ਹਾਈ ਰਿਸਕ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਦਾ ਇੱਕ-ਇੱਕ ਕਰੋੜ ਰੁਪਏ ਦਾ ਬੀਮਾ – ਪਰ ਤਨਖਾਹ ਖਾਤੇ ਪਹਿਲਾਂ ਐਚਡੀਐਫਸੀ ਬੈਂਕ ‘ਚ ਹੋਵੇ

ਚੰਡੀਗੜ੍ਹ (ਮੀਡੀਆ ਬਿਊਰੋ) ਕਰੋਨਾ ਵਾਇਰਸ ਦੇ ਚੱਲਦਿਆਂ ਆਪਣੀ ਜਾਨ ਹਥੱਲੀ ਉਤੇ ਧਰ ਕੇ ਹਾਈ ਰਿਸਕ ਡਿਊਟੀ ਕਰ ਰਹੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਇੱਕ ਕਰੋੜ ਰੁਪਏ ਦੇ ਬੀਮਾ ਕਵਰ ਦੀ ਸਹੂਲਤ ਤਾਂ ਹੀ ਮਿਲੇਗੀ ਜੇਕਰ ਉਨ੍ਹਾਂ ਦੇ ਐਚਡੀਐਫਸੀ ਬੈਂਕ ਵਿਚ ਤਨਖਾਹ ਖਾਤੇ ਹੋਣਗੇ।  ਭਰੋਸੇਯੋਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਐਚਡੀਐਫਸੀ ਬੈਂਕ ਵਿਚਕਾਰ ਹੋਏ ਐਮਓਯੂ ਅਨੁਸਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਤਨਖਾਹ ਖਾਤੇ ਐਚਡੀਐਫਸੀ ਬੈਂਕ ਵਿਚ ਹਨ ਅਤੇ ਜਿਹੜੇ ਕਰਮਚਾਰੀ ਹਾਈ ਰਿਸਕ ਡਿਊਟੀ ਉਤੇ ਤਾਇਨਾਤ ਹਨ, ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਐਚਡੀਐਫਸੀ ਬੈਂਕ ਵਲੋਂ ਵੱਖ-ਵੱਖ ਸੁਵਿਧਾਵਾਂ ਦੇ ਨਾਲ 01 ਕਰੋੜ ਰੁਪਏ ਦੀ ਇੰਸ਼ੋਰੈਂਸ ਕਵਰ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ।

ਇਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਫ਼ਤਰ ਪੱਤਰ ਨੰਬਰ 1234-37/ਭ-4, ਮਿਤੀ 06-02-2020 ਅਨੁਸਾਰ ਪੰਜਾਬ ਪੁਲਿਸ ਦੇ ਸਾਰੇ ਵਿੰਗਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਇੱਕ ਕਰੋੜ ਦੇ ਬੀਮੇ ਸਬੰਧੀ ਜਾਣੂੰ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਹਾਈ ਰਿਸਕ ਡਿਊਟੀ ਕਰ ਰਹੇ ਅਫਸਰ ਤੇ ਮੁਲਾਜ਼ਮ ਆਪਣੇ ਤਨਖਾਹ ਖਾਤੇ ਐਚਡੀਐਫਸੀ ਬੈਂਕ ਵਿਚ ਖੁੱਲਵਾਉਣੇ ਯਕੀਨੀ ਬਣਾਉਣ। ਇਸ ਪੱਤਰ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਜਿਹੜੇ ਅਧਿਕਾਰੀਆਂ/ਕਰਮਚਾਰੀਆਂ ਦੇ ਤਨਖਾਹ ਖਾਤੇ ਐਚਡੀਐਫਸੀ ਬੈਂਕ ਵਿਚ ਨਹੀਂ ਹਨ, ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ 01 ਕਰੋੜ ਰੁਪਏ ਇੰਸ਼ੋਰੈਂਸ ਦੀ ਸਹੂਲਤ ਐਚਡੀਐਫਸੀ ਬੈਂਕ ਵਲੋਂ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੇ ਅਧਿਕਾਰੀ/ਕਰਮਚਾਰੀ ਇਹ ਸਹੂਲਤ ਲੈਣੀ ਚਾਹੁੰਦੇ ਹਨ, ਉਨ੍ਹਾਂ ਦੇ ਤਨਖਾਹ ਖਾਤੇ ਐਚਡੀਐਫਸੀ ਬੈਂਕ ਵਿਚ ਖੁਲਵਾਉਣ ਉਪਰੰਤ ਡੀਜੀਪੀ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।

Share This :

Leave a Reply