ਇੱਕ ਕਹਾਵਤ ਹੈ ਕਿ “ਜੇ ਅਸੀਂ ਆਪਣੇ ਭੂਤਕਾਲ ਨੂੰ ਵਿਰਾਸਤ ਵਜੋਂ ਸਾਂਭਦੇ ਹਾਂ ਤਾਂ ਹੀ ਚੰਗੇ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।” ਬਰਤਾਨਵੀ ਧਰਤੀ ‘ਤੇ ਵਿਚਰਦਿਆਂ ਇਹਨਾਂ ਸਤਰਾਂ ਨੂੰ ਬਹੁਤ ਜਗ੍ਹਾ ‘ਤੇ ਉੱਕਰਿਆ ਵੀ ਦੇਖਿਆ ਹੈ ਤੇ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਵੀ ਦੇਖਿਆ ਹੈ। ਜੇਕਰ ਵਿਸ਼ਾਲ ਮੈਦਾਨਾਂ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਗਿਆ ਹੈ ਤਾਂ ਤੰਗ ਵਸੋਂ ਵਾਲੇ ਇਲਾਕੇ ਵੀ ਅਨੁਸ਼ਾਸ਼ਨ ਵਿੱਚ ਬੱਝੇ ਬੱਝੇ ਮਹਿਸੂਸ ਹੁੰਦੇ ਹਨ। ਇੱਕ ਲੀਹ ਵਿੱਚ ਚਲਦੇ ਰਹਿਣ ਕਾਰਨ ਹਰ ਚੀਜ਼ ਆਪਣੀ ਵਿਲੱਖਣ ਖੂਬਸੂਰਤੀ ਨਾਲ ਸ਼ਿੰਗਾਰੀ ਮਹਿਸੂਸ ਹੁੰਦੀ ਹੈ। ਵੇਲਜ਼ ਦੇ ਦੌਰੇ ਸਮੇਂ ਕਾਨਵੇਅ ਨਾਮੀ ਕਸਬੇ ਵਿੱਚ ਜਾਣ ਦਾ ਮੋਕਾ ਮਿਲਿਆ ਤਾਂ ਸਮੁੰਦਰ ਕਿਨਾਰੇ ਇੱਕ ਨਿੱਕੀ ਜਿਹੀ ਲਾਲ ਰੰਗ ਨਾਲ ਓਤ ਪੋਤ ਇੱਕ ਇਮਾਰਤ ਦੇਖਣ ਨੂੰ ਮਿਲੀ। ਇਸ ਇਮਾਰਤ ਨੂੰ ਬਰਤਾਨੀਆ ਦਾ ਸਭ ਤੋਂ ਛੋਟਾ ਘਰ ਹੋਣ ਦਾ ਮਾਣ ਪ੍ਰਾਪਤ ਹੈ। ਜੀ ਹਾਂ, ਸੰਨ 1600 ਤੋਂ 1900 ਤੱਕ ਨਿਵਾਸ ਅਸਥਾਨ ਬਣੇ ਰਹੇ ਇਸ ਘਰ ਦੀ ਉਚਾਈ 10 ਫੁੱਟ 2 ਇੰਚ, ਫਰਸ਼ ਦਾ ਘੇਰਾ 10 ਫੁੱਟ ਗੁਣਾ 5 ਫੁੱਟ 9 ਇੰਚ ਹੈ। ਇਸ ਘਰ ਵਿੱਚ ਰਾਬਰਟ ਜੋਨਸ ਨਾਮੀ ਮਛੇਰਾ ਰਹਿੰਦਾ ਸੀ। ਉਸਦਾ ਕੱਦ ਅੰਦਾਜਨ 6 ਫੁੱਟ 3 ਇੰਚ ਲੰਬਾ ਸੀ। ਇਸ ਘਰ ਅੰਦਰਲੇ ਕਮਰੇ ਉਸਦੇ ਕੱਦ ਅਨੁਸਾਰ ਛੋਟੇ ਸਨ। ਮਨੁੱਖੀ ਬਸੇਰੇ ਲਈ ਘਰ ਉਚਿਤ ਨਾ ਹੋਣ ਦੇ ਕੌਂਸਲ ਵੱਲੋਂ ਹੁਕਮਾਂ ਤੋਂ ਬਾਦ ਰਾਬਰਟ ਨੂੰ ਘਰ ਛੱਡਣਾ ਪਿਆ। ਇਹ ਘਰ ਅਜੇ ਵੀ ਉਸਦੇ ਪਰਿਵਾਰਕ ਮੈਂਬਰਾਂ ਕੋਲ ਹੈ। ਵੈਲਸ਼ ਪਹਿਰਾਵੇ ਵਿੱਚ ਸਜ਼ੀ ਧਜੀ ਐਨ ਫਲੈਚਰ ਨਾਮੀ ਗਾਈਡ ਔਰਤ ਦਰਵਾਜੇ ‘ਤੇ ਖੜ੍ਹੀ ਦਿਸਦੀ ਹੈ ਜਿਸ ਵੱਲੋਂ ਘਰ ਦੇਖਣ ਦੇ ਚਾਹਵਾਨ ਲੋਕਾਂ ਕੋਲੋਂ ਪ੍ਰਤੀ ਵਿਅਕਤੀ ਇੱਕ ਪੌਂਡ ਅਤੇ ਪ੍ਰਤੀ ਬੱਚਾ 50 ਪੈਂਸ ਵਸੂਲੇ ਜਾਂਦੇ ਹਨ। ਘਰ ਦੀ ਉੱਪਰਲੀ ਮੰਜ਼ਿਲ ‘ਤੇ ਇੱਕ ਕਮਰਾ ਬਣਿਆ ਹੋਇਆ ਹੈ ਅਤੇ ਅਲਮਾਰੀ ਰੱਖੀ ਹੋਈ ਹੈ। ਘਰ ਦੀ ਪੌੜੀਆਂ ਰਾਹੀਂ ਚੜ੍ਹ ਕੇ ਦੇਖਣਾ ਅਸੰਭਵ ਜਾਪਣ ਕਰਕੇ ਸੈਲਾਨੀ ਇੱਕ ਵੱਖਰੀ ਪੌੜੀ ‘ਤੇ ਚੜ੍ਹਕੇ ਉਸ ਕਮਰੇ ਦਾ ਨਜ਼ਾਰਾ ਦੇਖ ਸਕਦੇ ਹਨ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਇਸਨੂੰ ਬਰਤਾਨੀਆ ਦੇ ਸਭ ਤੋਂ ਛੋਟੇ ਘਰ ਵਜੋਂ ਦਰਜ਼ ਕੀਤਾ ਗਿਆ ਹੈ। ਬੇਸ਼ੱਕ ਇਸ ਘਰ ਦੇ ਗੁਆਂਢੀ ਘਰ ਸਥਾਨਕ ਕੌਂਸਲ ਵੱਲੋਂ ਨਵ-ਉਸਾਰੀ ਦੇ ਨਾਂ ‘ਤੇ ਹਟਾ ਦਿੱਤੇ ਗਏ ਹਨ ਪਰ ਜਦੋਂ ਇਸ ਘਰ ‘ਤੇ ਕੌਂਸਲ ਦੀ ਗਾਜ਼ ਡਿੱਗਣ ਲੱਗੀ ਤਾਂ ਸਥਾਨਕ ਲੋਕਾਂ ਨੇ ਫੰਡ ਇਕੱਠਾ ਕਰਕੇ ਇਸ ਨੂੰ ਖੁਦ ਨਵਾਂ ਰੂਪ ਦੇਣ ਵਿੱਚ ਸਾਥ ਦਿੱਤਾ ਤਾਂ ਜੋ ਇੱਕ ਧਰੋਹਰ ਵਜੋਂ ਕਾਇਮ ਰੱਖਿਆ ਜਾ ਸਕੇ।
ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, ਸਕਾਟਲੈਂਡ।