ਨਿਊਯਾਰਕ ਇਸ ਹਫ਼ਤੇ ਚਲਾਵੇਗਾ ‘ ਐਂਟੀ ਬੌਡੀ ਟੈਸਟਿੰਗ’ ਮੁਹਿੰਮ
ਲਾਸ ਵੇਗਾਸ ਸਥਿੱਤ ਟਰੰਪ ਦਾ ਆਪਣਾ ਹੋਟਲ ਹੋਇਆ ਬੰਦ
ਅਮਰੀਕਾ ਵਿਚ ਮੌਤਾਂ ਦੀ ਗਿਣਤੀ 41000 ਤੋਂ ਵਧ ਹੋਈ
ਕੈਲੀਫੋਰਨੀਆ 20 ਅਪ੍ਰੈਲ (ਹੁਸਨ ਲੜੋਆ ਬੰਗਾ)—ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਲਾ ਨਿਰੰਤਰ ਜਾਰੀ ਹੈ ਤੇ ਮ੍ਰਿਤਕਾਂ ਦੀ ਗਿਣਤੀ 41000 ਤੋਂ ਵਧ ਹੋ ਗਈ ਹੈ । ਜੌਹਨਜ਼ ਹੋਪਕਿਨਜ ਯੁਨੀਵਰਸਿਟੀ ਅਨੁਸਾਰ 7,64,265 ਅਮਰੀਕੀ ਕੋਰੋਨਾਵਾਇਰਸ ਨਾਲ ਪੀੜਤ ਹਨ ਜਿਨਾਂ ਵਿਚੋਂ ਕ੍ਰਿਆਸ਼ੀਲ ਮਾਮਲੇ 6,52,688 ਹਨ। ਹੁਣ ਤੱਕ 3,8,61,596 ਅਮਰੀਕੀਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ। ਨਿਊਯਾਰਕ ਰਾਜ ਵਿਚ 18298 ਮੌਤਾਂ ਹੋ ਚੁੱਕੀਆਂ ਹਨ ਜਦ ਕਿ ਪੀੜਤਾਂ ਦੀ ਗਿਣਤੀ 2,47,215 ਹੈ। ਰਾਜ ਵੱਲੋਂ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ਼ ਐਂਟੀ ਬੌਡੀ ਪਲਾਜਮਾ ਨਾਲ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਇਸ ਹਫ਼ਤੇ ‘ਐਂਟੀ ਬੌਡੀ ਟੈਸਟਿੰਗ’ ਮੁਹਿੰਮ ਚਲਾਈ ਜਾਵੇਗੀ।
ਟਰੰਪ ਦਾ ਆਪਣਾ ਹੋਟਲ ਹੋਇਆ ਬੰਦ-
ਅਰਥ ਵਿਵਸਥਾ ਨੂੰ ਛੇਤੀ ਖੋਲਣ ਲਈ ਯਤਨਸ਼ੀਲ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਪਣਾ ‘ਟਰੰਪ ਇੰਟਰਨੈਸ਼ਨਲ ਹੋਟਲ ਲਾਸ ਵੇਗਾਸ’ ਬੰਦ ਕਰਨਾ ਪਿਆ ਹੈ। ਨੇਵਾਡਾ ਦੇ ਗੈਰ-ਜਰੂਰੀ ਕਾਰੋਬਾਰ ਬੰਦ ਕਰਨ ਉਪਰੰਤ ਲਾਸ ਵੇਗਾਸ ਦੇ ਕੈਸੀਨੋ ਬੰਦ ਹੋ ਗਏ ਹਨ। ਵਾਇਟ ਹਾਊਸ ਵਿਚ ਕੋਰੋਨਾਵਾਇਰਸ ਸਬੰਧੀ ਰੋਜਾਨਾ ਦੀ ਗੱਲਬਾਤ ਦੌਰਾਨ ਟਰੰਪ ਨੇ ਨੇਵਾਡਾ ਦੇ ਡੈਮੋਕਰੈਟਿਕ ਗਵਰਨਰ ਸਟੀਵ ਸਿਸੋਲਕ ਵੱਲੋਂ ਕੋਰੋਨਾਵਾਇਰਸ ਫੈਲਣ ਦੇ ਮੱਦੇਨਜਰ ਗੈਰ ਜਰੂਰੀ ਕਾਰੋਬਾਰ ਬੰਦ ਕਰਨ ਦੇ ਫੈਸਲੇ ਦਾ ਅਣਮੰਨੇ ਮੰਨ ਨਾਲ ਸਮਰਥਨ ਕੀਤਾ। ਟਰੰਪ ਨੇ ਕਿਹਾ ਕਿ ਲਾਸ ਵੇਗਾਸ ਵਿਚਲਾ ਮੇਰਾ ਆਪਣਾ ਵੱਡਾ ਹੋਟਲ ਬੰਦ ਹੋ ਗਿਆ ਹੈ। ਇਹ ਸਿਰੇ ਦਾ ਕਦਮ ਹੈ, ਮੈ ਇਸ ਨਾਲ ਸਹਿਮਤ ਹਾਂ ਪਰ ਇਸ ਨੂੰ ਹੋਰ ਢੰਗ ਨਾਲ ਵੀ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ।” ਨੇਵਾਡਾ ਵਿਚ ਹੁਣ ਤੱਕ 155 ਮੌਤਾਂ ਹੋ ਚੁੱਕੀਆਂ ਹਨ ਤੇ ਪੀੜਤ ਅਮਰੀਕਨਾਂ ਦੀ ਗਿਣਤੀ 3728 ਹੈ। ਨੇਵਾਡਾ ਦੇ ਮੇਅਰ ਕਾਰੋਲਿਨ ਗੁੱਡਮੈਨ ਨੇ ‘ਸ਼ਟਡਾਊਨ’ ਨੂੰ ਮੁਕੰਮਲ ਤੌਰ ‘ਤੇ ਮੂਰਖਾਂ ਵਾਲਾ ਫੈਸਲਾ ਕਿਹਾ ਹੈ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਹ ‘ਸ਼ਟਡਾਊਨ’ ਦੇ ਮਾਮਲੇ ‘ਤੇ ਮੇਅਰ ਨਾਲ ਹਨ ਜਾਂ ਗਵਰਨਰ ਨਾਲ ਤਾਂ ਉਨਾਂ ਕਿਹਾ ਉਹ ਇਸ ਫੈਸਲੇ ਤੋਂ ਬਾਹਰ ਹਨ।
ਅਦਾਕਾਰ ਨਿਕ ਕੋਰਡੀਰੋ ਦੀ ਲੱਤ ਕੱਟਣੀ ਪਈ–
ਕੋਰੋਨਾਵਾਇਰਸ ਕਾਰਨ ਪੈਦਾ ਹੋਈਆਂ ਸਿਹਤ ਗੁੰਝਲਾਂ ਕਾਰਨ ਅਦਾਕਾਰ ਨਿਕ ਕੋਰਡੀਰੋ ਦੀ ਲੱਤ ਕੱਟਣੀ ਪਈ ਹੈ। ਉਸ ਦੀ ਪਤਨੀ ਅਮਾਂਡਾ ਕਲੂਟਸ ਨੇ ਅਦਾਕਾਰ ਦੇ ਪ੍ਰਸੰਸਕਾਂ ਨਾਲ ਖਬਰ ਸਾਂਝੀ ਕਰਦਿਆਂ ਕਿਹਾ ਕਿ ਸਰਜਰੀ ਕਰਕੇ ਉਸ ਦੀ ਸੱਜੀ ਲੱਤ ਕੱਟ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਲੱਤ ਕੱਟੀ ਜਾਣ ਦੇ ਬਾਵਜੂਦ ਉਹ ਫਿਰ ਡਾਂਸ ਕਰਨਗੇ। ਡਾਕਟਰਾਂ ਅਨੁਸਾਰ ਅਦਾਕਾਰ ਦੀ ਲੱਤ ਵਿਚ ਕਲੌਟ ਬਣ ਰਹੇ ਸਨ ਜਿਸ ਕਾਰਨ ਬਲੱਡ ਪ੍ਰੈਸ਼ਰ ਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਡਾਕਟਰਾਂ ਵੱਲੋਂ ਕਲੌਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਹੋਰ ਢੰਗ ਤਰੀਕੇ ਵਰਤੇ ਗਏ ਜੋ ਕਾਰਗਰ ਸਾਬਤ ਨਹੀਂ ਹੋਏ। ਆਖਰਕਾਰ ਲੱਤ ਕੱਟਣ ਦਾ ਫੈਸਲਾ ਲੈਣਾ ਪਿਆ।
ਅਮਰੀਕੀ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ :
ਦੇਸ਼ ਭਰ ਚ ਵੱਖ ਵੱਖ ਪ੍ਰਦਰਸ਼ਨਕਾਰੀਆਂ ਨੇ ਰਾਜਾਂ ਅਤੇ ਅਮਰੀਕੀ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਿਸ ਕਰਕੇ ਸਮਾਜਿਕ-ਦੂਰੀ ਦੇ ਆਦੇਸ਼ਾਂ ਦੀ ਵੀ ਉਲੰਘਣਾ ਕੀਤੀ । ਟੈਕਸਾਸ ਦੇ ਆਸਟਿਨ ਵਿੱਚ ਸਟੇਟ ਕੈਪੀਟਲ ਦੇ ਬਾਹਰ ਰੈਲੀਆਂ ਵਾਂਗ ਇਸੇ ਤਰਾਂ ਦੇ ਵਿਰੋਧ ਪ੍ਰਦਰਸ਼ਨ ਹੋਰ ਥਾਂਵਾਂ ਤੇ ਵੀ ਹੋਏ ਜਿਵੇਂ ਭਾਰੀ ਗਿਣਤੀ ਚ ਲੋਕ ਇੰਡੀਆਨਾਪੋਲਿਸ, ਕਾਰਸਨ ਸਿਟੀ, ਅੰਨਾਪੋਲੀਸ, ਸਾਲਟ ਲੇਕ ਸਿਟੀ, ਯੂਟਾ ਅਤੇ ਬਰੁਕਫੀਲਡ, ਵਿੱਚ ਹੋਏ ਮੁਜਾਹਰਿਆਂ ਨੂੰ ਰਾਸ਼ਟਰਪਤੀ ਟਰੰਪ ਨੇ ਖੱਬੇਪੱਖੀ ਵਿਰੋਧ ਪ੍ਰਦਰਸ਼ਨਾਂ ਨੂੰ ਖੁੱਲ੍ਹ ਕੇ ਉਤਸ਼ਾਹਤ ਕੀਤਾ। ਦੁਸਰੇ ਪਾਸੇ ਰਾਸ਼ਟਰਪਤੀ ਟਰੰਪ ਨੇ ਅਧਿਕਾਰਤ ਤੌਰ ‘ਤੇ ਅਤੇ ਜਨਤਕ ਤੌਰ’ ਤੇ ਇਹ ਕਿਹਾ ਸੀ ਕਿ ਰਾਜਾਂ ਦੀ ਆਰਥਿਕਤਾ ਨੂੰ ਮੁੜ ਖੋਲ੍ਹਣ ਦਾ ਅਧਿਕਾਰ ਰਾਜ ਦੇ ਰਾਜਪਾਲਾਂ ਨੂੰ ਹੀ ਹੈ।