ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 25 ਯਾਤਰੀਆਂ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਪਰਤੇ

ਅੰਮ੍ਰਤਸਰ (ਮੀਡੀਆ ਬਿਊਰੋ ) ਸ੍ਰੀ ਹਜੂਰ ਸਾਹਿਬ, ਨਾਦੇੜ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੀਟਵ ਆਉਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਵਿਚੋਂ ਅੱਜ 25 ਸ਼ਰਧਾਲੂਆਂ ਨੇ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦੇ ਇਹ ਸ਼ਰਧਾਲੂ ਉਤਸ਼ਾਹ ਨਾਲ ਘਰਾਂ ਨੂੰ ਗਏ, ਜਿਸ ਨਾਲ ਹਸਪਤਾਲ ਵਿਚ ਦਾਖਲ ਦੂਸਰੇ ਮਰੀਜ਼ਾਂ ਵਿਚ ਵੀ ਹੌਸ਼ਲਾ ਪਰਤ ਆਇਆ। ਪਹਿਲੇ ਦਿਨ ਤੋਂ ਹੀ ਇਹ ਸਾਰੇ ਸ਼ਰਧਾਲੂ ਬੜੇ ਚੜਦੀ ਕਲਾ ਵਿਚ ਸਨ ਅਤੇ ਕਿਸੇ ਨੇ ਵੀ ਕੋਵਿਡ ਟੈਸਟ ਵਿਚ ਪਾਜ਼ਿਟਵ ਆਉਣ ਦੀ ਗੱਲ ਮਨ ਨੂੰ ਨਹੀਂ ਸੀ ਲਗਾਈ।

ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇੰਨਾਂ ਸ਼ਰਧਾਲੂਆਂ ਵਿਚ ਬੱਚੇ, ਜਵਾਨ, ਬੁਜ਼ਰਗ ਅਤੇ ਔਰਤਾਂ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਾਰੇ ਸ਼ਰਧਾਲੂ 28 ਅਪ੍ਰੈਲ ਨੂੰ ਨਾਦੇੜ ਤੋਂ ਆਏ ਸਨ ਅਤੇ ਇੰਨਾਂ ਨੂੰ ਵੱਖ-ਵੱਖ ਥਾਵਾਂ ਉਤੇ ਇਕਾਂਤਵਾਸ ਕੀਤਾ ਗਿਆ ਸੀ। ਫਿਰ ਟੈਸਟ ਲੈਣ ਮਗਰੋਂ ਜਿੰਨਾ ਸ਼ਰਧਾਲੂਆਂ ਦੇ ਟੈਸਟ ਪਾਜ਼ਿਟਵ ਆਏ ਸਨ, ਉਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨਾਂ ਦੱਸਿਆ ਕਿ ਇਹ ਸਾਰੇ ਪਹਿਲੇ ਦਿਨ ਤੋਂ ਹੀ ਸਰੀਰਕ ਤੌਰ ਉਤੇ ਤੰਦਰੁਸਤ ਸਨ ਅਤੇ ਟੈਸਟ ਪਾਜ਼ਿਟਵ ਆਉਣ ਮਗਰੋਂ ਵੀ ਸਾਰਿਆਂ ਨੇ ਵਾਹਿਗੁਰੂ ਉਤੇ ਭਰੋਸਾ ਰੱਖਿਆ । ਲਗਭਗ 12 ਦਿਨਾਂ ਵਿਚ ਹੀ ਇਹ ਸਾਰਿਆਂ ਦੇ ਦੋ ਟੈਸਟ ਨੈਗਟਿਵ ਆਉਣ ਕਾਰਨ ਅੱਜ ਇਨਾਂ ਵਿਚੋਂ 25 ਸ਼ਰਧਾਲੂ ਘਰਾਂ ਨੂੰ ਭੇਜ ਦਿੱਤੇ ਗਿਆ ਹੈ। ਉਨਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਘਰ ਜਾਣ ਦੀ ਖੁਸ਼ੀ ਵਿਚ ਖੀਵੇ ਹੋਏ ਸ਼ਰਧਾਲੂਆਂ ਨੇ ਹਸਪਤਾਲ ਦੇ ਸਟਾਫ ਦੀ ਰੱਜਵੀਂ ਤਾਰੀਫ ਕਰਦੇ ਕਿਹਾ ਕਿ ਇੰਨਾਂ ਨੇ ਸਾਡੀ ਹਰ ਜ਼ਰੂਰਤ ਦਾ ਖਿਆਲ ਰੱਖਿਆ। ਖਾਣ ਨੂੰ ਵੀ ਚੰਗਾ ਭੋਜਨ ਮਿਲਦਾ ਰਿਹਾ ਅਤੇ ਬੱਚਿਆਂ ਦੀਆਂ ਸਾਰੀਆਂ ਨਿੱਜੀ ਲੋੜਾਂ ਦੀ ਵੀ ਪੂਰਤੀ ਕਰਦੇ ਰਹੇ।ਉਨਾਂ ਸਾਰੇ ਸਟਾਫ ਦਾ ਧੰਨਵਾਦ ਕਰਦੇ ਹੋਏ ਹਸਪਤਾਲ ਤੋਂ ਵਿਦਾ ਲਈ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਤਹਿਸੀਲਦਾਰ ਮਨਜੀਤ ਸਿੰਘ, ਡਾਕਟਰ ਨਰਿੰਦਰ ਸਿੰਘ, ਡਾ. ਹਰਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸੀ।

Share This :

Leave a Reply