ਅਮਰੀਕਾ ਵਿਚ ‘ਥੈਂਕਸਗਿਵਿੰਗ ਦਿਵਸ’ ਮੌਕੇ ਸਿੱਖ ਸੰਸਥਾ ਨੇ 5 ਰਾਜਾਂ ਵਿਚ ਲੋੜਵੰਦਾਂ ਨੂੰਛਕਾਇਆ ਲੰਗਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਿੱਖ ਸੰਸਥਾ ‘ਲੈੱਟ ਅਸ ਸ਼ੇਅਰ ਏ ਮੀਲ’ ( ਐਲ ਐਸ ਐਮ) ਨੇ ਥੈਂਕਸਗਿਵਿੰਗ
ਦਿਵਸ ਮਨਾਉਂਦਿਆਂ ਅਮਰੀਕਾ ਦੇ 5 ਰਾਜਾਂ ਨਿਊ ਜਰਸੀ, ਨਿਊ ਯਾਰਕ, ਪੈਨਸਿਲਵਾਨੀਆ, ਮਾਸਾਚੂਸੈਟਸ ਤੇ ਕੋਨੈਕਟੀਕਟ ਵਿਚ
ਲੋੜਵੰਦਾਂ ਨੂੰ ਤਾਜ਼ਾ ਲੰਗਰ ਤਿਆਰ ਕਰਕੇ ਛਕਾਇਆ। ਸੰਸਥਾ ਦੇ ਪ੍ਰਬੰਧਕਾਂ ਅਨੁਸਾਰ 10000 ਤੋਂ ਵਧ ਲੰਗਰ ਦੇ ਪੈਕਟ ਤਿਆਰ
ਕੀਤੇ ਗਏ ਤੇ ਉਨਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਗਿਆ। ਬੇਘਰੇ ਲੋਕਾਂ, ਸੀਨੀਅਰ ਨਾਗਰਿਕਾਂ ਦੇ ਘਰਾਂ ਤੇ ਹੋਰ ਥਾਵਾਂ ‘ਤੇ ਲੰਗਰ
ਪਹੁੰਚਾਉਣ ਦੀ ਸੇਵਾ ਵਿਚ 700 ਤੋਂ ਵਧ ਸੇਵਾਦਾਰਾਂ ਨੇ ਹਿੱਸਾ ਲਿਆ ਜਿਨਾਂ ਵਿਚ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਿਲ ਸਨ।


ਸੇਵਾਦਾਰਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਪ੍ਰਬੰਧਕਾਂ ਅਨੁਸਾਰ ਲੰਗਰ ਦੀ ਇਹ ਸੇਵਾ ਸਿੱਖ ਧਰਮ ਦੇ ਸੰਸਥਾਪਕ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਕੀਤੀ ਜਾਂਦੀ ਹੈ ਜਿਨਾਂ ਨੇ ਲੰਗਰ ਦੀ ਰਵਾਇਤ ਸ਼ੁਰੂ ਕੀਤੀ ਸੀ। ਉਨਾਂ ਕਿਹਾ ਕਿ
ਸਾਰਾ ਵਿਸ਼ਵ ਇਕ ਭਾਈਚਾਰਾ ਹੈ ਤੇ ਇਥੇ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੈ। ਕੋਈ ਵੀ ਭੁੱਖਾ ਨਾ ਰਹੇ। ਇਹ ਹੀ ਸਾਡੇ ਧਰਮ ਦੀ
ਬੁਨਿਆਦ ਹੈ। ਪਿਛਲੇ ਲੰਬੇ ਸਮੇ ਤੋਂ ਸੇਵਾ ਕਰਦੀ ਆ ਰਹੀ ਬੀਬੀ ਹਰਲੀਨ ਕੌਰ ਅਨੁਸਾਰ ਉਹ ਪਿਛਲੇ 15 ਸਾਲਾਂ ਤੋਂ ਇਸ ਬੇਜੋੜ
ਸੇਵਾ ਨਾਲ ਜੁੜੀ ਹੋਈ ਹੈ। ਐਲ ਐਸ ਐਮ ਵੱਲੋਂ ਪਹਿਲੇ ਸਾਲ 1500 ਲੋਕਾਂ ਲਈ ਲੰਗਰ ਬਣਾਇਆ ਤੇ ਵਰਤਾਇਆ ਗਿਆ ਸੀ।
ਹੁਣ ਸਲਾਨਾ 20000 ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਆਉਣ ਵਾਲੇ ਸਾਲਾਂ ਵਿਚ ਇਹ ਗਿਣਤੀ ਹੋਰ ਵਧਾਉਣ ਦੀ ਯੋਜਨਾ
ਹੈ। ਪ੍ਰਬੰਧਕਾਂ ਅਨੁਸਾਰ ਥੈਂਕਸਗਿਵਿੰਗ ਦੀ ਇਹ ਹੀ ਸੱਚੀ ਭਾਵਨਾ ਹੈ।

Share This :

Leave a Reply