ਫ਼ਤਹਿਗੜ੍ਹ ਸਾਹਿਬ (ਸੂਦ )-ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਵਾਇਰਸ ਦੇ ਕਾਰਨ ਰੋਜ਼ੀ ਰੋਟੀ ਤੋ ਲਾਚਾਰ ਅਪਣੇ ਘਰਾਂ ਵਿੱਚ ਬੈਠੇ ਲੋਕਾਂ ਦੇ ਘਰਾਂ ਦੇ ਬਿਜਲੀ ਬਿੱਲ ਤੁਰੰਤ ਮੁਆਫ ਕਰੇ ਤਾ ਜੋ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ।
ਰਾਜੂ ਖੰਨਾ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੂੰ ਜਿਥੇ ਬਿਨਾਂ ਪੱਖਪਾਤ ਤੋਂ ਕੇਦਰ ਸਰਕਾਰ ਵੱਲੋਂ ਆਇਆ ਰਾਸਨ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਉਥੇ ਲੋਕਾਂ ਦੀ ਆਰਥਿਕ ਵਿੱਤੀ ਹਾਲਤ ਨੂੰ ਦੇਖਦੇ ਹੋਏ ਤੁਰੰਤ 3 ਮਹੀਨੇ ਤੱਕ ਦੇ ਘਰਾ ਦੇ ਬਿਜਲੀ ਬਿੱਲ ਮੁਆਫ ਕਰਨੇ ਚਾਹੀਦੇ ਹਨ। ਕਿਉਂਕਿ ਜੋ ਲੋਕ ਅਪਣਾ ਤੇ ਅਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਵੱਖ ਵੱਖ ਕੰਮ ਕਾਜ ਕਰਕੇ ਕਰ ਰਹੇ ਸਨ ਉਹ ਅੱਜ ਲਾਕਡਾਊਨ ਕਾਰਨ ਅਪਣੇ ਘਰਾਂ ਵਿੱਚ ਹੀ ਬੈਠੇ ਹਨ, ਜਿਹਨਾਂ ਦਾ ਗੁਜ਼ਾਰਾ ਸਿਰਫ ਤੇ ਸਿਰਫ ਕੰਮਕਾਜ ਹੀ ਹੈ ਪਰ ਅੱਜ ਉਹ ਲੋਕ ਰੋਜ਼ੀ ਰੋਟੀ ਤੋ ਲਾਚਾਰ ਫ਼ਿਕਰਮੰਦ ਹੋ ਕੇ ਸਰਕਾਰ ਦੀਆ ਰਾਹਤਾਂ ਵੱਲ ਤੱਕ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਹਲਕੇ ਅੰਦਰ ਅਜਿਹੇ ਲੋੜਵੰਦ ਪਰਿਵਾਰਾਂ ਦੇ ਫੋਨ ਆ ਰਹੇ ਹਨ ਜਿਹਨਾਂ ਪਾਸ ਅਜੇ ਤੱਕ ਕੋਈ ਵੀ ਸਰਕਾਰੀ ਰਾਹਤ ਨਹੀਂ ਪੁੱਜੀ। ਜਿਸ ਦਾ ਮਾਮਲਾ ਉਹ ਪਹਿਲਾਂ ਹੀ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਅਤੇ ਇਸ ਰਾਸਨ ਵੰਡਣ ਦੇ ਪੱਖਪਾਤੀ ਰਵੱਈਆ ਤੋ ਉਹ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋੜਵੰਦਾਂ ਨੂੰ ਕੋਈ ਰਾਹਤ ਨਹੀਂ ਪ੍ਰਦਾਨ ਕਰ ਸਕਦੀ ਤਾ ਉਸ ਨੂੰ ਇਹ ਕੋਈ ਹੱਕ ਨਹੀਂ ਕਿ ਉਹ ਕੇਦਰ ਸਰਕਾਰ ਤੋ ਲੋੜਵੰਦਾਂ ਪਰਿਵਾਰਾਂ ਲਈ ਆਏ ਰਾਸਨ ਵਿਚ ਕਿਸੇ ਵੀ ਲੋੜਵੰਦ ਪਰਿਵਾਰ ਨਾਲ ਕਾਣੀਵੰਡ ਕਰੇ। ਉਹਨਾਂ ਜਿਥੇ ਇਸ ਸੰਕਟ ਦੀ ਘੜੀ ਵਿੱਚ ਲੰਗਰਾਂ ਦੀ ਸੇਵਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚੇ ਤੌਰ ਤੇ ਜਿਕਰ ਕੀਤਾ ਉਥੇ ਉਹਨਾਂ ਹਲਕਾ ਅਮਲੋਹ ਅੰਦਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ,ਤੇ ਪਾਰਟੀਬਾਜੀ ਤੋ ਉੱਪਰ ਉੱਠ ਕੇ ਲੋੜਵੰਦਾਂ ਦੀ ਸਹਾਇਤਾ ਕਰ ਰਹੀਆਂ ਪਾਰਟੀਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ ਤਾ ਜੋ ਇਸ ਕੋਰੋਨਾ ਵਾਇਰਸ ਤੇ ਜਿੱਤ ਹਾਸਲ ਕੀਤੀ ਜਾ ਸਕੇ।