
ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਸਦੀਆਂ ਤੋਂ ਹੀ ਪੰਜਾਬੀਆਂ ਦੀ ਹਰ ਪੱਖੋਂ ਹੀ ਚੜਤ ਰਹੀ ਹੈ। ਅੱਜ ਵੀ ਪੰਜਾਬ ਦੇ ਵਸਨੀਕ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਕਿੱਤਿਆਂ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਰਹੇ ਹਨ। ਇਹ ਕਣਕ ਵੰਨੇ ਜਿਹੇ ਲੋਕ ਕਾਲਿਆਂ ਤੇ ਗੋਰਿਆਂ ਦੋਨਾਂ ਨੂੰ ਹੀ ਜ਼ਿਆਦਾ ਸੋਹਣੇ ਲਗਦੇ ਹਨ। ਉਹ ਇਹਨਾਂ ਨੂੰ ਬਰਾਊਨ ਪੀਪਲ ਕਹਿੰਦੇ ਹਨ। ਇਹ ਜ਼ਿਆਦਾ ਹੀ ਲੰਬੇ ਵੀ ਨਹੀਂ ਹੁੰਦੇ ਤੇ ਜ਼ਿਆਦਾ ਮਧਰੇ ਵੀ ਨਹੀਂ ਹੁੰਦੇ। ਇਸ ਪੰਜਾਬ ਦੀ ਧਰਤੀ ਤੇ ਬਹੁਤ ਸੂਰਬੀਰ, ਯੋਧੇ, ਮਹਾਰਾਜੇ, ਦਾਰਸ਼ਨਿਕ, ਰਿਸ਼ੀ, ਮੁਨੀ, ਸਤਿਗੁਰੂ, ਕਵੀ, ਚਿੰਤਕ ਵੀ ਪੈਦਾ ਹੋਏ ਹਨ।
ਪੰਜਾਬੀਆਂ ਦੇ ਹਰ ਪੱਖੋਂ ਤੰਦਰੁਸਤ, ਕਾਮਯਾਬ ਤੇ ਤਾਕਤਵਰ ਹੋਣ ਚ ਇੱਥੋਂ ਦੇ ਅਨਾਜਾਂ, ਸਬਜ਼ੀਆਂ, ਦਾਲਾਂ ਦੇ ਨਾਲ ਇੱਥੋਂ ਦੇ ਸਿਹਤਵਰਧਕ ਪਾਣੀ ਦਾ ਸਭ ਤੋਂ ਵੱਧ ਹੱਥ ਹੈ। ਲੇਕਿਨ ਜਿਵੇਂ ਜਿਵੇਂ ਇੱਥੋਂ ਦਾ ਪਾਣੀ ਹੁਣ ਖਰਾਬ ਹੋ ਰਿਹਾ ਹੈ ਉਵੇਂ ਉਵੇਂ ਪੰਜਾਬੀਆਂ ਦੀ ਫਿਜ਼ੀਕਲ ਹੈਲਥ, ਮੈਂਟਲ ਹੈਲਥ, ਇਮੋਸ਼ਨਲ ਹੈਲਥ ਅਤੇ ਸੈਕਸੂਅਲ ਹੈਲਥ ਚ ਵੀ ਨਿਘਾਰ ਆ ਰਿਹਾ ਹੈ।

