ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਇਕ ਲੱਖ ਹੋਈ

ਮ੍ਰਿਤਕਾਂ ਦੀ ਯਾਦ ਵਿਚ ਸਰਕਾਰੀ ਇਮਾਰਤਾਂ ‘ਤੇ ਅਮਰੀਕੀ ਝੰਡੇ ਅੱਧੇ ਝੁਕਾਏ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,00,000 ਹੋ ਜਾਣ ਦੇ ਦਰਮਿਆਨ ਮ੍ਰਿਤਕਾਂ ਦੀ ਯਾਦ ਵਿਚ ਰਾਸ਼ਟਰਪਤੀ ਟਰੰਪ ਨੇ ਸੰਘੀ ਇਮਾਰਤਾਂ ‘ਤੇ ਅਮਰੀਕੀ ਝੰਡੇ ਨੀਵੇਂ ਕਰਨ ਦਾ ਆਦੇਸ਼ ਦਿੱਤਾ ਹੈ। ਰਵਾਇਤੀ ਤੌਰ ‘ਤੇ ਅਮਰੀਕੀ ਝੰਡੇ ਫੌਜ ਦੇ ਸ਼ਹੀਦ ਜਵਾਨਾਂ ਦੀ ਯਾਦ ਵਿਚ ਨੀਵੇਂ ਕੀਤੇ ਜਾਂਦੇ ਹਨ ਤੇ ਸਰਕਾਰੀ ਇਮਾਰਤਾਂ ‘ਤੇ ਅੱਧ ਝੁਕੇ ਝੰਡੇ ਲਹਿਰਾਏ ਜਾਂਦੇ ਹਨ। ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਯਾਦ ਵਿਚ ਮੈਂ ਅਗਲੇ ਤਿੰਨ ਦਿਨਾਂ ਦੌਰਾਨ ਸੰਘੀ ਇਮਾਰਤਾਂ ਅਤੇ ਕੌਮੀ ਯਾਦਗਾਰਾਂ ਉਪਰ ਅਮਰੀਕੀ ਝੰਡੇ ਝੁਕਾ ਰਿਹਾ ਹਾਂ।

