ਆਸਟ੍ਰੇਲੀਆ ‘ਚ ‘ਸਰਵ ਵਿਆਪੀ ਸਵੈ-ਇਕੱਲਤਾ’ ਦਾ ਐਲਾਨ

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਸਮੇਂ

ਬ੍ਰਿਸਬੇਨ (ਹਰਜੀਤ ਲਸਾੜਾ ) ਆਸਟ੍ਰੇਲੀਆ ਵਿੱਚ ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਬਾਅਦ ਦੁਪਹਿਰ ਸਕਾਰਾਤਮਕ ਪਹਿਲਕਦਮੀ ਕਰਦੇ ਹੋਏ ਦੇਸ਼ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਲਾਜ਼ਮੀ “ਸਰਵ ਵਿਆਪੀ ਸਵੈ-ਇਕੱਲਤਾ” ਦਾ ਐਲਾਨ ਕੀਤਾ ਹੈ। ਮਸਲਨ ਇਸ ਤਾਲਾਬੰਦੀ ਦੇ ਚੱਲਦਿਆਂ ਹੁਣ ਆਸਟ੍ਰੇਲੀਆ ‘ਚ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਨੂੰ 14 (ਚੌਦਾਂ) ਦਿਨਾਂ ਲਈ ਜ਼ਰੂਰੀ ਸਵੈ-ਇਕੱਲਤਾ ‘ਚ ਜਾਣਾ ਪਵੇਗਾ। ਉਹਨਾਂ ਹੋਰ ਕਿਹਾ ਕਿ ਬਾਹਰੀ ਬੰਦਰਗਾਹਾਂ ਤੋਂ ਆ ਰਹੇ ਜ਼ਹਾਜਾਂ ਅਤੇ ਬੇੜੀਆਂ ‘ਤੇ ਅਗਲੇ ਨਿਰਦੇਸ਼ਾਂ ਤੱਕ ਪੂਰਨ ਪਬੰਦੀ ਹੋਵੇਗੀ। ਡਿਪਟੀ ਚੀਫ ਮੈਡੀਕਲ ਅਫ਼ਸਰ ਡਾ. ਪੌਲ ਕੈਲੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਫਿਲਹਾਲ ਸਾਡੇ ਕੋਲ ਇਸ ਮਹਾਂਮਾਰੀ ਦੇ ਇਲਾਜ਼ ਦਾ ਟੀਕਾ ਨਹੀਂ ਹੈ। ਜਿਸਦੇ ਚੱਲਦਿਆਂ ਇਸ ਮਹਾਂਮਾਰੀ ’ਤੇ ਇਕਦਮ ਰੋਕ ਲਗਾਉਣਾ ਅਸੰਭਵ ਹੈ। ਪਰ, ਪੁੱਖਤਾ ਇਹਤਿਆਤ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾਂ ਅਨੁਸਾਰ 60 ਪ੍ਰਤੀਸ਼ਤ ਆਸਟ੍ਰੇਲੀਆਈ ਆਵਾਮ ਇਸ ਮਹਾਂਮਾਰੀ ਤੋਂ ਪੀੜਤ ਹੋ ਸਕਦੀ ਹੈ। ਜੋ ਕਿ ਸਾਡੀ ਕੁੱਲ ਆਬਾਦੀ ਦਾ 15 ਲੱਖ ਬਣਦਾ ਹੈ। ਜਿਸਦੇ ਚੱਲਦਿਆਂ ਪੰਜ ਪ੍ਰਤੀਸ਼ਤ (ਤਕਰੀਬਨ 75,000) ਲੋਕਾਂ ਨੂੰ ਸਖਤ ਦੇਖਭਾਲ ‘ਚ ਜਾਣਾ ਪੈ ਸਕਦਾ ਹੈ। ਜਦਕਿ ਇਹਨਾਂ ਲਈ ਸਿਰਫ਼ 2000 ਬਿਸਤਰਿਆਂ ਦਾ ਹੀ ਪ੍ਰਬੰਧ ਹੋ ਸਕੇਗਾ। 

