ਫਤਿਹਗੜ੍ਹ ਸਾਹਿਬ (ਮੀਡੀਆ ਬਿਊਰੋ ) ਬੀਬੀ ਅਮਰਪਾਲ ਕੌਰ ਸੁਪਤਨੀ ਸ. ਗੋਬਿੰਦ ਸਿੰਘ ਲੋਂਗੌਵਾਲ ਪ੍ਰਧਾਨ ਸ਼ੋ੍ਰਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਬੀਤੇ ਦਿਨੀ ਹੋਏ ਅਚਾਨਕ ਅਕਾਲ ਚਲਾਣੇ ਉਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸ. ਇਕਬਾਲ ਸਿੰਘ ਟਿਵਾਣਾ, ਸ. ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ. ਕੁਸ਼ਲਪਾਲ ਸਿੰਘ ਮਾਨ, ਪੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਸੇਵਕ ਸਿੰਘ ਜਵਾਹਰਕੇ, ਸ. ਹਰਪਾਲ ਸਿੰਘ ਬਲੇਰ, ਸ. ਲਖਵੀਰ ਸਿੰਘ ਮਹੇਸ਼ਪੁਰੀਆ, ਸ. ਗੁਰਜੰਟ ਸਿੰਘ ਕੱਟੂ ਆਦਿ ਆਗੂਆਂ ਨੇ ਲੋਗੌਂਵਾਲ ਪ੍ਰੀਵਾਰ ਨਾਲ ਜਿੱਥੇ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕੀਤੀ, ਉਥੇ ਵਿੱਛੜੀ ਆਤਮਾ ਦੀ ਸ਼ਾਤੀ ਲਈ ਸਾਮੂਹਿਕ ਤੌਰ ਤੇ ਗੁਰੂ ਚਰਨਾਂ ਵਿਚ ਅਰਜੋਈ ਕੀਤੀ ਗਈ।
ਆਗੂਆਂ ਨੇ ਇਸ ਸਮੇਂ ਕਿਹਾ ਕਿ ਉਸ ਅਕਾਲ ਪੁਰਖ ਨੇ ਸਾਨੂੰ ਜਿੰਨੇ ਸਵਾਸ ਬਖਸ਼ਿਸ਼ ਕੀਤੇ ਹਨ, ਉਹ ਸਭਨਾਂ ਨੇ ਆਪੋ ਆਪਣੇ ਸਵਾਸਾਂ ਨੂੰ ਪੂਰਨ ਕਰਦੇ ਹੋਏ ਸਮੇਂ ਸਮੇਂ ਨਾਲ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿਣਾ ਹੈ। ਇਹ ਸਭ ਕੁਝ ਉਸ ਦੁਨੀਆਂ ਦੇ ਰਚਨਹਾਰੇ ਦੇ ਹੁਕਮ ਵਿਚ ਹੈ। ਫਿਰ ਕਿਉਂ ਨਾ ਇਨਾਂ ਮਿਲੇ ਮਨੁੱਖੀ ਜੀਵਨ ਦੇ ਕੀਮਤੀ ਸਵਾਸਾਂ ਨੂੰ ਸਮਾਜ, ਮਨੁੱਖਤਾ, ਕੌਮ, ਧਰਮ ਦੀ ਬਿਹਤਰੀ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਵਿਚ ਲਾਇਆ ਜਾਵੇ। ਅੱਜ ਬੀਬੀ ਅਮਰਪਾਲ ਕੌਰ ਜਦੋਂ ਵਿਛੋੜਾ ਦੇ ਗਏ ਹਨ ਅਤੇ ਸ. ਗੋਬਿੰਦ ਸਿੰਘ ਲੋਂਗੋਂਵਾਲ ਅਤੇ ਉਨਾਂ ਦਾ ਸਮੁੱਚਾ ਪ੍ਰੀਵਾਰ ਗਹਿਰੇ ਸਦਮੇ ਵਿਚ ਹੈ, ਅਸੀਂ ਅਜਿਹੇ ਸਮੇਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਸ. ਲੌਂਗੋਂਵਾਲ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਗੁਰੂ ਦੇ ਭਾਣੇ ਵਿਚ ਜੀਵਨ ਬਸਰ ਕਰਨ ਦੀ ਜਿੱਥੇ ਸ਼ਕਤੀ ਦੀ ਬਖਸਿਸ਼ ਕਰਨ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਖ ਸੇਵਾ ਉਤੇ ਵਿਚਰਦੇ ਹੋਏ ਉਨ੍ਹਾਂ ਨੂੰ ਬਲਬੁੱਧੀ ਅਤੇ ਦ੍ਰਿੜਤਾ ਦੀ ਬਖਸਿਸ਼ ਕਰਨ, ਤਾਂ ਕਿ ਉਹ ਇਸ ਸਦਮੇ ਨੂੰ ਸਹਿਣ ਦੀ ਸ਼ਕਤੀ ਪ੍ਰਾਪਤ ਕਰਨ ਦੇ ਨਾਲ ਨਾਲ ਸਿੱਖ ਕੋਮ ਦੀ ਮਹਾਨ ਸੰਸਥਾਂ ਦੇ ਪ੍ਰਬੰਧ ਵਿਚ ਲੰਮੇ ਸਮੇਂ ਤੋਂ ਆ ਚੁੱਕੀਆਂ ਇਖ਼ਲਾਕੀ ਗਿਰਾਵਟਾਂ ਨੂੰ ਦੂਰ ਕਰਦੇ ਹੋਏ ਸਿੱਖ ਕੌਮ ਅਤੇ ਮਨੁੱਖਤਾ ਦੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੂਸਾਰ ਨਿਰੰਤਰ ਸੇਵਾ ਕਰਦੇ ਰਹਿਣ ਅਤੇ ਕੌਮ ਉਤੇ ਵੱਖ ਵੱਖ ਮੁੱਦਿਆਂ ਉਤੇ ਉਠੇ ਵਿਵਾਦਾਂ ਨੂੰ ਦ੍ਰਿੜਤਾ ਨਾਲ ਖਤਮ ਕਰਕੇ ਸੇਵਾ ਕਰਦੇ ਰਹਿਣ। ਅਜਿਹੇ ਕੀਤੇ ਜਾਣ ਵਾਲੇ ਉਨਾਂ ਦੇ ਊਦਮ ਜਿੱਥੇ ਵਿੱਛੜੀ ਆਤਮਾ ਨੂੰ ਇੱਕ ਅਲੌਕਿਕ ਸਕੂਨ ਪ੍ਰਦਾਨ ਕਰਨਗੇ, ਉਥੇ ਸ. ਗੋਬਿੰਦ ਸਿੰਘ ਲੋਂਗੋਂਵਾਲ ਬੀਬੀ ਅਮਰਪਾਲ ਕੌਰ ਦੀ ਯਾਦ ਨੂੰ ਸਦਾ ਲਈ ਕਾਇਮ ਰੱਖਣ ਵਿਚ ਸਫ਼ਲ ਹੋਣਗੇ।





















