ਸ਼ੰਭੂ, ਰਾਜਪੁਰਾ, ਪਟਿਆਲਾ (ਅਰਵਿੰਦਰ ਸਿੰਘ) ਅੰਬਾਲਾ ਦੇ ਸਿਵਲ ਹਪਸਤਾਲ ਵਿਖੇ ਕੋਰੋਨਾਵਾਇਰਸ ਦਾ ਮਰੀਜ ਪਾਜ਼ਿਟਿਵ ਪਾਏ ਜਾਣ ਮਗਰੋਂ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦਾ ਅੰਬਾਲਾ ਨੇੜਲਾ ਪਿੰਡ ਰਾਮਨਗਰ ਸੈਣੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਤਿਆਤ ਵਜੋਂ ਸੀਲ ਕਰ ਦਿੱਤਾ ਗਿਆ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਤੇ ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ. ਬੈਨਿਥ ਨੇ ਸਿਹਤ ਵਿਭਾਗ ਅਤੇ ਪੁਲਿਸ ਟੀਮ ਨਾਲ ਇਸ ਪਿੰਡ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
19 ਮਾਰਚ ਨੂੰ ਨੇਪਾਲ ਤੋਂ ਪਰਤੇ ਇਸ ਪਿੰਡ ਦੇ ਕਰੀਬ 21 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ, ਨੂੰ ਪਰਿਵਾਰਕ ਮੈਂਬਰਾਂ ਵੱਲੋਂ 26 ਮਾਰਚ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਸ ਦਾ ਕੋਰੋਨਾਵਾਇਰਸ ਸਬੰਧੀਂ ਕੀਤਾ ਗਿਆ ਟੈਸਟ ਪਾਜ਼ਿਟਿਵ ਆਇਆ ਹੈ। ਸਿਹਤ ਵਿਭਾਗ ਨੇ ਇਸ ਨੌਵਜਾਨ ਦੇ 14 ਪਰਿਵਾਰਕ ਮੈਂਬਰਾਂ ਨੂੰ ਇਹਤਿਆਤ ਵਜੋਂ ਆਈਸੋਲੇਟ ਕਰਨ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ।
ਪਿੰਡ ਰਾਮਨਗਰ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਪਿੰਡ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਨੇ ਕੋਰੋਨਾਵਾਇਰਸ ਸਬੰਧੀਂ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕਾਲ ਨਿਯਮਾਂ ਦਾ ਪਾਲਣ ਸਖ਼ਤੀ ਨਾਲ ਕਰਨ ਦੇ ਆਦੇਸ਼ ਕਰਦਿਆਂ ਕਿਹਾ ਕਿ ਇਸ ਨੌਜਵਾਨ ਦੇ ਸੰਪਰਕ ਵਿੱਚ ਆਏ ਸਾਰੇ ਪਿੰਡ ਵਾਸੀ ਤੇ ਹੋਰ ਰਿਸ਼ਤੇਦਾਰ, ਖੁੱਲ੍ਹਕੇ ਸਾਹਮਣੇ ਆਉਣ ਅਤੇ ਸਿਹਤ ਵਿਭਾਗ ਨੂੰ ਬੇਝਿੱਜਕ ਜਾਣਕਾਰੀ ਦੇਣ ਤਾਂ ਕਿ ਕੋਰੋਨਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਂਡ-ਗੁਆਂਢ ‘ਚ ਵੀ ਅਜਿਹਾ ਕੋਈ ਵਿਅਕਤੀ ਕਿਸੇ ਬਾਹਰਲੇ ਮੁਲਕ ਤੋਂ ਆਇਆ
ਹੋਵੇ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
ਇਸ ਮੌਕੇ ਐਸ.ਐਸ.ਪੀ. ਸ.
ਸਿੱਧੂ ਨੇ ਪੁਲਿਸ ਟੀਮਾਂ ਤਾਇਨਾਤ ਕਰਦਿਆਂ ਪਿੰਡ ਦੀ ਨਾਕਾਬੰਦੀ ਕਰਕੇ ਪਿੰਡ ਵਿੱਚੋਂ ਕਿਸੇ ਨੂੰ ਬਾਹਰ ਨਾ ਜਾਣ ਅਤੇ ਕਿਸੇ ਨੂੰ
ਵੀ ਪਿੰਡ ਵਿੱਚ ਨਾ ਆਉਣ ਦੇਣ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਉਲੰਘਣਾ
ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਵਿੱਚ ਸਿਹਤ ਵਿਭਾਗ ਦੀਆਂ 5 ਸਰਵੇ ਟੀਮਾਂ ਨੇ ਇਕੱਲੇ-ਇਕੱਲੇ ਪਿੰਡ ਵਾਸੀ ਦੀ ਸਿਹਤ ਸਬੰਧੀਂ ਅੰਕੜੇ ਇਕੱਤਰ ਕੀਤੇ ਹਨ। ਪਿੰਡ ‘ਚ ਦੋ ਮੈਡੀਕਲ ਟੀਮਾਂ ਤਾਇਨਾਤ ਕਰਨ ਸਮੇਤ ਸਰਵੇਲੈਂਸ ਟੀਮਾਂ ਵੀ ਲਗਾਈਆਂ ਗਈਆਂ ਹਨ ਅਤੇ ਪਿੰਡ ਵਿੱਚ ਰੋਗਾਣੂ ਨਾਸ਼ਕ ਸਪਰੇਅ ਸੋਡੀਅਮ ਹਾਈਪੋਕਲੋਰਾਡਈਡ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਇਸ ਮੌਕੇ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਘਨੌਰ ਸ. ਮਨਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀਆਂ ਸਮੇਤ ਸਿਹਤ ਵਿਭਾਗ ਤੋਂ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਮੌਜੂਦ ਸੀ।