ਸਿਹਤਯਾਬ ਹੋਣ ਬਾਅਦ ਬੋਲੇ ਸਰਪੰਚ ਹਰਪਾਲ ਸਿੰਘ- ਬਿਮਾਰੀ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ ਲੋੜ

ਸਰਪੰਚ ਹਰਪਾਲ ਸਿੰਘ ਪਠਲਾਵਾ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਕਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਨੂੰ ਮਾਤ ਪਾ ਕੇ ਸਿਹਤਯਾਬ ਹੋਣ ਬਾਅਦ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਬੋਲਦਿਆਂ ਆਖਿਆ ਕਿ ਇਸ ਬਿਮਾਰੀ ਨਾਲ ਬੁਲੰਦ ਹੌਂਸਲੇ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਇੱਥੇ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ਵਿਚੋਂ 8 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਦੋ ਹੋਰਾਂ ਦੇ ਪਹਿਲੇ ਟੈਸਟ ਨੈਗਟਿਵ ਆ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੈਡੀਕਲ ਸਟਾਫ਼ ਵੱਲੋਂ ਇੱਥੇ ਮਰੀਜ਼ਾਂ ਦੀ ਪੂਰੀ ਤਰ੍ਹਾਂ ਹੌਂਸਲਾ ਅਫ਼ਜ਼ਾਈ, ਲੋੜੀਂਦੀਆਂ ਦਵਾਈਆਂ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ ’ਤੇ ਭੇਜੇ ਜਾਂਦੇ ਪੌਸ਼ਟਿਕਤਾ ਭਰਪੂਰ ਲੰਗਰ ਨੇ ਉਨ੍ਹਾਂ ਨੂੰ ਚੜ੍ਹਦੀ ਕਲਾ ’ਚ ਰੱਖਿਆ ਹੈ। ਉਨ੍ਹਾਂ ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਸਰਕਾਰ, ਪ੍ਰਸ਼ਾਸਨ ਅਤੇ ਡਾਕਟਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ।
ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਦੱਸਿਆ ਕਿ ਜੇਕਰ ਸਾਨੂੰ ਆਪਣੇ ’ਚ ਤੇਜ਼ ਬੁਖਾਰ, ਸੁੱਕੀ ਖੰਘ ਜਾਂ ਸਾਹ ’ਚ ਤਕਲੀਫ਼ ਵਰਗੇ ਕੋਈ ਲੱਛਣ ਆਉਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰੀਏ। ਪਾਣੀ ਗਰਮ ਪੀਤਾ ਜਾਵੇ, ਭਾਫ਼ ਲਈ ਜਾਵੇ। ਡਾਕਟਰ ਸਾਹਿਬਾਨ ਦੀ ਸਲਾਹ ਅਨੁਸਾਰ ਲੋੜੀਂਦੀਆਂ ਦਵਾਈਆਂ ਲਈਆਂ ਜਾਣ ਅਤੇ ਸਮੇਂ ਸਿਰ ਪੌਸ਼ਟਿਕ ਭੋਜਨ ਲਿਆ ਜਾਵੇ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਬਿਮਾਰੀ ਹੋਣ ’ਤੇ ਘਬਰਾਉਣ ਦੀ ਬਜਾਏ ਹੌਂਸਲੇ ਨਾਲ ਤੇ ਹਾਂ-ਪੱਖੀ ਵਿਚਾਰਾਂ ਨਾਲ ਜ਼ਿੰਦਗੀ ਗੁਜ਼ਾਰੀ ਜਾਵੇ। ਉਨ੍ਹਾਂ ਗੱਲਬਾਤ ਦੌਰਾਨ ਸਰਕਾਰ ਵੱਲੋਂ ਕਰੋਨਾ ਵਾਇਰਸ ਬਿਮਾਰੀ ਦੀ ਰੋਕਥਾਮ ਲਈ ਬਣਾਏ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ।

Share This :

Leave a Reply