ਅਮਰੀਕਾ ਵਿਚ ਪੁਸ਼ਟੀ ਹੋਏ ਕੋਰੋਨਾਵਾਇਰਸ ਮਾਮਲੇ ਚਰਮ ਸੀਮਾ ‘ਤੇ ਪੁੱਜੇ-ਮਾਹਿਰ

ਮੌਤਾਂ ਦੀ ਗਿਣਤੀ 55000 ਤੋਂ ਪਾਰ ਤੇ ਪੀੜਤਾਂ ਦੀ ਗਿਣਤੀ 9,87000 ਤੋਂ ਟੱਪੀ

ਕੋਰੋਨਾਵਾਇਰਸ ਦੇ 6 ਹੋਰ ਲੱਛਣਾਂ ਦਾ ਖੁਲਾਸਾ

 ਰਾਸ਼ਟਰਪਤੀ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ-ਗਵਰਨਰ

ਰਾਸ਼ਟਰਪਤੀ ਟਰੰਪ ਵ੍ਹਾਈਟ ਹਾਉਸ ਤੋਂ ਕੋਰੌਨਾਵਾਇਰਸ ਦੀ ਰੋਜਾਨਾਂ ਬਰੀਫਿੰਗ ਦੌਰਾਨ।

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 55415 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 9,87,322 ਹੈ। 1,18,781 ਅਮਰੀਕੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਇਕ ਅਮਰੀਕੀ ਮਾਹਿਰ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਸਿਖਰ ‘ਤੇ ਪੁੱਜ ਗਿਆ ਹੈ। ਇਸ ਦੌਰਾਨ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ ਨੇ 6 ਨਵੇਂ ਲੱਛਣਾਂ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਜੇਕਰ ਵਾਰ ਵਾਰ ਠੰਡ ਲੱਗੇ, ਪੱਠਿਆਂ ਵਿਚ ਦਰਦ ਹੋਵੇ, ਗਲ ਪੱਕ ਜਾਵੇ , ਸਿਰ ਦਰਦ ਹੋਵੇ, ਸਵਾਦ ਜਾਂ ਸੁੰਘਣ ਸ਼ਕਤੀ ਖਤਮ ਹੋ ਜਾਵੇ ਤਾਂ ਇਹ ਕੋਰੋਨਾਵਾਇਰਸ ਦਾ ਹਮਲਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸੈਂਟਰ ਨੇ ਕੋਰੋਨਾਵਾਇਰਸ ਦੇ ਤਿੰਨ ਲੱਛਣ ਬੁਖਾਰ,ਖੰਘ ਤੇ ਸਾਹ ਲੈਣ ਵਿਚ ਤਕਲੀਫ਼ ਦਸੇ ਸਨ।

