ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਵਿਡ 19 ਦੇ ਸੰਕਟ ਨਾਲ ਨਿਜੱਠਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਲੋੜਵੰਦ ਲੋਕਾਂ ਦੇ ਰੋਟੀ-ਟੁੱਕ ਦਾ ਬਰਾਬਰ ਖਿਆਲ ਰੱਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਤਰਫੋਂ ਰੋਜ਼ਾਨਾ ਲੱਖਾਂ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਘਰ-ਘਰ ਭੇਜਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਅੰਮਿ੍ਰਤਸਰ ਸ਼ਹਿਰ ਵਿਚ ਕਈ ਦਾਨੀ-ਪੁਰਸ਼ ਤੇ ਸਮਾਜ ਸੇਵੀ ਜਥੇਬੰਦੀਆਂ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੰਦਰੂਨੀ ਸ਼ਹਿਰ ਦੀਆਂ ਵਾਰਡਾਂ ਲਈ ਪੰਜਾਬ ਸਰਕਾਰ ਦੀ ਤਰਫੋਂ 750 ਪਰਿਵਾਰਾਂ ਤੇ ਆਪਣੇ ਨਿਕਟ ਸਾਥੀਆਂ ਦੀ ਸਹਾਇਤਾ ਨਾਲ 400 ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੇ ਟਰੱਕ ਤੋਰਨ ਮੌਕੇ ਕੀਤਾ।
ਉਨਾਂ ਕਿਹਾ ਕਿ ਪੰਜਾਬੀਆਂ ਨੇ ਲੋੜਵੰਦਾਂ ਦੀ ਬਾਂਹ ਫੜ ਕੇ ਇਨਸਾਨੀਅਤ ਦਾ ਜੋ ਸਬੂਤ ਦਿੱਤਾ ਹੈ, ਉਹ ਵਿਸ਼ਵ ਭਰ ਵਿਚ ਹੋਰ ਕਿਧਰੇ ਸ਼ਾਇਦ ਵੇਖਣ ਨੂੰ ਨਾ ਮਿਲੇ। ਸ੍ਰੀ ਸੋਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਦੇ ਸਮੇਂ ਭਾਵੇਂ ਪ੍ਰਸ਼ਾਸਨ ਵੱਲੋਂ ਜ਼ਰੂਰੀ ਵਸਤਾਂ ਲਈ ਥੋੜ੍ਹੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਰਿਵਾਰਕ ਮੈਂਬਰ ਵੀ ਖੰਘਦੇ ਸਮੇਂ ਮੂੰਹ ਰੁਮਾਲ ਜਾਂ ਟਿਸ਼ੂ ਨਾਲ ਢੱਕਣਾ ਯਕੀਨੀ ਬਨਾਉਣ। ਇਸ ਤੋਂ ਇਲਾਵਾ ਘਰਾਂ ਵਿਚ ਆਉਂਦੇ ਦੁੱਧ ਦੇ ਪੈਕਟ, ਭਾਂਡੇ, ਦਰਵਾਜੇ ਦੀ ਘੰਟੀ, ਕੂੜੇਦਾਨ, ਝੂਲੇ, ਕੱਚੀਆਂ ਸਬਜੀਆਂ ਤੇ ਫਲ, ਦਰਵਾਜਿਆਂ ਦੀਆਂ ਚਿਟਕਣੀਆਂ, ਬੂਟ ਤੇ ਚੱਪਲਾਂ ਆਦਿ ਨੂੰ ਵੀ ਸਮੇਂ-ਸਮੇਂ ਸਿਰ ਸੈਨੇਟਾਇਜ਼ ਕਰਦੇ ਰਹੋ। ਇਸ ਤੋਂ ਇਲਾਵਾ ਹੱਥ ਸਾਫ ਕੀਤੇ ਬਿਨਾਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ, ਕੌਸ਼ਲਰ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਗੁਰਦੇਵ ਸਿੰਘ ਦਾਰਾ, ਸ੍ਰੀ ਅਰੁਣ ਕੁਮਾਰ ਪੱਪਲ, ਸ੍ਰੀ ਮਹੇਸ਼ ਖੰਨਾ, ਸ੍ਰੀ ਇਕਬਾਲ ਸਿੰਘ ਸ਼ੈਰੀ, ਸ੍ਰੀਮਤੀ ਰਾਜਬੀਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।