ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ’ਚ ਕਣਕ ਦੀ ਖਰੀਦ ਦੇ ਮੱਦੇਨਜ਼ਰ ਕੁੱਝ ਆੜ੍ਹਤੀਆਂ ਵੱਲੋਂ ਬਿਨਾਂ ਸਫ਼ਾਈ ਤੋਂ ਸਿੱਧੇ ਹੀ ਪ੍ਰਾਈਵੇਟ ਕੰਡਿਆਂ ਜਾਂ ਸ਼ੈੱਲਰਾਂ ਦੇ ਕੰਡਿਆਂ ਰਾਹੀਂ ਕਣਕ ਦੀ ਤੁਲਾਈ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਣਕ ਮੰਡੀ ’ਚ ਲਿਆਉਣ ਬਾਅਦ ਬਾਕਾਇਦਾ ਸਾਫ਼-ਸਫ਼ਾਈ ਕਰਕੇ ਹੀ ਬੋਰੀਆਂ ’ਚ ਭਰਨ ਤੇ ਤੋਲਣ ਦੀ ਹਦਾਇਤ ਕੀਤੀ ਹੈ।
ਉਨ੍ਹਾਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ 2) ਦੀ ਧਾਰਾ 144 ਅਧੀਨ ਜਾਰੀ ਹੁਕਮਾਂ ’ਚ ਇਸ ਪ੍ਰਥਾ ’ਤੇ ਰੋਕ ਲਾਉਂਦਿਆਂ ਭਵਿੱਖ ’ਚ ਅਜਿਹੀ ਗਲਤੀ ਨਾ ਕਰਨ ਅਤੇ ਅਨਾਜ ਪਹਿਲਾਂ ਮੰਡੀ ’ਚ ਲਿਆਉਣ, ਉਸ ਦੀ ਸਫ਼ਾਈ ਕਰਵਾਉਣ ਅਤੇ ਭਾਅ ਲਗਾਉਣ ਬਾਅਦ ਹੀ ਤੋਲ ਕਰਵਾਏ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਿੱਧੇ ਹੀ ਕੰਡਾ ਕਰਵਾਏ ਜਾਣ ਕਾਰਨ ਜਿੱਥੇ ਅਨਾਜ ਦੀ ਸਫ਼ਾਈ ਨਹੀਂ ਹੁੰਦੀ ਉੱਥੇ ਗੁਣਵੱਤਾ ’ਤੇ ਵੀ ਫ਼ਰਕ ਪੈਂਦਾ ਹੈ। ਇਹ ਹੁਕਮ ਅੱਜ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।