ਨਵਾਂਸ਼ਹਿਰ ਏ-ਆਰ. ਆਰ. ਐੱਸ. ਸੰਧੂ) ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ’ਚ ਕੋਵਿਡ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਸ੍ਰੀ ਹਜ਼ੂਰ ਸਾਹਿਬ ਤੋਂ ਆ ਰਹੀ ਸੰਗਤ ਦੀ ਸਿਹਤ ਜਾਂਚ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਚਾਰ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਮੁੜ ਕੇ ਆਏ ਸਨ, ਜਿਨ੍ਹਾਂ ਨੂੰ ਇਹਤਿਆਤ ਵਜੋਂ ਨਵਾਂਸ਼ਹਿਰ ਵਿਖੇ ਕੁਆਰਨਟਾਈਨ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਟੈਸਟ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਦੋ ਵਿਅਕਤੀਆਂ ਦੇ ਟੈਸਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਪਿੰਡ ਦੌਲਤਪੁਰ ਭੇਜ ਦਿੱਤਾ ਗਿਆ ਹੈ ਜਦਕਿ ਬਘੌਰਾਂ ਦੇ ਦੋਵਾਂ ਵਿਅਕਤੀਆਂ ਦੇ ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਅਨੁਸਾਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੇ ਆਦੇਸ਼ਾਂ ’ਤੇ ਸ੍ਰੀ ਹਜ਼ੂਰ ਸਾਹਿਬ ਤੋਂ ਅਗਲੇ ਦਿਨਾਂ ’ਚ ਆ ਰਹੀ ਸੰਗਤ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਕੁਆਰਨਟਾਈਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਆਰਨਟਾਈਨ ਕੀਤੇ ਜਾਣ ਬਾਅਦ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਸੈਂਪਲ ਲਏ ਜਾਣਗੇ। ਜਿਸ ਵਿਅਕਤੀ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਵੇਗੀ, ਉਸ ਨੂੰ ਘਰ ਭੇਜ ਦਿੱਤਾ ਜਾਵੇਗਾ ਅਤੇ ਜੇ ਕਿਸੇ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਉਸ ਨੂੰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ’ਚ ਦੂਸਰੇ ਸੂਬਿਆਂ ਤੋਂ ਆ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨ ਹਿੱਤ ਅਤੇ ਆਪਣੇ ਪਰਿਵਾਰ ਹਿੱਤ ਸਿੱਧੇ ਘਰਾਂ ’ਚ ਨਾ ਜਾਣ ਬਲਕਿ ਕੋਵਿਡ ਕੰਟਰੋਲ ਰੂਮ ’ਤੇ ਸੰਪਰਕ ਕਰਕੇ ਆਪਣੀ ਸਿਹਤ ਜਾਂਚ ਕਰਵਾਉਣ ਤੋਂ ਬਾਅਦ ਹੀ ਆਪਣੇ ਘਰਾਂ ’ਚ ਜਾਣ। ਸਿਵਲ ਸਰਜਨ ਨੇ ਕਿਹਾ ਕਿ ਜੇਕਰ ਇੱਕ ਵਿਅਕਤੀ ਬਿਨਾਂ ਸਿਹਤ ਜਾਂਚ ਤੋਂ ਹੀ ਆਪਣੇ ਘਰ ਪੁੱਜ ਜਾਵੇਗਾ ਤਾਂ ਪਾਜ਼ੇਟਿਵ ਆਉਣ ਦੀ ਸੂਰਤ ’ਚ ਉਹ ਆਪਣੇ ਪਰਿਵਾਰ ਅਤੇ ਪਿੰਡ ਵਾਸਤੇ ਵੱਡੀ ਮੁਸ਼ਕਿਲ ਬਣ ਜਾਵੇਗਾ, ਇਸ ਲਈ ਪਰਿਵਾਰ ਅਤੇ ਸਮਾਜ ਪ੍ਰਤੀ ਜ਼ਿੰਮੇਂਵਾਰੀ ਸਮਝਦੇ ਹੋਏ ਸਿਹਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਈ ਵੀ ਬਾਹਰੋਂ ਆ ਰਿਹਾ ਵਿਅਕਤੀ ਪੁਲਿਸ ਵੱਲੋਂ ਲਾਏ ਨਾਕੇ ’ਤੇ ਇਤਲਾਹ ਦੇ ਕੇ ਵੀ ਆਪਣੀ ਸਿਹਤ ਜਾਂਚ ਕਰਵਾ ਸਕਦਾ ਹੈ।