ਅੰਮ੍ਰਿਤਸਰ (ਮੀਡੀਆ ਬਿਊਰੋ ) ‘ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਲਗਾਤਾਰ ਸੁੱਕਾ ਰਾਸ਼ਨ ਤੇ ਲੰਗਰ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕੰਮ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮਾਂ ਘਰ-ਘਰ ਪਹੁੰਚ ਰਹੀਆਂ ਹਨ, ਤਾਂ ਕਿ ਕੋਈ ਵੀ ਪਰਿਵਾਰ ਰੋਟੀ ਤੋਂ ਵਾਂਝਾ ਨਾ ਰਹੇ । ਉਕਤ ਪ੍ਰਗਟਾਵਾ ਸ੍ਰੀ ਓ ਪੀ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਨੇ ਕਰਦੇ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ ਅਜਿਹੇ 35500 ਲੋੜਵੰਦ ਪਰਿਵਾਰ, ਜਿੰਨਾ ਕੋਲ ਨੀਲੇ ਕਾਰਡ ਵੀ ਨਹੀਂ ਹਨ, ਪਰ ਕਰਫਿਊ ਦੌਰਾਨ ਕੰਮ ਖੁੱਸ ਜਾਣ ਕਾਰਨ ਰੋਟੀ-ਪਾਣੀ ਦੀ ਲੋੜ ਮਹਿਸੂਸ ਕਰਦੇ ਸਨ, ਨੂੰ ਪੰਜਾਬ ਸਰਕਾਰ ਵੱਲੋਂ ਸੁੱਕਾ ਰਾਸ਼ਨ ਪਹੁੰਚਾਇਆ ਜਾ ਚੁੱਕਾ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਹੈ।
ਉਨਾਂ ਦੱਸਿਆ ਕਿ ਇਸ ਰਾਸ਼ਨ ਵਿਚ 10 ਕਿਲੋਗ੍ਰਾਮ ਆਟਾ, 2 ਕਿਲੋਗ੍ਰਾਮ ਖੰਡ ਤੇ 2 ਕਿਲੋ ਦਾਲਾਂ ਸ਼ਾਮਿਲ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਭਰ ਵਿਚ 10 ਲੱਖ ਫੂਡ ਪੈਕਟ ਵੰਡਣ ਦੇ ਕੀਤੇ ਗਏ ਐਲਾਨ ਅਨੁਸਾਰ ਜਿਲੇ ਵਿਚ ਨਿੰਰਤਰ ਵਸਤਾਂ ਦੀ ਸਪਲਾਈ ਆ ਰਹੀ ਹੈ, ਜਿੱਥੋਂ ਇਸ ਦੇ ਪੈਕ ਬਣਾ ਕੇ ਸਾਰੇ ਜਿਲੇ ਵਿਚ ਭੇਜੇ ਜਾ ਰਹੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੀ ਆਪਣੇ ਪੱਧਰ ਉਤੇ ਲੋਕਾਂ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। ਸ੍ਰੀ ਸੋਨੀ ਨੇ ਅੱਜ ਆਪਣੇ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ ਪੰਜਾਬ ਸਰਕਾਰ ਦੀ ਤਰਫੋਂ 750 ਪਰਿਵਾਰਾਂ ਦੀ ਆਈ ਰਾਹਤ ਸਮਗਰੀ ਦੇ 5 ਟਰੱਕ ਰਵਾਨਾ ਕਰਦੇ ਅਧਿਕਾਰੀਆਂ ਨੂੰ ਸਾਬਾਸ਼ ਦਿੱਤੀ ਕਿ ਉਹ ਦਿਨ-ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ। ਸ੍ਰੀ ਸੋਨੀ ਨੇ ਇਸ ਮੌਕੇ ਸਨ ਸਟਾਰ ਸ਼ੈਲਰ ਵੱਲੋਂ ਭੇਜੇ ਗਏ 30 ਕੁਇੰਟਲ ਚੋਲਾਂ ਨੂੰ ਵੀ ਲੋੜਵੰਦ ਲੋਕਾਂ ਤੱਕ ਘਰ-ਘਰ ਦੇਣ ਦੀ ਹਦਾਇਤ ਆਪਣੇ ਵਰਕਰਾਂ ਨੂੰ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ ਕੌਂਸਲਰ, ਮਹੇਸ਼ ਖੰਨਾ ਕੌਂਸਲਰ, ਗੁਰਦੇਵ ਸਿੰਘ ਦਾਰਾ , ਸਰਬਜੀਤ ਲਾਟੀ, ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।