ਮੌਸਮ ਵਿਭਾਗ ਵੱਲੋਂ ਤਾਪਮਾਨ ਵਿਚ ਜਬਰਦਸਤ ਗਿਰਾਵਟ ਦੀ ਚਿਤਾਵਨੀ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅੱਜ ਕਲ ਕੇਂਦਰੀ ਤੇ ਪੂਰਬੀ ਅਮਰੀਕਾ ਦੇ ਵਸਨੀਕਾਂ ਨੂੰ ਜਬਰਦਸਤ
ਬਰਫ਼ਬਾਰੀ ਤੇ ਹੱਡ ਚੀਰਵੀਂ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰੀ ਧਰੁਵ ਖੇਤਰ ਵੱਲੋਂ ਵਗ ਰਹੀਆਂ ਠੰਡੀਆਂ ਹਵਾਵਾਂ
ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ। ਗਰੇਟ ਲੇਕਸ ਤੇ ਉੱਤਰ ਪੂਰਬੀ ਖੇਤਰ ਵਿਚ ਕਈ ਫੁੱਟ ਬਰਫ਼ਬਾਰੀ ਹੋਈ। ਕੌਮੀ ਮੌਸਮ
ਸੇਵਾ ਅਨੁਸਾਰ ਅਗਲੇ ਹਫਤੇ ਦੇ ਸ਼ੁਰੂ ਵਿਚ ਉੱਤਰੀ ਧਰੁਵ ਹਵਾਵਾਂ ਦਾ ਕੇਂਦਰ ਬਿੰਦੂ ਉੱਤਰੀ ਮੈਦਾਨੀ ਖੇਤਰ ਤੇ ਮੱਧ ਪੱਛਮ ਦੇ
ਉਪਰਲੇ ਹਿੱਸੇ ਰਹਿਣਗੇ। ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਪਹਿਲਾਂ ਹੀ ਭਾਰੀ ਬਰਫ਼ਬਾਰੀ ਹੋ ਚੁੱਕੀ ਹੈ ਤੇ
ਆਉਣ ਵਾਲੇ ਦਿਨਾਂ ਵਿਚ ਖਤਰਨਾਕ ਹੱਦ ਤੱਕ ਠੰਡੀਆਂ ਹਵਾਵਾਂ ਚੱਲਣਗੀਆਂ।
ਕੇਂਦਰੀ ਟੈਕਸਾਸ ਤੋਂ ਉੱਤਰੀ ਫਲੋਰਿਡਾ ਤੇ
ਨਿਊਯਾਰਕ ਤੱਕ ਤਾਪਮਾਨ ਜਮਾ ਵਾਲੀ ਹੱਦ ਤੱਕ ਪੁੱਜ ਜਾਵੇਗਾ। ਦਸੰਬਰ ਦੇ ਸ਼ੁਰੂ ਵਿਚ ਤਾਪਮਾਨ 10 ਤੋਂ 20 ਡਿਗਰੀ ਤੱਕ ਹੇਠਾਂ
ਡਿੱਗ ਜਾਵੇਗਾ ਜੋ ਕਿ ਇਤਿਹਾਸਕ ਗਿਰਾਵਟ ਹੋਵੇਗੀ। ਮੌਸਮ ਵਿਗਿਆਨੀਆਂ ਅਨੁਸਾਰ ਉੱਤਰੀ ਡਕੋਟਾ ਤੇ ਅਲਾਸਕਾ ਵਿਚ
ਤਾਪਮਾਨ ਮਨਫੀ 30 ਤੱਕ ਡਿੱਗ ਸਕਦਾ ਹੈ ਤੇ ਠੰਡ ਕਾਰਨ ਸਰੀਰ ਸੁੰਨ ਹੋ ਸਕਦਾ ਹੈ। ਮਿਸ਼ੀਗਨ ਵਿਚ ਲੋਕਾਂ ਨੂੰ ਕਿਹਾ ਗਿਆ ਹੈ
ਕਿ ਉਹ ਬਰਫ਼ ਨਾਲ ਢੱਕੀਆਂ ਸੜਕਾਂ ਉਪਰ ਆਪਣੀਆਂ ਗੱਡੀਆਂ ਨੂੰ ਹੌਲੀ ਤੇ ਧਿਆਨ ਨਾਲ ਚਲਾਉਣ। ਮੈਟਰੋ ਡੈਟਰਾਇਟ ਖੇਤਰ
ਵਿਚ ਇਕ ਇੰਚ ਤੱਕ ਬਰਫ਼ਬਾਰੀ ਹੋਣ ਦੀ ਆਸ ਹੈ। ਪੁਲਿਸ ਦੁਆਰਾ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਗੱਡੀਆਂ ਇਕ ਦੂਸਰੇ ਤੋਂ
ਦੂਰੀ ਰਖ ਕੇ ਚਲਾਉਣ ਤਾਂ ਜੋ ਗੱਡੀ ਉਪਰ ਨਿਯੰਤਰਣ ਨਾ ਰਹਿਣ ਦੀ ਹਾਲਤ ਵਿਚ ਹਾਦਸੇ ਤੋਂ ਬਚਿਆ ਜਾ ਸਕੇ।
ਪੈਨਸਿਲਵਾਨੀਆ ਦੇ ਈਰੀ ਸ਼ਹਿਰ ਵਿਚ ਬਰਫ਼ਬਾਰੀ ਕਾਰਨ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਗਿਆ ਹੈ ਤੇ ਲੋਕਾਂ ਨੂੰ ਸੜਕਾਂ ਤੋਂ
ਦੂਰ ਰਹਿਣ ਲਈ ਕਿਹਾ ਗਿਆ ਹੈ । ਲੋਕਾਂ ਨੂੰ ਕਿਹਾ ਗਿਆ ਹੈ ਕਿ ਗਰੇਟ ਲੇਕਸ ਖੇਤਰ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ ਇਸ
ਲਈ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਈਰੀ ਸ਼ਹਿਰ ਜੋ ਕਲੀਵਲੈਂਡ ਤੇ ਬੁਫੈਲੋ ਵਿਚਾਲੇ ਨਹਿਰ ਉਪਰ ਪੈਂਦਾ
ਹੈ, ਵਿਚ 50 ਇੰਚ ਤੱਕ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ। ਪੈਨਸਿਲਵਾਨੀਆ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਦੇਸ਼ ਭਰ ਦੇ
ਬਰਫ਼ਬਾਰੀ ਨਾਲ ਢੱਕੇ ਕੌਮੀ ਮਾਰਗਾਂ ਉਪਰ ਗੱਡੀਆਂ ਦੀ ਰਫ਼ਤਾਰ 45 ਮੀਲ ਪ੍ਰਤੀ ਘੰਟਾ ਨਿਸਚਤ ਕਰ ਦਿੱਤੀ ਗਈ ਹੈ।