 
ਪੁਸ਼ਟੀ ਮਾਮਲੇ ਸਿਖਰ ‘ਤੇ ਪੁੱਜੇ- ਮਾਹਿਰ:
ਅਮਰੀਕਾ ਵਿਚ ਕੋਰੋਨਾਵਾਇਰਸ ਦੇ ਪੁਸ਼ਟੀ ਹੋਏ ਮਾਮਲੇ ਤਕਰੀਬਨ 10 ਲੱਖ ਹੋ ਜਾਣ ਦੇ ਦਰਮਿਆਨ ਦੇਸ਼ ਦੇ ਚੋਟੀ ਦੇ ਮਾਹਿਰਾਂ ਵਿਚੋਂ ਇਕ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਨਵੇਂ ਮਾਮਲੇ ਆਪਣੀ ਚਰਮ ਸੀਮਾ ‘ਤੇ ਪੁੱਜ ਗਏ ਹਨ। ਜੌਹਨਜ ਹੋਪਕਿੰਨਜ ਸੈਂਟਰ ਹੈਲਥ ਸਕਿਉਰਿਟੀ ਦੇ ਡਾਇਰੈਕਟਰ ਟਾਮ ਲਿੰਗਲੈਸਬੀ ਨੇ ਕਿਹਾ ਹੈ ਕਿ ਬਦਕਿਸਤਮਤੀ ਨਾਲ  ਇਹ ਚਰਮ ਸੀਮਾ ਬਹੁਤ ਜਿਆਦਾ ਹੈ। ਉਧਰ ਕੋਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਦੇ ਗਵਰਨ ਐਂਡਰੀਊ ਕੋਮੋ ਨੇ ਕਿਹਾ ਹੈ ਕਿ ਹਫ਼ਤੇ ਵਿਚ ਪਹਿਲੀ ਵਾਰ ਲੰਘੇ ਦਿਨ ਮੌਤਾਂ 400 ਤੋਂ ਘਟ ਹੋਈਆਂ ਹਨ। ਨਿਊਯਾਰਕ ਵਿਚ ਹਾਲਾਂ ਕਿ 22275 ਮੌਤਾਂ ਹੋ ਚੁੱਕੀਆਂ ਹਨ ਤੇ ਬਿਮਾਰ ਲੋਕਾਂ ਦੀ ਗਿਣਤੀ ਤਕਰੀਬਨ 3 ਲੱਖ ਹੋ ਗਈ ਹੈ ਪਰ ਰਾਜ ਵੱਲੋਂ ਪਹਿਲੇ ਪੜਾਅ ਤਹਿਤ ਅਰਥ ਵਿਵਸਥਾ ਖੋਲ•ਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਉਸਾਰੀ ਤੇ ਨਿਰਮਾਣ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ।
ਰਿਪਬਲਿਕਨ ਗਵਰਨਰ ਵੱਲੋਂ ਟਰੰਪ ਦੀ ਅਲੋਚਨਾ:
 ਮੈਰੀਲੈਂਡ ਦੇ ਰਿਪਬਲਿਕਨ ਗਵਰਨਰ ਲੈਰੀ ਹੋਗਨ ਨੇ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾਵਾਰਿਸ ਦੇ ਇਲਾਜ਼ ਲਈ ਕਿਟਾਣੂ ਨਾਸ਼ਕਾਂ ਦੀ ਵਰਤੋਂ ਕਰਨ ਦੀ ਸਲਾਹ ਦੇਣ ਨੂੰ ਲੈ ਕੇ ਉਨਾਂ ਦੀ ਕਰੜੀ ਅਲੋਚਨਾ ਕੀਤੀ ਹੈ। ਲੈਰੀ ਹੋਗਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਹ ਪ੍ਰੈਸ ਕਾਨਫਰੰਸ ਦੌਰਾਨ ਜੋ ਵੀ ਗੱਲ ਕਹਿਣ ਉਹ ਤੱਥਾਂ ਅਧਾਰਤ ਹੋਵੇ। ਇਸ ਸੰਕਟ ਸਮੇ ਜਦੋਂ ਰਾਜ ਦਾ ਗਵਰਨਰ ਜਾਂ ਦੇਸ਼ ਦਾ ਰਾਸ਼ਟਰਪਤੀ ਬੋਲ ਰਿਹਾ ਹੋਵੇ ਤਾਂ ਲੋਕ ਆਸ ਕਰਦੇ ਹਨ ਕਿ ਉਹ ਕੋਈ ਗੰਭੀਰ ਗੱਲ ਕਰਨਗੇ। ਇਸ ਲਈ ਲੋਕਾਂ ਤੱਕ ਸਹੀ ਤੱਥਾਂ ਅਧਾਰਤ ਜਾਣਕਾਰੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜੋ ਵੀ ਤੁਹਾਡੇ ਦਿਮਾਗ ਵਿਚ ਆਇਆ ਉਹ ਕਹਿ ਦੇਣ ਨਾਲ ਲੋਕਾਂ ਨੂੰ ਗਲਤ ਸੁਨੇਹਾ ਜਾਂਦਾ ਹੈ।
