
ਤੰਦੂਰ ਦੀ ਰੋਟੀ ਹੀ ਕਦੇ ਪੂਰੇ ਪੰਜਾਬ ਵਿੱਚ ਬੜੇ ਹੀ ਚਾਅ ਨਾਲ ਖਾਧੀ ਜਾਂਦੀ ਸੀ ਲੇਕਿਨ ਹੁਣ ਤੰਦੂਰੀ ਰੋਟੀ ਸਿਰਫ ਢਾਬਿਆਂ ਤੇ ਹੀ ਰਹਿ ਗਈ ਹੈ ਜਾਂ ਫੰਕਸ਼ਨ, ਵਿਆਹ, ਸ਼ਾਦੀ ਆਦਿ ਤੇ ਹੀ ਖਾਧੀ ਜਾਂਦੀ ਹੈ। ਪਹਿਲਾਂ ਹਰ ਘਰ ਚ ਤੰਦੂਰ ਹੋਇਆ ਕਰਦਾ ਸੀ ਤੇ ਘਰਦੀ ਹਰ ਵੱਡੀ ਛੋਟੀ ਔਰਤ ਨੂੰ ਤੰਦੂਰ ਬਣਾਉਣਾ, ਲਿੱਪਣਾ, ਤੰਦੂਰ ਤਪਾਉਣਾ ਤੇ ਤੰਦੂਰੀ ਰੋਟੀ ਤੇਜ਼ੀ ਨਾਲ ਲਾਹੁਣੀ ਆਉਂਦੀ ਸੀ।
ਉਦੋਂ ਰੋਟੀ ਮਿੱਟੀ ਦੇ ਤੰਦੂਰ ਦੀ, ਦਾਲ ਤੇ ਸਬਜ਼ੀ ਮਿੱਟੀ ਦੇ ਕੁੱਜੇ ਦੀ, ਦੁੱਧ ਮਿੱਟੀ ਦੀ ਕਾਹੜਨੀ ਦਾ, ਲੱਸੀ ਤੇ ਦਹੀਂ ਮਿੱਟੀ ਦੇ ਚਟੂਰੇ ਜਾਂ ਰਿੜਕਣੇ ਦੇ, ਚਟਣੀ ਮਿੱਟੀ ਦੇ ਕੂੰਡੇ ਦੀ, ਅਚਾਰ ਮਿੱਟੀ ਦੇ ਤੌੜੇ ਦਾ, ਆਟਾ ਮਿੱਟੀ ਦੇ ਭੜੋਲੇ ਦਾ ਹੁੰਦਾ ਸੀ। ਹੋਰ ਤਾਂ ਹੋਰ ਉਦੋਂ ਰਸੋਈ ਦਾ ਸਾਮਾਨ ਸੰਭਾਲਣ ਵਾਲੀ ਕੋਠੜੀ ਵੀ ਮਿੱਟੀ ਦੀ ਹੁੰਦੀ ਸੀ, ਪਾਣੀ ਮਿੱਟੀ ਦੇ ਘੜੇ ਦਾ ਹੋਇਆ ਕਰਦਾ ਸੀ ਤੇ ਪਾਣੀ ਆਉਂਦਾ ਵੀ ਕੱਚੇ ਖੂਹ ਚੋਂ ਹੀ ਸੀ। ਉਦੋਂ ਘਰ ਵੀ ਮਿੱਟੀ ਦੇ, ਚੁੱਲਾ, ਚੌਂਤਰਾ ਤੇ ਚਾਰ ਦੀਵਾਰੀ ਵੀ ਮਿੱਟੀ ਦੀ ਹੋਇਆ ਕਰਦੀ ਸੀ। ਪਸ਼ੂਆਂ ਦੀ ਖੁਰਲੀ ਵੀ ਮਿੱਟੀ ਦੀ ਸੀ ਤੇ ਉਹਨਾਂ ਦੇ ਪਾਣੀ ਵਾਲਾ ਛੱਪੜ ਵੀ ਕੱਚਾ ਮਿੱਟੀ ਦਾ ਹੋਇਆ ਕਰਦਾ ਸੀ।