ਇਸ ਦੇ ਨਾਲ ਹੀ ਟਰੰਪ ਨੇ ਕਿਹਾ ਹੈ ਕਿ ਜੇਕਰ ਕੋਰੋਨਾਵਾਇਰਸ ਦਾ ਦੂਸਰੀ ਵਾਰ ਹਮਲਾ ਹੁੰਦਾ ਹੈ ਤਾਂ ਵੀ ਉਹ ਅਮਰੀਕਾ ਨੂੰ ਬੰਦ ਨਹੀਂ ਕਰਨਗੇ।
ਮੌਤਾਂ ਇਕ ਲੱਖ ਤੋਂ ਪਾਰ-
ਰਾਸ਼ਟਰਪਤੀ ਟਰੰਪ ਕੋਰੋਨਾਵਾਇਰਸ ਨਾਲ ਇਕ ਲੱਖ ਲੋਕਾਂ ਦੇ ਮਾਰੇ ਜਾਣ ਨੂੰ ਪ੍ਰਵਾਨ ਕਰ ਚੁੱਕੇ ਹਨ ਪਰ ਰਿਪੋਰਟਾਂ ਵਿਚ ਮੌਤਾਂ ਦੀ ਗਿਣਤੀ 96,354 ਦੱਸੀ ਗਈ ਹੈ। ਕੋਰੋਨਾਵਾਇਰਸ ਨਾਲ ਪੀੜਤ ਅਮਰੀਕੀਆਂ ਦੀ ਗਿਣਤੀ ਵਧਕੇ 16,20,902 ਹੋ ਗਈ ਹੈ ਜਿਨਾਂ ਵਿਚ ਸਰਗਰਮ ਮਾਮਲੇ 11,42,379 ਹਨ। ਮੌਤਾਂ ਦੇ ਮਾਮਲੇ ਵਿਚ ਨਿਊਯਾਰਕ ਰਾਜ ਪਹਿਲੇ ਸਥਾਨ ‘ਤੇ ਹੈ ਜਿਥੇ 28885 ਮੌਤਾਂ ਹੋ ਚੁੱਕੀਆਂ ਹਨ ਤੇ 3,66,357 ਕੋਰੋਨਾਪੀੜਤ  ਮਰੀਜ਼ ਹਨ ਜਿਨਾਂ ਵਿਚ 2,74,341 ਸਰਗਰਮ ਮਾਮਲੇ ਹਨ। ਦੂਸਰੇ ਸਥਾਨ ‘ਤੇ ਨਿਊਜਰਸੀ ਹੈ ਜਿਥੇ 10,852 ਅਮਰੀਕੀ ਦਮ ਤੋੜ ਚੁੱਕੇ ਹਨ ਤੇ 1,53,441 ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ।
ਟਰੰਪ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ–
ਫੋਰਡ ਫੈਕਟਰੀ ਦੇ ਦੌਰੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਸਕ ਪਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ ਪਰੰਤੂ ਰਾਸ਼ਟਰਪਤੀ ਨੇ ਕਿਹਾ ਕਿ ਉਹ ਫੋਟੋਗ੍ਰਾਫਰਾਂ ਦੇ ਨੇੜੇ ਮਾਸਕ ਪਾ ਕੇ ਉਨਾਂ ਨੂੰ ਖੁਸ਼ ਹੋਣ ਦਾ ਮੌਕਾ ਨਹੀਂ ਦੇਣਗੇ। ਦੌਰੇ ‘ਤੇ ਨਾਲ ਗਏ ਰਿਪੋਰਟਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਕੋਲ ਗੂੜੇ ਨੀਲੇ ਰੰਗ ਦਾ ਮਾਸਕ ਸੀ ਪਰ ਉਨਾਂ ਨੇ ਪਾਇਆ ਨਹੀਂ ਜਦ ਕਿ ਫੋਰਡ ਦੇ ਅਧਿਕਾਰੀਆਂ ਨੇ ਮਾਸਕ ਪਾਏ ਹੋਏ ਸਨ।
ਹਵਾਈ ਅੱਡਿਆਂ ‘ਤੇ ਸਕਰੀਨਿੰਗ ਸਹੂਲਤ ਦੀ ਘਾਟ-
ਦੇਸ਼ ਦੇ  ਹਵਾਈ ਅੱਡਿਆਂ ‘ਤੇ ਕੋਰੋਨਾਵਾਇਰਸ ਸਕਰੀਨਿੰਗ ਦੀ ਘਾਟ ਬਾਰੇ ਪੈਦਾ ਹੋਈ ਫਿਕਰਮੰਦੀ ਦੇ ਦਰਮਿਆਨ ਵਾਈਟ ਹਾਊਸ ਨੇ ਕਿਹਾ ਹੈ ਕਿ ਹਵਾਈ ਅੱਡਿਆਂ ਉਪਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਬੀਬੀ ਕੇਲੀਘ ਮੈਕਈਨੈਨੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਇਸ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਿਹਾ ਹੈ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੈਸ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟੀ.ਐਸ.ਏ ਤੇ ਏਅਰਲਾਈਨਾਂ ਨਾਲ ਮਿਲਕੇ ਕੰਮ ਕਰ ਰਹੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਹੁੰਦੇ ਹਾਂ ਕਿ ਸਾਡੇ ਟੀ.ਐਸ.ਏ ਮੁਲਾਜ਼ਮ ਤੇ ਜਹਾਜ਼ਾਂ ਵਿਚ ਸਫਰ ਕਰਨ ਵਾਲੇ ਲੋਕ ਸੁਰੱਖਿਅਤ ਰਹਿਣ।

Share This :

Leave a Reply