ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ ) ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਰਿਆਨਾ ਤੇ ਹੋਰ ਕਾਰੋਬਾਰੀਆਂ ਨੂੰ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਫੋਨ ਨੰਬਰ ਉਤੇ ਲੋਕਾਂ ਨੂੰ ਕਰਿਆਨਾ ਘਰ-ਘਰ ਪਹੁੰਚ ਰਿਹਾ ਹੈ। ਇਸ ਕੰਮ ਲਈ ਵੱਖ-ਵੱਖ ਐਸੋਸੀਏਸ਼ਨਾਂ ਦਾ ਸਹਿਯੋਗ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਅਤੇ ਕਈ ਦੁਕਾਨਦਾਰਾਂ ਨੇ ਨਿੱਜੀ ਤੌਰ ਉਤੇ ਆ ਕੇ ਆਪਣੇ ਕੰਮ ਲਈ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਕੋਲੋਂ ਪਰਮਿਟ ਲਿਆ ਹੈ।
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਭਰ ਵਿਚ 950 ਦੁਕਾਨਦਾਰਾਂ ਨੂੰ ਕਰਫਿਊ ਦੌਰਾਨ ਕੰਮ ਕਰਨ ਲਈ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰ ਦੇ ਨਿਰਦੇਸ਼ ਉਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਵੀ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸ਼ਹਿਰ ਤੇ ਹੋਰ ਖੇਤਰਾਂ ਵਿਚ ਦੁੱਧ ਦੀ ਸਪਲਾਈ ਲਈ ਕੋਈ ਕਮੀ ਨਹੀਂ ਹੈ। ਦੁੱਧ ਲਈ ਦੋਧੀਆਂ ਵੱਲੋਂ ਪਹਿਲਾਂ ਦੀ ਤਰਾਂ ਘਰਾਂ ਵਿਚ ਦੁੱਧ ਦਿੱਤਾ ਜਾ ਰਿਹਾ ਹੈ, ਜਦਕਿ ਵੇਰਕਾ ਤੇ ਅਮੁਲ ਦੁਪਿਹਰ 2 ਵਜੇ ਤੱਕ ਦੁੱਧ ਦੀ ਸਪਲਾਈ ਮੁਹੱਲਿਆਂ ਵਿਚ ਕਰ ਰਹੇ ਹਨ। ਇਸ ਤੋਂ ਇਲਾਵਾ ਸਬਜੀ ਮੰਡੀ ਖੁੱਲਣ ਨਾਲ ਸ਼ਹਿਰ ਦੇ ਮੁਹੱਲਿਆਂ ਵਿਚ ਵੀ ਸਬਜੀ ਤੇ ਫਲਾਂ ਦੀਆਂ ਰੇਹੜੀਆਂ ਆ ਰਹੀਆਂ ਹਨ। ਅਖਬਾਰਾਂ ਦੀ ਸਪਲਾਈ ਦੀ ਕੰਮ ਬੇਰੋਕ ਚੱਲ ਰਿਹਾ ਹੈ। ਐਲ ਪੀ ਜੀ ਦੀ ਬੁਕਿੰਗ ਲੋਕ ਘਰਾਂ ਤੋਂ ਆਪਣੇ ਫੋਨ ਉਤੇ ਪਹਿਲਾਂ ਦੀ ਤਰਾਂ ਕਰਕੇ ਗੈਸ ਦੀ ਸਪਲਾਈ ਪ੍ਰਾਪਤ ਕਰਨ ਲੱਗੇ ਹਨ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਸਦਕਾ ਲਗਭਗ ਜ਼ਰੂਰੀ ਵਸਤਾਂ ਦੀ ਸਪਲਾਈ ਦਾ ਸਾਰਾ ਕੰਮ ਚੱਲ ਰਿਹਾ ਹੈ, ਪਰ ਲੋੜ ਹੈ ਕਿ ਲੋਕ ਕਿਸੇ ਕਾਹਲ ਵਿਚ ਨਾ ਆਉਣ। ਲੋੜ ਤੋਂ ਵੱਧ ਵਸਤਾਂ ਦੀ ਖਰੀਦਦਾਰੀ ਨਾ ਕਰਨ ਅਤੇ ਕਿਸੇ ਵੀ ਕੰਮ ਵੇਲੇ ਆਪਸੀ ਦੂਰੀ ਘੱਟੋ-ਘੱਟ 2 ਮੀਟਰ ਰੱਖਣ, ਤਾਂ ਜੋ ਸਾਡਾ ਕਰਫਿਊ ਲਗਾਉਣ ਦਾ ਜੋ ਮਕਸਦ ਹੈ, ਉਸ ਵਿਚ ਸਾਨੂੰ ਕਾਮਯਾਬੀ ਮਿਲੇ ਅਤੇ ਵਾਈਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।