ਜਿਸ ਪਾਣੀ ਨੂੰ ਭਾਰਾ ਜਾਂ ਖਾਰਾ ਕਿਹਾ ਜਾਂਦਾ ਹੈ ਜਾਂ ਜਿਸ ਪਾਣੀ ਨਾਲ ਛੇਤੀ ਕੱਪੜੇ ਨਹੀਂ ਨਿੱਖਰਦੇ ਜਾਂ ਸਿਰ ਜਲਦੀ ਨਹੀਂ ਨਿੱਖਰਦਾ ਉਸ ਪਾਣੀ ਵਿੱਚ ਜ਼ਿਆਦਾਤਰ ਮੈਗਨੇਸ਼ੀਅਮ ਤੇ ਕੈਲਸ਼ੀਅਮ ਹੀ ਜ਼ਿਆਦਾ ਹੁੰਦਾ ਹੈ। ਆਮ ਤੌਰ ਤੇ ਇੱਕ ਗਿਲਾਸ ਭਾਰੇ ਪਾਣੀ ਚ ਪੰਜ ਤੋਂ ਦਸ ਮਿਲੀਗਰਾਮ ਮੈਗਨੇਸ਼ੀਅਮ ਹੁੰਦਾ ਹੈ। ਅਤੇ ਇਕ ਆਮ ਆਦਮੀ ਵਾਸਤੇ 350 ਮਿਲੀਗਰਾਮ ਮੈਗਨੇਸ਼ੀਅਮ ਰੋਜ਼ਾਨਾ ਚਾਹੀਦਾ ਹੈ।
ਲੇਕਿਨ ਪੀਣਯੋਗ ਤੇ ਮਿੱਠੇ ਪਾਣੀ ਵਿੱਚ ਵੀ ਕੈਲਸ਼ੀਅਮ, ਆਇਰਨ ਆਦਿ ਦੇ ਨਾਲ ਮੈਗਨੇਸ਼ੀਅਮ ਵੀ ਲੋੜੀਂਦੀ ਮਾਤਰਾ ਵਿੱਚ ਹੁੰਦਾ ਹੈ। ਜਦੋਂ ਕਿ ਬੋਤਲਬੰਦ ਜਾਂ ਆਰ ਓ, ਫਿਲਟਰ ਪਾਣੀ ਵਿੱਚ ਇਹ ਨਹੀਂ ਹੁੰਦਾ। ਬਹੁਤ ਬੀਮਾਰੀਆਂ ਵਿੱਚ ਮੈਗਨੇਸ਼ੀਅਮ ਸਲਫੇਟ ਦਵਾਈ ਵਜੋਂ ਵੀ ਦਿੱਤਾ ਜਾਂਦਾ ਹੈ। ਖਾਸ ਕਰਕੇ anxiety ਵਿੱਚ ਔਰਤਾਂ ਨੂੰ 300 ਤੇ ਮਰਦਾਂ ਨੂੰ 400 ਮਿਲੀਗਰਾਮ ਰੋਜ਼ਾਨਾ ਦਿੱਤਾ ਜਾਂਦਾ ਹੈ।
ਅਸਲ ਵਿੱਚ ਮੈਗਨੇਸ਼ੀਅਮ ਉਸ ਮੈਲਾਟੌਨਿਨ ਹਾਰਮੋਨ ਨੂੰ ਸਹੀ ਤਰ੍ਹਾਂ ਰਿਸਣ ਲਾਉਂਦਾ ਹੈ ਜੋ ਵਿਅਕਤੀ ਦੇ ਸਮੇਂ ਸਿਰ ਸੌਣ ਜਾਗਣ ਨੂੰ ਠੀਕ ਕਰਦਾ ਹੈ। ਇਹ ਨਰਵਸ ਸਿਸਟਮ ਦਾ ਤਣਾਉ ਘਟਾਕੇ ਸਰੀਰ ਤੇ ਮਨ ਨੂੰ ਸ਼ਾਂਤ ਕਰਕੇ ਨੀੰਦ ਲਈ ਤਿਆਰ ਕਰਦਾ ਹੈ। ਕਿਉਂਕਿ ਮੈਗਨੇਸ਼ੀਅਮ ਹੀ ਐਸੇ ਨਿਉਰੋਟਰਾਂਸਮਿਟਰਜ਼ ਨੂੰ ਦਿਮਾਗ ਵਿੱਚ ਬਣਨ ਲਾਉਂਦਾ ਹੈ ਜੋ ਵਿਅਕਤੀ ਨੂੰ ਹੌਸਲਾ ਰੱਖਣ, ਚੜਦੀ ਕਲਾ ਚ ਰਹਿਣ, ਸ਼ਾਂਤ ਰਹਿਣ ਅਤੇ ਖੁਸ਼ ਰਹਿਣ ਲਾਉਂਦੇ ਹਨ।
