ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਵਾਈਆਂ ਨੂੰ ਪੁਰਾਣੀਆਂ ਤੇ ਖਰਾਬ ਮਠਿਆਈਆਂ ਨਸ਼ਟ ਕਰਨ ਦੀ ਹਦਾਇਤ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕਮਿਸ਼ਨਰ ਫੂਡ ਅਤੇ ਡਰੱਗ ਪ੍ਰਸ਼ਾਸ਼ਨ ਪੰਜਾਬ ਸ਼੍ਰੀ ਕਾਹਨ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਵਾਈਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜੇਕਰ ਕਿਸੇ ਹਲਵਾਈ ਨੇ ਪੁਰਾਣੀਆਂ ਮਠਿਆਈਆਂ ਨੂੰ ਸਟੋਰ ਕੀਤਾ ਹੈ ਤਾਂ ਤੁਰੰਤ ਨਸ਼ਟ ਕਰ ਦਿੱਤੀਆ ਜਾਣ ਕਿਉਂ ਜੋ ਪੁਰਾਣੀਆਂ ਤੇ ਖਰਾਬ ਮਠਿਆਈਆਂ ਵਿੱਚ ਤੇਜ਼ਾਬੀ ਮਾਦਾ ਵਧਣ ਕਾਰਣ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ।

ਸਹਾਇਕ ਕਮਿਸ਼ਨਰ ਫੂਡ ਮਨੋਜ ਖੋਸਲਾ ਨੇ ਉਕਤ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸਬੰਧੀ ਵਿਭਾਗ ਪਹਿਲਾਂ ਹੀ ਚੌਕਸੀ ਵਰਤ ਰਿਹਾ ਹੈ ਅਤੇ ਜ਼ਿਲ੍ਹੇ ਦੇ ਸਮੂਹ ਹਲਵਾਈ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕੋਈ ਹਲਵਾਈ ਆਪਣੇ ਲਾਲਚ ਲਈ ਪੁਰਾਣੀ ਤੇ ਨਾ-ਖਾਣ ਯੋਗ ਮਠਿਆਈ ਨੂੰ ਮੁੜ ਵਰਤਣ ਦਾ ਯਤਨ ਕਰੇਗਾ ਤਾਂ ਉਸਦੇ ਖਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪੁਰਾਣੀ ਮਠਿਆਈ ਕਿਸੇ ਵੀ ਰੂਪ ਵਿੱਚ ਨਹੀਂ ਵੇਚਣ ਦਿੱਤੀ ਜਾਵੇਗੀ। ਇਸਦੇ ਨਾਲ ਹੀ ਜੇਕਰ ਕਿਸੇ ਦੁਕਾਨਦਾਰ ਕੋਲ ਮਿਆਦ ਪੁੱਗੀਆਂ ਵਸਤਾਂ ਦਾ ਸਟਾਕ ਪਿਆ ਹੈ ਤਾਂ ਉਸਨੂੰ ਵੀ ਤੁਰੰਤ ਨਸ਼ਟ ਕਰ ਦਿੱਤਾ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਮਿਆਦ ਪੁੱਗੀਆਂ ਵਸਤਾਂ ਲੋਕਾਂ ਨੂੰ ਨਾ ਵੇਚੀਆਂ ਜਾਣ ਤਾਂ ਜੋ ਕਿ ਉਨ੍ਹਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਨਾ ਪਵੇ।

Share This :

Leave a Reply