਰਾਂ ਦਾ ਡੈਟਾ ਸਾਨੂੰ ਮਿਲਿਆ ਹੈ, ਜਿੰਨਾ ਵਿਚੋਂ ਕੂੜਾ ਚੁੱਕਣ ਲਈ ਸੁਰੱਖਿਆ ਦੇ ਅਧਾਰ ਉਤੇ ਆਮ ਵਰਕਰਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਉਨਾਂ ਦੱਸਿਆ ਕਿ ਅਸੀਂ ਸਿਹਤ ਮਾਹਿਰਾਂ ਨਾਲ ਵਿਚਾਰ ਕਰਕੇ ਰੈਡ ਕਰਾਸ ਤੋਂ ਪੀ ਪੀ ਈ ਕਿੱਟਾਂ, ਜੋ ਕਿ ਸਿਹਤ ਕਰਮਚਾਰੀ ਮਰੀਜ਼ਾਂ ਦੀ ਦੇਖਭਾਲ ਲਈ ਵਰਤਦੇ ਹਨ, ਦਾ ਪ੍ਰਬੰਧ ਇੰਨਾ ਕਰਮਚਾਰੀਆਂ ਲਈ ਕੀਤਾ ਗਿਆ। ਇਸ ਤੋਂ ਇਲਾਵਾ ਪੂਰੀ ਤਰਾਂ ਬੰਦ ਗੱਡੀ, ਜਿਸ ਵਿਚੋਂ ਕੂੜਾ ਕਿਧਰੇ ਹਵਾ ਵਿਚ ਨਾ ਖਿਲਰੇ ਦਾ ਇੰਤਜ਼ਾਮ ਕਰਵਾ ਕੇ ਇੰਨਾਂ ਘਰਾਂ ਤੋਂ ਅੱਜ ਕੂੜਾ ਚੁੱਕਣਾ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ ਫਿਲਹਾਲ 4 ਆਦਮੀਆਂ ਦੀਆਂ ਦੋ ਟੀਮਾਂ ਨੂੰ ਇਸ ਲਈ ਪੂਰੀ ਤਰਾਂ ਸਿਖਲਾਈ ਦੇ ਕੇ ਉਕਤ ਘਰਾਂ ਲਈ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਆਦਮੀਆਂ ਦੀ ਸੁਰੱਖਿਆ ਬਣੀ ਰਹੇਗੀ, ਉਥੇ ਇਨਾਂ ਲੋਕਾਂ ਦੇ ਗੁਆਂਢ ਵਿਚ ਰਹਿੰਦੇ ਲੋਕਾਂ ਨੂੰ ਇਹ ਸੰਦੇਸ਼ ਵੀ ਮਿਲਦਾ ਰਹੇਗਾ ਕਿ ਇਕਾਂਤਵਾਸ ਦੌਰਾਨ ਅਜਿਹੇ ਪਰਿਵਾਰਾਂ ਤੋਂ ਸਰੀਰਕ ਦੂਰੀ ਨੂੰ ਬਣਾਈ ਰੱਖਣਾ ਵੀ ਜਰੂਰੀ ਹੈ।