ਆਪਣੇ ਆਲੇ ਦੁਆਲੇ ਲੋੜਵੰਦਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ

ਹਰ ਮਨੁੱਖ ਸਦਾ ਹੀ ਤੰਦਰੁਸਤ ਰਹਿਣਾ ਚਾਹੁੰਦਾ ਹੈ। ਲੇਕਿਨ ਇਹ ਸੰਭਵ ਨਹੀਂ ਹੈ। ਹਰ ਮਨੁੱਖ ਹੀ ਅਨੇਕ ਵਾਰ ਬੀਮਾਰ ਹੁੰਦਾ ਹੈ। ਬੀਮਾਰੀਆਂ ਬਹੁਤ ਤਰਾਂ ਦੀਆਂ ਹੁੰਦੀਆਂ ਹਨ। ਅਤੇ ਹਰ ਬੀਮਾਰੀ ਦੇ ਬਹੁਤ ਕਾਰਨ ਹੋ ਸਕਦੇ ਹੁੰਦੇ ਹਨ।

    ਛੋਟੀਆਂ ਮੋਟੀਆਂ ਬਹੁਤ ਬੀਮਾਰੀਆਂ ਤਾਂ ਅਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਜਦੋਂ ਕਿ ਕਾਫ਼ੀ ਬੀਮਾਰੀਆਂ ਲਈ ਕਾਫ਼ੀ ਸਮੇਂ ਤੱਕ ਦਵਾਈ ਖਾਣੀ ਪੈ ਸਕਦੀ ਹੁੰਦੀ ਹੈ। ਲੇਕਿਨ ਅਨੇਕਾਂ ਬਿਮਾਰੀਆਂ ਛੋਟੇ ਮੋਟੇ ਘਰੇਲੂ ਨੁਸਖਿਆਂ ਨਾਲ ਵੀ ਠੀਕ ਹੋ ਜਾਂਦੀਆਂ ਹਨ।  