ਉੱਧਰ ਸਿਹਤ ਮੰਤਰੀ ਕ੍ਰਿਸ ਬੋਵਨ ਦਾ ਕਹਿਣਾ ਹੈ ਕਿ ਇਸ ਮਹਾਂਮਾਰੀ ਦਾ ਡਰ ਸਿੱਖਿਆ ਸੰਸਥਾਵਾਂ ‘ਤੇ ਵੀ ਮੰਡਰਾ ਰਿਹਾ ਹੈ ਪਰ ਅਜੇ ਸਕੂਲਾਂ/ਕਾਲਜ਼ਾਂ ਆਦਿ ‘ਚ ਸੰਪੂਰਨ ਤਾਲਾਬੰਦੀ ਦੀ ਨੌਬਤ ਨਹੀਂ ਬਣੀ ਹੈ। ਕਬਾਇਲੀ (ਰਿਮੋਟ) ਇਲਾਕਿਆਂ ਅਤੇ ਇੰਨਡਿਜੀਨੈੱਸ ਆਬਾਦੀ ਲਈ ਪੁੱਖਤਾ ਇਹਤਿਆਤੀ ਪਹਿਲਕਦਮੀ ਸਮੇਂ ਦੀ ਮੰਗ ਹੈ। ਉੱਧਰ ਚੀਫ਼ ਮੈਡੀਕਲ ਪ੍ਰੋਫੈਸਰ ਬ੍ਰੇਨਡੰਨ ਮਰਫੀ ਦਾ ਕਹਿਣਾ ਹੈ ਕਿ ਚਾਹੇ ਅਜੇ ਜੋਖਮ ਘੱਟ ਹੈ ਪਰ ਸਾਨੂੰ ਆਪਣੇ ਡਾਕਟਰਾਂ ਅਤੇ ਨਰਸਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਜੋ ਇਸ ਮਹਾਂਮਾਰੀ ‘ਚ ਜੋਖਮ ਉਠਾ ਮਨੁੱਖਤਾ ਲਈ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਰਾਸ਼ਟਰੀ ਮੀਡੀਆ ਨੂੰ ਸੰਬੋਧਨ ‘ਚ ਸਿਆਸੀ ਸੰਪਾਦਕ ਕ੍ਰਿਸ ਉੱਚਮਨ ਨੇ ਜ਼ੋਰ ਦੇਕੇ ਕਿਹਾ ਕਿ ਆਸਟ੍ਰੇਲੀਆ ਨੂੰ ਇਸ ਸਮੇਂ ਤਾਲਾਬੰਦੀ ਦੀ ਜ਼ਰੂਰਤ ਹੈ ਅਤੇ ਇਹੀ ਮਜ਼ੂਦਾ ਸਮੇਂ ਦੀ ਮੰਗ ਵੀ ਹੈ।

ਦੱਸਦੇ ਚਲੀਏ ਕਿ ਐਤਵਾਰ ਦੇ ਤਾਲਾਬੰਦੀ ਨਿਰਦੇਸ਼ਾਂ ਤੋਂ ਬਾਅਦ ਆਸਟ੍ਰੇਲੀਆ ਦੇ ਸਮੂਹ ਅੰਤਰਰਾਸ਼ਟਰੀ ਹਵਾਈ ਅੱਡੇ ਸੁੰਨੇ ਪੈ ਗਏ ਹਨ। ਜੋ ਲੋਕ ਇਸ ਵੇਲ਼ੇ ਹਵਾ ‘ਚ ਯਾਤਰਾ ਦੌਰਾਨ ਹਨ ਉਹਨਾਂ ਨੂੰ ਇੱਥੇ ਉੱਤਰਿਆਂ ਹੀ 14 ਦਿਨਾਂ ਲਈ ‘ਸਵੈ-ਇਕੱਲਤਾ’ ‘ਚ ਲਾਜ਼ਮੀ ਜਾਣਾ ਪਵੇਗਾ। 

Share This :

Leave a Reply