ਆਨ ਲਾਈਨ ਰਜਿਸਟ੍ਰੇਸ਼ਨ ਦੀ ਅਧੂਰੀ ਜਾਣਕਾਰੀ ਪ੍ਰਵਾਸੀਆਂ ਲਈ ਬਣ ਰਹੀ ਅੜਚਨ
ਖੰਨਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਦੇਸ਼ ਭਰ ਵਿਚ ਲਾਕਡਾਉੂਨ (ਕਰਫਿਊ) ਨੂੰ ਲੱਗਿਆ 49 ਦਿਨ ਤੋਂ ਵੱਧ ਗੁਜ਼ਰ ਚੁੱਕੇ ਹਨ, ਇਸ ਦੌਰਾਨ ਜਿੱਥੇ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਕੇ ਰਹਿ ਗਈਆਂ ਹਨ, ਉਥੇ ਹੀ ਆਰਥਿਕ ਮੰਦਹਾਲੀ ਦਾ ਭਾਰ ਝੱਲ ਰਹੇ ਪ੍ਰਵਾਸੀ ਮਜ਼ਦੂਰ ਪ੍ਰਸ਼ਾਸ਼ਨਿਕ ਬੇਰੁਖੀ ਦਾ ਸ਼ਿਕਾਰ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਹਾਰ ਚੁੱਕੇ ਹਨ। ਪ੍ਰੇਸ਼ਾਨੀ ਦੇ ਆਲਮ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਕੋਈ ਵੀ ਬਾਂਹ ਫੜਣ ਲਈ ਤਿਆਰ ਨਹੀਂ ਹੈ।
ਭਾਰਤ ਸਰਕਾਰ ਦੀਆਂ ਹਿਦਾਇਤਾਂ ‘ਤੇ ਪੰਜਾਬ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਸੂਬਿਆਂ ਵਿਚ ਜਾਣਾ ਚਾਹੁੰੰਦੇ ਹਨ, ਰੇਲ ਗੱਡੀਆਂ ਤੇ ਟਰਾਂਸਪੋਟੇਸ਼ਨ ਬੰਦ ਹੋਣ ਕਰਕੇ ਉਨਾਂ ਨੂੰ ਭੇਜਣ ਲਈ ਪ੍ਰਸ਼ਾਸ਼ਨ ‘ਤੇ ਟੇਕ ਲਗਾਈ ਬੈਠੇ ਹਨ, ਪ੍ਰੰਤੂ ਉਨਾਂ ਦੀ ਸਾਰ ਕਿਸੇ ਵੱਲੋਂ ਵੀ ਨਹੀਂ ਲਈ ਜਾ ਰਹੀ। ਅੱਜ ਸਵੇਰੇ ਸਿਵਲ ਹਸਪਤਾਲ ਖੰਨਾ ਵਿਖੇ ਮੈਡੀਕਲ ਜਾਂਚ ਕਰਵਾਉਣ ਲਈ 500-600 ਦੇ ਕਰੀਬ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਪੁੱਜੇ ਤਾਂ ਸਿਹਤ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਨ੍ਹਾਂ ਨੇ ਸਾਰੇ ਪ੍ਰਵਾਸੀਆਂ ਨੂੰ ਖੰਨਾ ਦੇ ਐਸ. ਡੀ. ਐਮ. ਜਾਂ ਐਸ. ਐਸ. ਪੀ. ਦਫ਼ਤਰ ਜਾਣ ਲਈ ਕਿਹਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਪ੍ਰਵਾਸੀ ਖੰਨਾ ਦੇ ਐਸ. ਡੀ. ਐਮ. ਦਫ਼ਤਰ ਦੇ ਬਾਹਰ ਆ ਬੈਠੇ ਜਿਨ੍ਹਾਂ ਨੇ ਪ੍ਰਸ਼ਾਸ਼ਨ ਅਧਿਕਾਰੀਆਂ ਤੋਂ ਉਨਾਂ ਨੂੰ ਆਪਣੇ ਸੂਬਿਆਂ ‘ਚ ਭੇਜਣ ਦੀ ਮੰਗ ਕੀਤੀ।