       ਪੁਰਾਣੇ ਸਮਿਆਂ ਵਿੱਚ ਮਨੁੱਖ ਨੇ ਅਪਣੀ ਰੋਜ਼ਾਨਾ ਦੀ ਖੁਰਾਕ ਹੀ ਇਸਤਰਾਂ ਦੀ ਚੁਣੀ ਹੋਈ ਸੀ ਜੋ ਉਸ ਨੂੰ ਬੀਮਾਰੀਆਂ ਤੋਂ ਬਚਾਉਂਦੀ ਸੀ। ਯਾਨਿ ਕਿ ਰੋਜ਼ਾਨਾ ਦੀ ਖੁਰਾਕ ਵਿਚ ਹਰ ਰੁੱਤ ਅਤੇ ਇਲਾਕੇ ਮੁਤਾਬਕ ਖਾਣੇ ਵਿੱਚ ਇਕ ਦੋ ਚੀਜ਼ਾਂ ਨੁਸਖੇ ਵਜੋਂ ਹੀ ਪਾਈਆਂ ਜਾਂਦੀਆਂ ਸੀ। ਕੁੱਝ ਦੀ ਚਟਣੀ ਬਣਾਕੇ ਤੇ ਕੁੱਝ ਦਾ ਅਚਾਰ ਜਾਂ ਚੂਰਨ ਬਣਾਕੇ ਖਾਧਾ ਜਾਂਦਾ ਸੀ। ਇਉਂ ਉਹਨਾਂ ਨੂੰ ਬਹੁਤ ਬੀਮਾਰੀਆਂ ਹੁੰਦੀਆਂ ਹੀ ਨਹੀਂ ਸੀ। ਖਾਣੇ ਵਿੱਚ ਅਧਰਕ, ਲਸਣ, ਹਲਦੀ, ਕੜੀ ਪੱਤਾ, ਤੇਜ ਪੱਤਾ, ਜਾਇਫਲ, ਜਵਿੱਤਰੀ, ਹਿੰਗ, ਅਜਵੈਣ, ਵੱਡੀ ਇਲਾਇਚੀ, ਕਲੌਂਜੀ, ਮੇਥੇ, ਤਿਲ, ਜੀਰਾ, ਕਾਲੀ ਮਿਰਚ, ਹਰੀ ਮਿਰਚ, ਪੀਲੀ ਸਰੋਂ ਆਦਿ ਦੀ ਵਰਤੋਂ ਵੀ ਅਨੇਕਾਂ ਰੋਗਾਂ ਤੋਂ ਬਚਾਉਣ ਲਈ ਹੀ ਸ਼ੁਰੂ ਕੀਤੀ ਗਈ ਸੀ। ਖਾਣ ਪੀਣ ਦੇ ਸ਼ੌਕੀਨਾਂ ਨੇ ਇਹਨਾਂ ਦਵਾਈਆਂ ਦਾ ਨਾਂ ਮਸਾਲੇ ਰੱਖਕੇ ਇਹਨਾਂ ਦਾ ਅਹੁਦਾ ਘਟਾਕੇ ਸਤਿਕਾਰ ਹੀ ਘਟਾਅ ਦਿੱਤਾ। ਤਦ ਤੋਂ ਲੋਕਾਂ ਨੇ ਇਹਨਾਂ ਨੂੰ ਹੋਰ ਵੀ ਭੁੰਨ ਸਾੜ ਕੇ ਖਾਣੇ ਦਾ ਸੁਆਦ ਵਧਾਉਣ ਤੇ ਖਾਣੇ ਦੀ ਲੁੱਕ ਸੋਹਣੀ ਬਣਾਉਣ ਲਈ ਖਾਣਾ ਸ਼ੁਰੂ ਕਰ ਦਿੱਤਾ। ਹਾਲਾਂ ਕਿ ਲੋਕ ਇਹਨਾਂ ਚੀਜ਼ਾਂ ਨੂੰ ਰੋਜ਼ਾਨਾ ਵਰਤ ਰਹੇ ਹਨ। ਪ੍ਰੰਤੂ ਇਹਨਾਂ ਦੇ ਖਾਣ ਦਾ ਤਰੀਕਾ ਗਲਤ ਹੋਣ ਕਾਰਨ ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਵੈਸੇ ਤਾਂ ਖਾਣ ਪੀਣ ਅਤੇ ਰਹਿਣ ਸਹਿਣ ਸਹੀ ਹੋਣ ਕਾਰਨ ਕੋਈ ਵੀ ਛੇਤੀ ਕੀਤਿਆਂ ਬੀਮਾਰ ਨਹੀਂ ਹੁੰਦਾ ਸੀ। ਪ੍ਰੰਤੂ ਜੇ ਕੋਈ ਹੋ ਵੀ ਜਾਂਦਾ ਸੀ ਤਾਂ ਉਸਦਾ ਘਰੇਲੂ ਨੁਸਖਿਆਂ ਨਾਲ ਹੀ ਇਲਾਜ ਕਰ ਲਿਆ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਘਰਦੇ ਬਜ਼ੁਰਗ ਹੀ ਫੈਮਿਲੀ ਡਾਕਟਰ ਹੁੰਦੇ ਸੀ। ਅਕਸਰ ਹੀ ਹਰ ਪਿੰਡ ਵਿੱਚ ਕੋਈ ਨਾ ਕੋਈ ਕਿਸੇ ਇੱਕ ਦੋ ਬੀਮਾਰੀਆਂ ਦਾ ਮੁਫਤ ਚ ਇਲਾਜ ਕਰਨ ਵਾਲਾ ਹੁੰਦਾ ਸੀ। ਅਜਿਹੇ ਬੰਦਿਆਂ ਦੀ ਦੂਰ ਦੂਰ ਤੱਕ ਮਸ਼ਹੂਰੀ ਹੁੰਦੀ ਸੀ। ਅਸੀਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਅਜਿਹੇ ਵੱਖ ਵੱਖ 92 ਮਾਹਿਰ ਬਜ਼ੁਰਗਾਂ ਨੂੰ ਪਿਛਲੇ ਵੀਹ ਸਾਲ ਚ ਮਿਲਦੇ ਰਹੇ ਹਾਂ। ਉਹਨਾਂ ਤੋਂ ਅਨੇਕਾਂ ਬਹੁਤ ਹੀ ਅਚੂਕ ਦੇਸੀ ਨੁਸਖੇ ਅਸੀਂ ਪੁੱਛਕੇ ਲਿਖ ਲਏ ਸੀ। ਇਹਨਾਂ ਸਭ ਨੁਸਖਿਆਂ ਚ ਆਮ ਮਿਲ ਸਕਣ ਵਾਲੀਆਂ ਹੀ ਚੀਜ਼ਾਂ ਹਨ। ਜਿਵੇਂ ਕਿ ਵੱਖ ਵੱਖ ਫਲਦਾਰ ਬੂਟਿਆਂ, ਛਾਂ ਦਾਰ ਬੂਟਿਆਂ, ਸਬਜ਼ੀਆਂ, ਵੇਲਾਂ, ਫਲਾਂ, ਫੁੱਲਾਂ, ਪੱਤਿਆਂ, ਸੱਕ, ਜੜਾਂ ਆਦਿ ਦੀ ਹੀ ਢੰਗ ਸਿਰ ਵਰਤੋਂ ਕਰਨ ਨਾਲ ਹੀ ਬਹੁਤ ਰੋਗਾਂ ਚ ਲਾਭ ਹੋ ਜਾਂਦਾ ਹੈ। ਇਹ ਨੁਸਖੇ ਅਸੀਂ ਅਪਣੇ ਪਰਿਵਾਰ ਤੇ ਪਿਛਲੇ 18 ਸਾਲਾਂ ਤੋਂ ਕਰ ਰਹੇ ਹਾਂ।