ਨਿਉਯਾਰਕ ਵਿੱਚ ਮੌਤਾਂ ਦੀ ਗਿਣਤੀ ਘਟੀ:
ਨਿਉਯਾਰਕ ਲਈ ਰਾਹਤ ਵਾਲੀ ਖਬਰ ਕਿ ਇਥੇ ਪਹਿਲੀ ਵਾਰ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 400 ਤੋਂ ਹੇਠਾਂ ਆ ਗਈ ਹੈ, ਜੋ ਪਹਿਲਾਂ ਨਿਉਯਾਰਕ ਰਾਜ ਦੇ ਹਸਪਤਾਲਾਂ ਵਿਚ ਕੋਰੋਨਾਵਾਇਰਸ ਦੌਰਾਨ ਹੋਈਆਂ ਮੌਤਾਂ ਨਾਲੋਂ ਅੱਧ ਤੋਂ ਵੀ ਘੱਟ ਹੈ। ਨਿਉਯਾਰਕ ਵਿੱਚ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਾਰੇ ਗਵਰਨਰ ਐਂਡਰਿਉ ਕੁਓਮੋ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਨਾਲ ਹੋਈਆਂ 367 ਮੌਤਾਂ “ਭਿਆਨਕ” ਹਨ ਪਰ ਨਿਉਯਾਰਕ ਵਿੱਚ ਮਹਾਂਮਾਰੀ ਦੇ ਸਿਖਰ ਦੌਰਾਨ ਇੱਕ ਹੀ ਦਿਨ ਵਿੱਚ ਹੋਈਆਂ 800 ਮੌਤਾਂ ਦੀ ਗਿਣਤੀ ਨਾਲੋਂ ਅੱਜ ਅੱਧ ਤੋਂ ਵੀ ਘੱਟ ਸੀ। ਇਸ ਮਹੀਨੇ ਇਹ ਪਹਿਲਾ ਮੌਕਾ ਹੈ ਜਦੋਂ ਰਾਜ ਭਰ ਵਿੱਚ ਰੋਜ਼ਾਨਾ ਮੌਤਾਂ ਹੋਣ ਦੀ ਸੰਖਿਆ 400 ਤੋਂ ਘੱਟ ਹੋ ਗਈ ਹੈ। ਉਸਨੇ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ, ਜੋ ਅਜੇ ਵੀ 1000 ਤੋਂ ਉੱਪਰ ਹੈ, ਅਤੇ ਵੈਂਟੀਲੇਟਰ ਲਗਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਘਟ ਗਈ ਹੈ। ਡੈਮੋਕ੍ਰੇਟਿਕ ਗਵਰਨਰ ਨੇ ਕਿਹਾ ਕਿ ਸ਼ਨੀਵਾਰ ਨੂੰ ਦਰਜ ਕੀਤੇ ਗਏ ਮੌਤਾਂ ਅਤੇ ਐਤਵਾਰ ਦੀ ਰਿਪੋਰਟ ਅਨੁਸਾਰ ਹਸਪਤਾਲਾਂ ਵਿੱਚ ਮਰਨ ਵਾਲੇ 349 ਮਰੀਜ਼ ਅਤੇ ਨਰਸਿੰਗ ਹੋਮਜ਼ ਵਿੱਚ ਮਰਨ ਵਾਲੇ 18 ਵਿਅਕਤੀ ਸ਼ਾਮਲ ਹਨ। ਕੁਓਮੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇੱਥੇ 437 ਮੌਤਾਂ ਹੋਈਆਂ ਤੇ ਥੋੜੇ ਸਮੇਂ ਤੋਂ, ਗਿਣਤੀ ਘਟ ਰਹੀ ਹੈ।” ਕੁਓਮੋ ਨੇ ਕਿਹਾ “ਜੋ ਕੁਝ ਅਸੀਂ ਕੀਤਾ ਹੈ ਹੁਣ ਉਹ ਕੰਮ ਕਰ ਰਿਹਾ ਹੈ ਤੇ ਸਾਡੀਆਂ ਨੀਤੀਆਂ ਕੰਮ ਕਰ ਰਹੀਆਂ ਹਨ। ਗਵਰਨੲਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਭ ਤੋਂ ਬੁਰੇ ਸਮੇਂ ਚੋਂ ਲੰਘੇਂ ਤੇ ਲੰਘ ਰਹੇ ਹਾਂ ।

Share This :

Leave a Reply