ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਕੋਵਿਡ-19 ਨਾਲ ਸਬੰਧਤ 5 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 6 ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਆਏ ਇਨ੍ਹਾਂ 5 ਮਾਮਲਿਆਂ ’ਚੋਂ ਦੋ ਅਮਿ੍ਰਤਸਰ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਕਿ ਇੱਥੇ ਮੰਡੇਰਾਂ ਪਿੰਡ ਵਿਚ ਆਏ ਹੋਏ ਸਨ ।
ਇਸੇ ਤਰ੍ਹਾਂ ਦੁਬਈ ਤੋਂ ਆਏ ਦੋਵੇਂ ਵਿਅਕਤੀ ਪਹਿਲਾਂ ਹੀ ਕੁਆਰਨਟੀਨ ਹਨ ਜਦਕਿ ਪੰਜਵਾਂ ਮਾਮਲਾ ਪਹਿਲਾਂ ਹੀ ਸੀਲ ਕੀਤੇ ਹੋਏ ਪਿੰਡ ਗੁਣਾਚੌਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਅਮਿ੍ਰਤਸਰ ਨਾਲ ਸਬੰਧਤ ਦੋਵੇਂ ਮਾਮਲੇ ਸਟੇਟ ਨੋਡਲ ਅਫ਼ਸਰ ਨਾਲ ਵਿਚਾਰੇ ਗਏ ਹਨ ਅਤੇ ਇਹ ਮਾਮਲੇ ਅਮਿ੍ਰਤਸਰ ਜ਼ਿਲ੍ਹੇ ਦੀ ਸੂਚੀ ’ਚ ਦਰਜ ਕਰਨ ਲਈ ਆਖਿਆ ਗਿਆ ਹੈ। ਅੱਜ ਪਾਜ਼ਿਟਿਵ ਪਾਏ ਗਏ ਪੰਜ ਵਿਅਕਤੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਂਹਾਂ ਕਲੇਰਾਂ ’ਚ ਬਣਾਏ ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਭੇਜੇ ਗਏ ਹਨ।