ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦੂਜੀ ਵਾਰ ਕੋਰੋਨਾ ਮੁਕਤ ਜ਼ਿਲ੍ਹਾ ਐਲਾਨਣ ਦੇ ਬਾਅਦ ਰਾਤ ਨੂੰ ਹੀ ਇੱਕ ਕੋਰੋਨਾ ਵਾਇਰਸ ਕੋਵਿਡ-19 ਦਾ ਪਾਜ਼ਿਟਿਵ ਕੇਸ ਆ ਗਿਆ। ਇਹ ਕੇਸ ਪੰਜਾਬ ਤੋਂ ਬਾਹਰੋਂ ਆਏ ਇੱਕ ਪ੍ਰਵਾਸੀ ਪਰਿਵਾਰ ਦੇ ਇਕਾਂਤਵਾਸ ਕੀਤੇ ਚਾਰ ਮੈਂਬਰਾਂ ਦੇ ਲਏ ਗਏ ਕੋਵਿਡ ਸੈਂਪਲਾਂ ’ਚੋਂ ਇੱਕ ਮਹਿਲਾ ਦਾ ਟੈਸਟ ਪਾਜ਼ਿਟਿਵ ਪਾਏ ਜਾਣ ਤੇ ਆਇਆ ਹੈ ਜਦਕਿ ਪਰਿਵਾਰ ਦੇ ਬਾਕੀ ਤਿੰਨ ਮੈਂਬਰਾਂ ਦੇ ਟੈਸਟ ਨੈਗੇਟਿਵ ਪਾਏ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਰਹਿੰਦਾ ਇਹ ਪਰਿਵਾਰ ਲਾਕਡਾਊਨ ਤੋਂ ਪਹਿਲਾਂ ਆਪਣੇ ਜੱਦੀ ਸ਼ਹਿਰ ਫਿਰੋਜ਼ਾਬਾਦ ਚਲਾ ਗਿਆ ਸੀ। ਬੀਤੀ 23 ਮਈ ਨੂੰ ਵਾਪਸ ਨਵਾਂਸ਼ਹਿਰ ਆਉਣ ’ਤੇ ਇਨ੍ਹਾਂ ਚਾਰਾਂ ਪਰਿਵਾਰਿਕ ਮੈਂਬਰਾਂ ਜਿਨ੍ਹਾਂ ’ਚ ਦੋ ਮਹਿਲਾਵਾਂ ਕਰਮਵਾਰ 38 ਤੇ 33 ਸਾਲ, ਇੱਕ ਲੜਕੀ 18 ਸਾਲ ਤੇ ਇੱਕ ਬੱਚਾ 5 ਸਾਲ ਦਾ ਸ਼ਾਮਿਲ ਹਨ, ਨੂੰ ਘਰ ’ਚ ਹੀ ਇਕਾਂਤਵਾਸ ਕਰਕੇ, ਉਨ੍ਹਾਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਸਨ। ਇਨ੍ਹਾਂ ’ਚੋਂ 38 ਸਾਲ ਦੀ ਮਹਿਲਾ ਦਾ ਟੈਸਟ ਪਾਜ਼ਿਟਿਵ ਆਇਆ ਜਦਕਿ ਬਾਕੀ ਤਿੰਨਾਂ ਦੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਪੀੜਤ ਮਹਿਲਾ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਜਦਕਿ ਪਰਿਵਾਰ ਦੇ ਨੈਗੇਟਿਵ ਪਾਏ ਗਏ ਮੈਂਬਰਾਂ ਤੋਂ ਇਲਾਵਾ ਜਿਸ ਘਰ ’ਚ ਇਹ ਵਿਅਕਤੀ ਰਹਿੰਦੇ ਸਨ, ਉਨ੍ਹਾਂ ਦੀ ਵੀ ਸੈਂਪਲੰਿਗ ਕਰਵਾਈ ਜਾ ਰਹੀ ਹੈ। ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚ ਹੁਣ ਤੱਕ 2300 ਵਿਅਕਤੀਆਂ ਦੀ ਸੈਂਪਲੰਿਗ ਕਰਵਾਈ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 2132 ਦੇ ਟੈਸਟ ਨੈਗੇਟਿਵ ਪਾਏ ਗਏ ਹਨ ਜਦਕਿ 66 ਦੇ ਨਤੀਜੇ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਇਸ ਨਵੇਂ ਕੋਵਿਡ ਕੇਸ ਨੂੰ ਮਿਲਾ ਕੇ ਜ਼ਿਲ੍ਹੇ ’ਚ ਹੁਣ ਤੱਕ ਪਾਜ਼ਿਟਿਵ ਆਏ ਮਾਮਲਿਆਂ ਦੀ ਗਿਣਤੀ 102 ਹੋ ਗਈ ਹੈ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਜ਼ਿਲ੍ਹੇ ’ਚ ਦੂਸਰੇ ਜ਼ਿਲਿ੍ਹਆਂ ਨਾਲ ਸਬੰਧਤ 11 ਵਿਅਕਤੀਆਂ ਦੇ ਮਾਮਲੇ ਪਾਜ਼ਿਟਿਵ ਪਾਏ ਗਏ ਸਨ, ਜੋ ਕਿ ਦੂਸਰੇ ਜ਼ਿਲਿ੍ਹਆਂ ਨੂੰ ਤਬਦੀਲ ਹੋ ਜਾਣ ਕਾਰਨ ਇਸ ਸੂਚੀ ਦਾ ਹਿੱਸਾ ਨਹੀਂ ਹਨ।