ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਪੁਲਿਸ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ ਅਹਿਮ ਉਪਰਾਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਪੁਲਿਸ ਲਾਇਨ ਸਮੇਤ ਪੁਲਿਸ ਥਾਣਿਆਂ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਰੋਗਾਣੂ ਮੁਕਤ ਕਰਨ ਲਈ ਪੀ.ਆਈ. ਇੰਡਸਟਰੀਜ ਗੁਰੂਗ੍ਰਾਮ ਦੇ ਸਹਿਯੋਗ ਨਾਲ ਵਿਸ਼ੇਸ਼ ਜਪਾਨੀ ਮਸ਼ੀਨ ਨਗਰ ਨਿਗਮ ਨੂੰ ਮੁਹੱਈਆ ਕਰਵਾਈ ਹੈ। ਇਹ ਮਸ਼ੀਨ ਖੇਤਾਂ ਵਿੱਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਮੁਫ਼ਤ ਉਪਲਬੱਧ ਕਰਵਾਈ ਇਸ ਜਪਾਨੀ ਮਸ਼ੀਨ ਵਿੱਚ ਇੱਕ ਵਾਰ 600 ਲਿਟਰ ਰੋਗਾਣੂ ਮੁਕਤ ਦਵਾਈ ਸੋਡੀਅਮ ਹਾਈਪੋਕਲੋਰਾਈਡ ਦਾ ਘੋਲ ਪਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਕੀਤਾ ਜਾਣ ਵਾਲਾ ਸਪਰੇਅ ਕਾਫ਼ੀ ਦੂਰ ਤੱਕ ਜਾਂਦਾ ਹੈ ਜਿਸ ਕਰਕੇ ਇਸ ਦੇ ਚੰਗੇ ਨਤੀਜੇ ਆਉਣਗੇ। ਉਨ੍ਹਾਂ ਦੱਸਿਆ ਕਿ ਆਉਂਦੇ 5 ਦਿਨ ਇਹ ਮਸ਼ੀਨ ਪਟਿਆਲਾ ਵਿਖੇ ਰਹੇਗੀ ਅਤੇ ਇਸ ਨਾਲ ਪੁਲਿਸ ਲਾਇਨ ਅਤੇ ਪੁਲਿਸ ਥਾਣਿਆਂ ਸਮੇਤ ਸ਼ਹਿਰ ਦੀਆਂ ਸੜਕਾਂ ‘ਤੇ ਇਸ ਘੋਲ ਦਾ ਛਿੜਕਾਅ ਕੀਤਾ ਜਾਵੇਗਾ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਪਟਿਆਲਾ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਮਸ਼ੀਨ ਨਾਲ ਬੱਸ ਸਟੈਂਡ, ਖੰਡਾ ਚੌਂਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਥਾਪਰ ਯੂਨੀਵਰਸਿਟੀ ਚੌਂਕ, ਭੁਪਿੰਦਰਾ ਰੋਡ, ਫੁਹਾਰਾ ਚੌਂਕ, ਅਪਰ ਮਾਲ, ਲੋਅਰ ਮਾਲ, ਮਾਲ ਰੋਡ ਆਦਿ ਮੁੱਖ ਸੜਕਾਂ ਸਮੇਤ ਸ਼ਹਿਰ ਦੀਆਂ ਹੋਰ ਥਾਂਵਾਂ ‘ਤੇ ਡਿਸਇਨਫੈਕਟੈਂਟ ਦਾ ਛਿੜਕਾਅ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਪਹਿਲਾਂ ਹੀ ਸ਼ਹਿਰ ਵਿੱਚ ਵੱਡੀ ਸਪਰੇਅ ਮਸ਼ੀਨ ਟ੍ਰੈਕਟਰ ਦੇ ਪਿੱਛੇ ਲਗਾ ਕੇ ਅਤੇ ਹੱਥਾਂ ਵਾਲੇ ਸਪਰੇਅ ਪੰਪਾਂ ਨਾਲ ਰੋਗਾਣੂ ਮੁਕਤ ਘੋਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਅਗਲੇ ਦਿਨਾਂ ਵਿੱਚ ਜਾਰੀ ਰੱਖਿਆ ਜਾਵੇਗਾ।