ਅਮਰੀਕਾ ਵਿੱਚ ਮੌਤਾਂ ਦੀ ਗਿਣਤੀ 8476 ਹੋਈ।
ਵਾਸ਼ਿੰਗਟਨ 5 ਅਪ੍ਰੈਲ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਸੰਖਿਆ 3 ਲੱਖ ਤੋਂ ਟੱਪ ਗਈ ਹੈ ਜਦ ਕਿ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਹਫ਼ਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਵਾਈਟ ਹਾਊਸ ਕੋਰੋਨਾਵਾਇਰਸ ਰਿਸਪੌਂਸ ਕੋਆਰਡੀਨੇਟਰ ਡਾ ਡੇਬੋਰਾਹ ਬ੍ਰਿਕਸ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਬਹ- ਵਾਇਰਸ ਸਥਾਨਾਂ ਦੇ ਮੱਦੇਨਜ਼ਰ ਮੌਤਾਂ ਵਧਣਗੀਆਂ। ਡਾ ਬ੍ਰਿਕਸ ਅਨੁਸਾਰ ਬਿਮਾਰੀ ਫੈਲਣ ਦੇ ਨਜ਼ਰੀਏ ਤੋਂ ਅਮਰੀਕਾ ਸਪੇਨ ਤੇ ਇਟਲੀ ਨਾਲੋਂ 12 ਦਿਨ ਪਿਛੇ ਹੈ ਜਿਥੇ ਹੁਣ ਨਵੇਂ ਮਰੀਜ਼ ਘਟਣੇ ਸ਼ੁਰੂ ਹੋ ਗਏ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮੰਦੇਭਾਗੀ ਅਗਲੇ ਹਫ਼ਤੇ ਬਹੁਤ ਜਿਆਦਾ ਘਾਤਕ ਹੋਣਗੇ। ਡਾ ਐਨਥਨੀ ਫੌਸੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਭਵਿੱਖ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਅਹਿਮ ਹੋਣਗੀਆਂ। ਉਨਾਂ ਕਿਹਾ ਹੈ ਕਿ ਇਕ ਦੂਸਰੇ ਤੋਂ ਅਲਹਿਦਾ ਹੋਏ ਜਾਂ ਦੂਰੀ ਬਣਾਏ ਬਿਨਾਂ ਵਾਇਰਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜੌਹਨਜ ਹੋਪਕਿੰਨਜ਼ ਯੁਨੀਵਰਸਿਟੀ ਅਨੁਸਾਰ ਦੇਸ਼ ਭਰ ਵਿਚ ਮੌਤਾਂ ਦੀ ਗਿਣਤੀ 8476 ਹੋ ਗਈ ਹੈ ਜਦ ਕਿ ਵਿਸ਼ਵ ਭਰ ਵਿਚ ਮੌਤਾਂ ਦਾ ਅੰਕੜਾ 64000 ਤੋਂ ਟੱਪ ਗਿਆ ਹੈ ਤੇ ਤਕਰੀਬਨ12 ਲੱਖ ਲੋਕ ਵਾਇਰਸ ਦੀ ਗ੍ਰਿਫ਼ਤ ਵਿਚ ਹਨ।