          ਹੁਣ ਪਿਛਲੇ ਕੁੱਝ ਦਿਨਾਂ ਤੋਂ ਅਸੀਂ ਵੀ ਘਰ ਵਿੱਚ ਬੰਦ ਹੋਣ ਕਾਰਨ ਪੁਰਾਣੀਆਂ ਕਿਤਾਬਾਂ ਦੀ ਫਰੋਲਾ ਫਰਾਲੀ ਕਰਕੇ ਪੜਦੇ ਰਹਿੰਦੇ ਹਾਂ। ਅੱਜ  ਸਾਨੂੰ ਸਾਡੀਆਂ ਪੁਰਾਣੀਆਂ ਡਾਇਰੀਆਂ ਲੱਭ ਗਈਆਂ। ਇਹਨਾਂ ਚ ਵੱਖ ਵੱਖ ਥਾਈਂ ਲਿਖੇ ਵੱਖ ਵੱਖ ਨੁਸਖੇ ਵੀ ਮਿਲ ਗਏ। ਤਦ ਸਾਡੇ ਦਿਮਾਗ ਚ ਇੱਕ ਵਿਚਾਰ ਆਇਆ ਕਿ ਕਿਉਂ ਨਾਂ, ਇਹਨਾ ਨੁਸਖਿਆਂ ਦੀ ਇੱਕ ਕਿਤਾਬ ਹੀ ਲਿਖ ਦੇਈਏ। ਕਿਤਾਬ ਦੇ ਨਾਲ ਨਾਲ ਪੋਸਟਾਂ ਵੀ ਰੋਜ਼ਾਨਾ ਇਹਨਾਂ ਨੁਸਖਿਆਂ ਦੀਆਂ ਲਿਖਣੀਆਂ ਚਾਹੀਦੀਆਂ ਹਨ। ਤਾਂ ਕਿ ਘਰਾਂ ਚ ਬੰਦ ਲੋਕ ਇਹਨਾਂ ਦਾ ਫਾਇਦਾ ਲੈ ਸਕਣ ਤੇ ਅਸੀਂ ਵਿਹਲ ਦਾ ਸਦ ਉਪਯੋਗ ਕਰ ਸਕੀਏ।