ਅਸਲ ਵਿੱਚ ਤੰਦੂਰੀ ਰੋਟੀ, ਚੁੱਲ੍ਹੇ ਦੀ ਰੋਟੀ ਤੋਂ ਕਿਤੇ ਵੱਧ ਪੌਸ਼ਟਿਕ, ਹਾਜ਼ਮੇਦਾਰ, ਸੋਹਣੀ ਤੇ ਸੁਆਦੀ ਹੁੰਦੀ ਹੈ। ਚੁੱਲੇ ਦੀ ਰੋਟੀ ਤਵੇ ਤੇ ਬਣਨ ਕਾਰਨ ਵਾਰ ਵਾਰ ਜ਼ਿਆਦਾ ਗਰਮ ਲੋਹੇ ਤੇ ਲੱਗਣ ਕਾਰਨ ਵਧੇਰੇ ਸੜ ਜਾਂਦੀ ਹੈ। ਇਸੇ ਕਾਰਨ ਤਵੇ ਦੀ ਰੋਟੀ ਨੂੰ ਜੇ ਚੋਪੜਿਆ ਨਾ ਜਾਵੇ ਤਾਂ ਇਹ ਖਾਣੀ ਔਖੀ ਹੋ ਜਾਂਦੀ ਹੈ ਤੇ ਇਸ ਚੋਂ ਅਨਾਜ ਦੀ ਮਹਿਕ ਆਉਣ ਦੀ ਬਜਾਏ ਤਵੇ ਦੀ ਅਜੀਬ ਕੁੜੱਤਣ ਜਿਹੀ ਜ਼ਰੂਰ ਆਉਂਦੀ ਹੈ।
ਤਵੇ ਦੀ ਰੋਟੀ ਤੇ ਬਣਨ ਵਾਲੇ ਕਾਲੇ ਟਿਮਕਣੇ ਅਸਲ ਵਿੱਚ ਅਨਾਜ ਦੇ ਜ਼ਿਆਦਾ ਸੜਨ ਕਾਰਨ ਬਣਦੇ ਹਨ। ਇਹ ਸੜਿਆ ਅਨਾਜ ਖਤਰਨਾਕ ਕਾਰਬਨ ਹੀ ਹੁੰਦਾ ਹੈ। ਇਸ ਕਾਰਨ ਵਧੇਰੇ ਟਿਮਕਣਿਆਂ ਵਾਲੀ ਤਵੇ ਦੀ ਰੋਟੀ ਖਾਣ ਤੇ ਸਰੀਰ ਅੰਦਰ ਫਰੀ ਰੈਡੀਕਲਜ਼ ਵੱਧ ਬਣਦੇ ਹਨ ਜੋ ਰੋਗਾਂ ਦਾ ਕਾਰਨ ਬਣਦੇ ਹਨ।
ਪ੍ਰੰਤੂ ਤੰਦੂਰੀ ਰੋਟੀ ਤੇ ਕਾਲਿਆਂ ਦੀ ਬਿਜਾਇ ਭੂਰੇ ਟਿਮਕਣੇ ਬਣਦੇ ਹਨ। ਜੋ ਕਿ ਖਾਣ ਚ ਸੁਰੱਖਿਅਤ ਹਨ। ਕਿਉਂਕਿ ਇਹ ਅਨਾਜ ਦੇ ਜ਼ਿਆਦਾ ਨਾਂ ਸੜਨ ਕਾਰਨ ਪ੍ਰੰਤੂ ਥੋੜਾ ਵੱਧ ਸੇਕ ਲੱਗਣ ਕਾਰਨ ਹੀ ਬਣਦੇ ਹਨ। ਜੇ ਤੁਸੀਂ ਤਵੇ ਦੀ ਰੋਟੀ ਦਾ ਕਾਲਾ ਟਿਮਕਣਾ ਹੀ ਖਾਕੇ ਦੇਖੋ ਤਾਂ ਕੌੜਾ ਲੱਗੇਗਾ ਜਦ ਕਿ ਤੰਦੂਰੀ ਰੋਟੀ ਦਾ ਭੂਰਾ ਜਿਹਾ ਟਿਮਕਣਾ ਤੋੜਕੇ ਖਾਉ ਤਾਂ ਖਾਣ ਚ ਸੁਆਦੀ ਹੁੰਦਾ ਹੈ।
ਤੰਦੂਰੀ ਰੋਟੀ ਪਕਾਉਣ ਲਾਉਣ ਲੱਗਿਆਂ ਵੱਖਰਾ ਪਾਣੀ ਲਾਇਆ ਜਾਂਦਾ ਹੈ ਜੋ ਰੋਟੀ ਨੂੰ ਖੁਸ਼ਕ ਹੋਣ ਤੋਂ ਵੀ ਬਚਾਉਂਦਾ ਹੈ ਤੇ ਰੋਟੀ ਨੂੰ ਕਿਸੇ ਚੀਜ਼ ਦੇ ਭਾਫ ਤੇ ਪੱਕਣ ਵਾਂਗ ਹੋਰ ਲਜ਼ੀਜ਼ ਤੇ ਮੁਫੀਦ ਬਣਾਉਂਦਾ ਹੈ। ਪ੍ਰੰਤੂ ਤਵੇ ਦੀ ਰੋਟੀ ਤੇ ਪਾਣੀ ਦੀ ਜਗਾ ਸੁੱਕੇ ਆਟੇ ਦਾ ਪਲੇਥਣ ਲਾਇਆ ਜਾਂਦਾ ਹੈ ਜੋ ਕਿ ਤਵੇ ਦੇ ਸੇਕ ਕਾਰਨ ਜਲਦੀ ਸੜਦਾ ਹੈ। ਉਸਦਾ ਧੂੰਆਂ ਵੀ ਰੋਟੀ ਨੂੰ ਜ਼ਹਿਰੀਲਾ ਤੇ ਪ੍ਰਦੂਸ਼ਿਤ ਕਰਦਾ ਹੈ ਤੇ ਰੋਟੀ ਦਾ ਸੁਆਦ ਵੀ ਖਰਾਬ ਕਰਦਾ ਹੈ ਤੇ ਦਿੱਖ ਵੀ ਵਿਗਾੜਦਾ ਹੈ।
ਸਾਨੂੰ ਤੇ ਸਾਡੇ ਬੱਚਿਆਂ ਨੂੰ ਤੰਦੂਰੀ ਰੋਟੀ ਬੇਹੱਦ ਪਸੰਦ ਹੈ। ਅਸਲ ਵਿੱਚ ਅਸੀਂ ਸਾਡੇ ਬੱਚਿਆਂ ਨੂੰ ਬਹੁਤ ਛੋਟੇ ਹੁੰਦਿਆਂ ਤੋਂ ਹੀ ਤੰਦੂਰੀ ਰੋਟੀ ਖਾਣ ਦੀ ਆਦਤ ਪਾ ਲੈਂਦੇ ਸਾਂ। ਅਸੀਂ ਅਕਸਰ ਹੀ ਤੰਦੂਰੀ ਨਾਨ, ਤੰਦੂਰੀ ਮਿੱਸੀ ਰੋਟੀ, ਤੰਦੂਰੀ ਮਿੱਠੀ ਰੋਟੀ, ਤੰਦੂਰੀ ਬਾਜਰੇ ਦੀ ਰੋਟੀ, ਤੰਦੂਰੀ ਮਿਕਸ ਆਟੇ ਦੀ ਰੋਟੀ ਤੇ ਸਟੱਫਡ ਤੰਦੂਰੀ ਰੋਟੀ ਆਦਿ ਰਲ ਮਿਲ ਬਣਾਉਂਦੇ ਰਹਿੰਦੇ ਹਾਂ। ਬਹੁਤ ਵਾਰ ਅਸੀਂ ਤੰਦੂਰੀ ਰੋਟ, ਕੁੱਕੀਜ਼, ਪੀਜ਼ਾ ਤੇ ਕੇਕ ਵੀ ਘਰੇ ਹੀ ਤੰਦੂਰ ਚ ਬਣਾਇਆ ਹੈ।
ਸਾਡੇ ਬੱਚਿਆਂ ਨੂੰ ਵੀ ਅਸੀਂ ਖਾਸ ਕਰਕੇ ਤੰਦੂਰੀ ਕੁੱਕਰੀ ਸਿਖਾਈ ਹੈ। ਤੰਦੂਰ ਘਰੇ ਬਣਾਉਣ, ਤੰਦੂਰ ਸੰਭਾਲਣ, ਤੰਦੂਰ ਪਹਿਲੀ ਵਾਰ ਤਪਾਉਣ, ਤੰਦੂਰ ਤਪੇ ਦਾ ਸਹੀ ਪਤਾ ਲਾਉਣ, ਹਰ ਤਰ੍ਹਾਂ ਦੀ ਤੰਦੂਰੀ ਰੋਟੀ ਵਾਸਤੇ ਆਟਾ ਗੁੰਨਣ ਤੇ ਪਕਾਉਣ ਦੀਆਂ ਵੀਡੀਓਜ਼ ਵੀ ਅਸੀਂ ਜਲਦੀ ਪਾਵਾਂਗੇ।