ਨਿਊਯਾਰਕ ਵਿਚ ਸੈਨਾ ਦੇ ਡਾਕਟਰ ਤਾਇਨਾਤ: ਨਿਊਯਾਰਕ ਵਿਚ ਕੋਰੋਨਾਵਾਇਰਸ ਕਾਰਨ ਹੋਈ ਖਤਰਨਾਕ ਸਥਿੱਤੀ ਨੂੰ ਵੇਖਦਿਆਂ ਹੋਇਆਂ ਟਰੰਪ ਪ੍ਰਸਾਸ਼ਨ ਨੇ ਉਥੇ ਸੈਨਿਕ ਡਾਕਟਰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਵਿਚ ਕੋਰੋਨਾਵਾਇਰਸ ਨਾਲ ਜੰਗ ਲਈ 1000 ਮੈਡੀਕਲ ਜਵਾਨ ਤਾਇਨਾਤ ਕਰਨਗੇ।
ਇਨਾਂ ਵਿਚ ਡਾਕਟਰ, ਨਰਸਾਂ, ਸਾਹ ਪ੍ਰਣਾਲੀ ਮਾਹਿਰ ਤੇ ਹੋਰ ਸਟਾਫ਼ ਸ਼ਾਮਿਲ ਹੋਵੇਗਾ। ਉਨਾਂ ਕਹਾ ਕਿ ਪਹਿਲਾਂ ਵੀ ਅਸੀਂ ਸੈਨਾ ਦੇ ਮੈਡੀਕਲ ਸਟਾਫ਼ ਦੀ ਮੱਦਦ ਲਈ ਹੈ ਪਰ ਹੁਣ ਇਹ ਮੱਦਦ ਵੱਡੀ ਪੱਧਰ ਉਪਰ ਲਈ ਜਾਵੇਗੀ। ਸੋਮਵਾਰ ਤੱਕ ਇਹ ਸਟਾਫ਼ ਨਿਊਯਾਰਕ ਪਹੁੰਚ ਜਾਵੇਗਾ ਜਿਥੇ ਇਸ ਦੀ ਸਭ ਤੋਂ ਵਧ ਲੋੜ ਹੈ। ਨਾਂ ਕਿਹਾ ਕਿ ਰਖਿਆ ਮੰਤਰੀ ਮਾਰਕ ਐਸਪਰ ਇਸ ਸਬੰਧੀ ਜਿਆਦਾ ਵੇਰਵੇ ਦੇਣਗੇ। ਟਰੰਪ ਨੇ ਗਵਰਨਰਾਂ ਵੱਲੋਂ ਵੈਂਟੀਲੇਟਰਾਂ ਦੀ ਘਾਟ ਦੀ ਦਿੱਤੀ ਚਿਤਾਵਨੀ ਬਾਰੇ ਕਿਹਾ ਹੈ ਕਿ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਕਿਹਾ ਕਿ ਕੁੱਝ ਰਾਜਾਂ ਕੋਲ ਲੋੜ ਨਾਲੋਂ ਵਧ ਵੈਂਟੀਲੇਟਰ ਹਨ ਪਰ ਉਹ ਇਸ ਗੱਲ ਨੂੰ ਸਵਿਕਾਰ ਨਹੀਂ ਕਰ ਰਹੇ। ਉਹ ਓਦੋਂ ਹੀ ਸਵਿਕਾਰਨਗੇ ਜਦੋਂ ਹਰ ਗਲ ਖਤਮ ਹੋ ਜਾਵੇਗੀ। ਇਸ ਸਮੇਂ ਉਹ ਸਾਡੀ ਮੱਦਦ ਨਹੀਂ ਕਰ ਰਹੇ। ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਨੇ ਕਿਹਾ ਹੈ ਕਿ ਰਾਜ ਨੂੰ 30000 ਵੈਂਟੀਲੇਟਰਾਂ ਦੀ ਲੋੜ ਹੈ ਤੇ ਇਸ ਹਫ਼ਤੇ ਦੇ ਅੱਧ ਤੱਕ ਵੈਂਟੀਲੇਟਰਾਂ ਦੀ ਘਾਟ ਪੈਦਾ ਹੋ ਜਾਵੇਗੀ। ਉਨਾਂ ਕਿਹਾ ਕਿ ਰਾਜ ਨੇ 17000 ਵੈਂਟੀਲੇਟਰਾਂ ਦਾ ਆਪਣੇ ਤੌਰ ਤੇ ਆਰਡਰ ਦਿੱਤਾ ਸੀ ਪਰ ਵਧੀ ਮੰਗ ਕਾਰਨ ਇਹ ਸਾਨੂੰ ਨਹੀਂ ਮਿਲੇ।