ਜਿਨ੍ਹਾਂ ਲੋਕਾਂ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ, ਉਨ੍ਹਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ 50 ਫ਼ੀਸਦੀ ਤਕ ਵਧ ਜਾਂਦਾ ਹੈ। ਮੈਗਨੀਸ਼ੀਅਮ ਦਿਲ ਦੀਆਂ ਕਈ ਹੋਰ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਇਹ ਸਿਰਦਰਦ ਅਤੇ ਮਾਈਗ੍ਰੇਨ ਦੇ ਅਟੈਕ ਦੀ ਗਿਣਤੀ ਘਟਾਉਣ ਵਿੱਚ ਸਹਾਇੱਕ ਹੈ। ਉਂਜ ਮੈਗਨੇਸ਼ੀਅਮ ਦੀ ਘਾਟ ਕਾਰਨ ਸਰੀਰਕ ਲੱਛਣ ਵੀ ਕਾਫੀ ਉੱਭਰਦੇ ਹਨ। ਮੈਗਨੀਸ਼ੀਅਮ ਦੀ ਘਾਟ ਦਾ ਪਤਾ ਲਗਾਉਣ ਲਈ ਖ਼ੂਨ ਦਾ ਟੈਸਟ ਕੀਤਾ ਜਾਂਦਾ ਹੈ ਪਰ ਇਹ ਵੀ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਹੈ।
ਮੈਗਨੀਸ਼ੀਅਮ ਦੀ ਕਮੀ ਨਾਲ ਕਈ ਸਰੀਰਕ ਅਤੇ ਮਾਨਸਿਕ ਲੱਛਣ ਪੈਦਾ ਹੋ ਜਾਂਦੇ ਹਨ ਜਿਵੇਂ ਸਰੀਰ ਦਾ ਸੁਸਤ ਹੋਣਾ, ਯਾਦਦਾਸ਼ਤ ਅਤੇ ਕੁਝ ਸਿੱਖਣ ਦੀ ਯੋਗਤਾ ਘਟ ਜਾਣਾ, ਪੱਠਿਆਂ ਦਾ ਸੁੰਗੜਨਾ ਤੇ ਕਮਜ਼ੋਰ ਹੋਣਾ, ਜ਼ਿਆਦਾ ਉਤੇਜਿਤ ਹੋਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬੇਚੈਨੀ ਤੇ ਸੁੰਨਪਣ, ਚੱਕਰ ਆਉਣਾ ਆਦਿ ਮੁਸ਼ਕਿਲਾਂ ਮਹਿਸੂਸ ਹੁੰਦੀਆਂ ਹਨ।
ਇਸਦੀ ਕਮੀ ਨਾਲ ਹੀ ਦਿਲ ਤੇ ਸਰੀਰ ਦੀਆਂ ਨਾੜਾਂ ਵਿੱਚ ਖਿਚਾਅ, ਹਰ ਵਕਤ ਥਕਾਵਟ, ਖਾਣ ਸਮੇਂ ਚਬਾਉਣ ਵਿੱਚ ਮੁਸ਼ਕਲ, ਬੱਚਿਆਂ ਵਿੱਚ ਵਿਕਾਸ ਘੱਟ ਹੋਣਾ, ਨਾੜਾਂ ਵਿੱਚ ਅਕੜਾਅ ਜਾਂ ਕੜੱਲ ਪੈਣਾ, ਸਿਰਦਰਦ, ਚਿਹਰੇ ‘ਤੇ ਦਾਣਿਆਂ ਦਾ ਹੋਣਾ, ਚਿੰਤਾ, ਉਲਟੀਆਂ ਲੱਗਣਾ ਆਦਿ ਨੁਕਸ ਵੀ ਦਿਖਾਈ ਦੇਣ ਲਗਦੇ ਹਨ।
