ਰੇਹੜੀਆਂ ’ਤੇ ਰੇਟ ਲਿਸਟਾਂ ਲਵਾਉਣ ਦੀ ਹਦਾਇਤ
ਵੱਧ ਪੈਸੇ ਵਸੂਲਣ ਵਾਲਿਆਂ ’ਤੇ ਪਰਚੇ ਦਾ ਆਦੇਸ਼
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹੇ ’ਚ ਕੋਵਿਡ-19 ਰੋਕਥਾਮ ਤਹਿਤ ਲਾਏ ਕਰਫ਼ਿਊ ਦੌਰਾਨ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਤੋਂ ਸਬਜ਼ੀਆਂ ਦੇ ਮਨਮਰਜ਼ੀ ਦੇ ਪੈਸੇ ਵਸੂਲਣ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇਸ ਸਬੰਧੀ ਕੀਤੀ ਮੀਟਿੰਗ ’ਚ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੂੰ ਹਦਾਇਤ ਕੀਤੀ ਕਿ ਹਰੇਕ ਰੇਹੜੀ ’ਤੇ ਸਬਜ਼ੀਆਂ ਦੀ ਰੇਟ ਲਿਸਟ ਲਾਜ਼ਮੀ ਕਰਾਰ ਕੀਤੀ ਜਾਵੇ ਅਤੇ ਜਿਸ ਰੇਹੜੀ ’ਤੇ ਰੇਟ ਲਿਸਟ ਨਹੀਂ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਸਬਜ਼ੀ ਵੇਚਣ ਵਾਲਾ ਲੋਕਾਂ ਤੋਂ ਮਨਮਰਜ਼ੀ ਦੇ ਰੇਟ ਵਸੂਲਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਕਰਫ਼ਿਊ ਪਾਸ ਤੁਰੰਤ ਕੈਂਸਲ ਕਰ ਦਿੱਤਾ ਜਾਵੇ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਵੇ।
ਮੀਟਿੰਗ ’ਚ ਸ਼ਾਮਿਲ ਐਸ ਐਸ ਪੀ ਅਲਕਾ ਮੀਨਾ ਨੇ ਮੌਕੇ ’ਤੇ ਹੀ ਬੈਠੇ ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ ਨੂੰ ਹਦਾਇਤ ਦਿੱਤੀ ਕਿ ਉਹ ਹਰੇਕ ਰੇਹੜੀ ਵਾਲੇ ਕੋਲ ਕਰਫ਼ਿਊ ਪਾਸ ਹੋਣਾ ਯਕੀਨੀ ਬਣਾਉਣ ਅਤੇ ਨਾਲ ਹੀ ਰੇਟ ਲਿਸਟ ਵੀ। ਜੇਕਰ ਇਨ੍ਹਾਂ ਦੋਵਾਂ ਦਸਤਾਵੇਜ਼ਾਂ ’ਚੋਂ ਕੋਈ ਵੀ ਨਾ ਪਾਇਆ ਜਾਵੇ ਤਾਂ ਤੁਰੰਤ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।