ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਨੂੰ ਕੋਵਿਡ ਮੁਕਤ ਬਣਾਉਣ ਲਈ ਆਰੰਭੇ ਯਤਨਾਂ ਤਹਿਤ ਅੰਤਰਰਾਜੀ ਸਫ਼ਰ ਕਰਨ ਵਾਲਿਆਂ ਦੀ ਤਰਜ਼ ’ਤੇ ਅੰਤਰ ਜ਼ਿਲ੍ਹਾ ਸਫ਼ਰ ਕਰਨ ਵਾਲਿਆਂ ਲਈ ਵੀ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ ਕਰ ਦਿੱਤੀ ਹੈ ਤੇ ਨਾਲ ਹੀ ਅੰਤਰ ਜ਼ਿਲ੍ਹਾ ਸਫ਼ਰ ਕਰਨ ਲਈ ਵੀ ਸਬੰਧਤ ਵਿਅਕਤੀ ਨੂੰ ਕੋਵਾ ਐਪ ਤੋਂ ਈ-ਪਾਸ ਜੈਨਰੇਟ ਕਰਨਾ ਪਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਹੁਕਮਾਂ ’ਚ ਜ਼ਿਲ੍ਹੇ ’ਚੋਂ ਬਾਹਰ ਜਾਣ ਲਈ ਅਤੇ ਜ਼ਿਲ੍ਹੇ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਉਸ ਦੇ ਮੋਬਾਇਲ ’ਤੇ ਕੋਵਾ ਐਪ ਦਾ ਹੋਣਾ ਤੇ ਹਰ ਸਮੇਂ ਲਈ ਚਲਦਾ ਰੱਖਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਪੰਜਾਬ ਨੂੰ ਕੋਵਿਡ ਮੁਕਤ ਬਣਾਉਣ ਲਈ ਰਾਜ ਦੇ ਲੋਕਾਂ ’ਚ ਸਵੈ-ਅਨੁਸ਼ਾਸਨ ਤੇ ਸਵੈ-ਨਿਯੰਤਰਣ ਦੀ ਅਤਿਅੰਤ ਲੋੜ ਹੈ, ਜਿਸ ਤਹਿਤ ਸਾਨੂੰ ਕੋਵਾ ਐਪ ਡਾਊਨਲੋਡ ਕਰਕੇ, ਈ-ਪਾਸ ਜੈਨਰੇਟ ਕਰਕੇ ਹੀ ਦੂਸਰੇ ਜ਼ਿਲ੍ਹੇ ’ਚ ਜਾਣਾ ਚਾਹੀਦਾ ਹੈ ਜਾਂ ਦੂਸਰੇ ਜ਼ਿਲ੍ਹੇ ’ਚੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਆਉਣਾ ਚਾਹੀਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਸਜ਼ਾ ਵੀ ਹੋ ਸਕਦੀ ਹੈ।