ਅਸੀਂ ਬਹੁਤ ਵੱਡੀ ਵੱਡੀ ਉਮਰ ਦੇ ਪੰਜਾਬੀ ਬਜ਼ੁਰਗਾਂ ਨਾਲ ਲੰਮੀ ਗੱਲਬਾਤ ਪੁਰਾਣੇ ਪੰਜਾਬ ਬਾਰੇ ਕੀਤੀ ਹੈ। ਬਹੁਤ ਬਜ਼ੁਰਗਾਂ ਦੀਆਂ ਸਾਡੇ ਕੋਲ ਰਿਕਾਰਡਿੰਗਜ਼ ਵੀ ਹਨ। ਉਹਨਾਂ ਤੋਂ ਪੁਰਾਣੇ ਪੰਜਾਬ ਤੇ ਪੰਜਾਬੀਆਂ ਬਾਰੇ ਸੁਣਕੇ ਤੇ ਅੱਜ ਦੇ ਪੰਜਾਬ ਨੂੰ ਦੇਖਕੇ ਯਕੀਨ ਨਹੀਂ ਆਉਂਦਾ ਕਿ ਇਸੇ ਧਰਤੀ ਤੇ ਥੋੜੇ ਸਾਲ ਪਹਿਲਾਂ ਤੱਕ ਐਨੇ ਮਹਾਨ ਲੋਕ ਰਹਿੰਦੇ ਹਨ।
ਉਹ ਲੋਕ ਧਰਤੀ ਨੂੰ ਅਪਣੀ ਸੱਚਮੁੱਚ ਮਾਂ ਸਮਝਦੇ ਸੀ। ਪਾਣੀ ਤੇ ਹਵਾ ਨੂੰ ਰੱਬੀ ਵਰਦਾਨ ਸਮਝਦੇ ਸੀ। ਉਹ ਸਭ ਜੀਵਾਂ ਨੂੰ ਜਿਉਣ ਦਿੰਦੇ ਸੀ਼। ਬਹੁਤ ਜੀਵ ਜੰਤੂ ਉਹਨਾਂ ਦੇ ਘਰਾਂ ਚ ਪੂਰੇ ਹੱਕ ਨਾਲ ਰਹਿੰਦੇ ਸੀ। ਉਹਨਾਂ ਦੇ ਖੇਤਾਂ ਵਿੱਚ ਵੀ ਅਨੇਕਾਂ ਜੰਗਲੀ ਜੀਵ ਰਹਿੰਦੇ ਸੀ। ਲੇਕਿਨ ਉਹ ਉਹਨਾਂ ਨੂੰ ਦੌੜਾ ਜ਼ਰੂਰ ਦਿੰਦੇ ਸੀ ਲੇਕਿਨ ਅੱਜ ਵਾਂਗ ਜਾਨੋਂ ਨਹੀਂ ਮਾਰਦੇ ਸੀ।
ਉਦੋਂ ਹਰ ਬੰਦਾ ਮਿਹਣਤੀ ਸੀ ਤੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਲੇਕਿਨ ਨਾਂ ਤਾਂ ਅੱਜ ਵਾਂਗ ਕਿਸੇ ਨੂੰ ਮਿੱਟੀ ਧੂੜ ਅਲੱਰਜੀ ਕਰਦੀ ਸੀ ਤੇ ਨਾਂ ਹੀ ਕੋਈ ਅੱਜ ਵਾਂਗ ਮਿੱਟੀ ਤੋਂ ਦੂਰ ਭਜਦਾ ਸੀ।
ਉਦੋਂ ਨਾਂ ਕੋਈ ਡਾਇਟੀਸ਼ਨ ਸੀ ਪਰ ਕਿਸੇ ਨੂੰ ਖੁਰਾਕੀ ਤੱਤਾਂ ਦੀ ਘਾਟ ਵਾਧ ਦੇ ਰੋਗ ਨਹੀਂ ਸੀ। ਉਦੋਂ ਕੋਈ ਜਿੱਮ ਵੀ ਨਹੀਂ ਸੀ ਤੇ ਕੋਈ ਟਰੇਨਰ ਵੀ ਨਹੀਂ ਸੀ, ਪ੍ਰੰਤੂ ਉਦੋਂ ਸਭ ਦੇ ਹੀ ਸਰੀਰ ਅੱਜ ਦੇ ਜਿੱਮਾਂ ਚ ਸਖਤ ਮਿਹਨਤ ਕਰਕੇ ਬਣਾਏ ਸਰੀਰਾਂ ਵਰਗੇ ਸੋਹਣੇ ਸਰੀਰ ਸੀ।

ਬੈਂਸ ਹੈਲਥ ਸੈਂਟਰ ਮੋਗਾ 9463038229




