     ਅੱਜ ਬਾਅਦ ਦੁਪਹਿਰ ਬੱਚਿਆਂ ਨਾਲ ਦੁੱਧ ਪੀਣ ਲੱਗਿਆਂ ਅਸੀਂ ਉਹਨਾਂ ਨਾਲ ਇਸ ਵਿਸ਼ੇ ਤੇ ਰਾਇ ਕੀਤੀ। ਬੱਚਿਆਂ ਨੇ ਵੀ ਸਾਨੂੰ ਅਜੇਹੀ ਕਿਤਾਬ ਜਲਦੀ ਲਿਖਣ ਅਤੇ ਵਧੇਰੇ ਪੋਸਟਾਂ ਇਹਨਾਂ ਨੁਸਖਿਆਂ ਦੀਆਂ ਲਿਖਣ ਲਈ ਕਿਹਾ। ਦੋਨਾਂ ਨੇ ਹੀ ਸਾਨੂੰ ਘਰਦੇ ਕੰਮ ਚ ਜ਼ਿਆਦਾ ਮਦਦ ਕਰਨ ਦਾ ਵਿਸ਼ਵਾਸ ਦੁਆਇਆ। ਬੇਟੀ ਨੇ ਕਿਹਾ ਕਿ ਉਹ ਦੋ ਟਾਈਮ ਖਾਣਾ ਤਿਆਰ ਕਰੇਗੀ ਤੇ ਬੇਟੇ ਨੇ ਕਿਹਾ ਕਿ ਉਹ ਸਲਾਦ ਵਗੈਰਾ ਕੱਟਣ ਦੀ ਡਿਊਟੀ ਦੇਵੇਗਾ ਤੇ ਘਰ ਚ ਚੀਜ਼ਾਂ ਢੰਗ ਸਿਰ ਰੱਖਣ, ਕੱਪੜੇ ਧੋਣ ਤੇ ਸੁੱਕਣੇ ਪਾਉਣ ਜਾਂ ਤਾਰ ਤੋਂ ਕੱਪੜੇ ਉਤਾਰਨ ਆਦਿ ਚ ਮਦਦ ਕਰੇਗਾ। ਸੋ ਅਸੀਂ ਅੱਜ ਤੋਂ ਹੀ “ਦੇਸੀ ਨੁਸਖਿਆਂ ਦੀ ਕਿਤਾਬ”  ਲਿਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਰੋਜ਼ਾਨਾ ਦੋ ਤਿੰਨ ਵੱਖ ਵੱਖ ਅਚੂਕ ਨੁਸਖਿਆਂ ਦੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਹਨ।  ਸੋ ਕਿਰਪਾ ਕਰਕੇ ਆਪਣੇ ਆਲੇ ਦੁਆਲੇ ਲੋੜਵੰਦਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ। ਜੋ ਵੀ ਤੁਹਾਡੇ ਕੋਲ ਖਾਣ ਪੀਣ ਦਾ ਜਾਂ ਨਿੱਤ ਵਰਤੋਂ ਦਾ ਕੁੱਝ ਵੀ ਫਾਲਤੂ ਸਾਮਾਨ, ਅਨਾਜ, ਦਾਲ, ਸਬਜ਼ੀ, ਕੱਪੜੇ ਆਦਿ ਹੈ। ਉਹ ਕਿਸੇ ਲੋੜਵੰਦ ਨੂੰ ਜਲਦੀ ਦੇ ਦਿਉ।

    ਡਾ. ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ    ਬੈਂਸ ਹੈਲਥ ਸੈਂਟਰ ਮੋਗਾ 9463038229

Share This :

Leave a Reply