ਮੈਗਨੇਸ਼ੀਅਮ ਦੀ ਘਾਟ ਕਾਰਨ ਸਰੀਰ ਵਿੱਚ ਬਣਨ ਵਾਲੇ ਨਵੇਂ ਸੈੱਲਾਂ ਦੀ ਪੈਦਾਵਾਰ ਪ੍ਰਭਾਵਿਤ ਹੋਣ ਲੱਗ ਪੈਂਦੀ ਹੈ। ਇਸਦੇ ਇਲਾਵਾ ਨੀਂਦ ਘੱਟ ਆਉਣਾ, ਦਮਾਂ, ਪਾਰਕਿਨਸਨਜ਼, ਡਿਪਰੈੱਸ਼ਨ, ਔਸਟੀਓ-ਪਰੌਸਿਸ ਤੇ ਦ੍ਰਿਸ਼ਟੀ ਭਰਮ ਜਿਸ ਵਿੱਚ ਮਨੁੱਖ ਨੂੰ ਆਪਣੀ ਕਲਪਨਾ ਵਿੱਚ ਆਵਾਜ਼ਾਂ ਸੁਣਦੀਆਂ ਹਨ ਜਾਂ ਕੋਈ ਚਿੱਤਰ ਦਿਖਾਈ ਦਿੰਦੇ ਹਨ, ਵਹਿਮ ਤੇ ਮਾਹਵਾਰੀ ਦਾ ਸਮੇਂ ਤੋਂ ਪਹਿਲਾਂ ਆ ਜਾਣਾ ਆਦਿ ਮੁਸ਼ਕਿਲਾਂ ਵੀ ਦਿਖਾਈ ਦੇਣ ਲਗਦੀਆਂ ਹਨ।
ਮੈਗਨੀਸ਼ੀਅਮ ਦੀ ਘਾਟ ਨਾਲ ਸਰੀਰ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਕਮੀ ਵੀ ਹੋ ਜਾਂਦੀ ਹੈ ਪਰ ਸੈੱਲਾਂ ਅੰਦਰ ਕੈਲਸ਼ੀਅਮ ਵਧ ਜਾਂਦਾ ਹੈ ਜੋ ਖ਼ਤਰਨਾਕ ਹੈ। ਇਸੇ ਲਈ ਕੈਲਸ਼ੀਅਮ ਲੈਣ ਸਮੇਂ ਮੈਗਨੀਸ਼ੀਅਮ ਵੀ ਨਾਲ ਜ਼ਰੂਰ ਲੈਣਾ ਚਾਹੀਦਾ ਹੈ। ਘਾਟ ਰੋਗਾਂ ਦੇ ਲੱਛਣ ਨਜ਼ਰ ਆਉਣ ਤਾਂ ਪਹਿਲਾਂ ਮੈਗਨੀਸ਼ੀਅਮ ਟੈਸਟ ਕਰਵਾ ਕਿ ਭੋਜਨ ਵਿੱਚ ਇਸ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਤੇ ਫ਼ਿਰ ਇਲਾਜ ਕਰਵਾਉਣਾ ਚਾਹੀਦਾ ਹੈ।
ਪੰਜਾਬ, ਹਰਿਆਣਾ, ਹਿਮਾਚਲ ਅਤੇ ਪਾਕਿਸਤਾਨੀ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਪੀਣ ਵਾਲੇ ਧਰਤੀ ਹੇਠਲੇ ਪਾਣੀ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਪਾਈ ਜਾਂਦੀ ਹੈ। ਸਦੀਆਂ ਤੋਂ ਇਹ ਲੋਕ ਇਥੋਂ ਦਾ ਧਰਤੀ ਹੇਠਲਾ ਪਾਣੀ ਹੀ ਪੀਂਦੇ ਸੀ। ਇਹਨਾਂ ਦੇ ਬਾਕੀ ਇਲਾਕਿਆਂ ਤੋਂ ਕੱਦ ਕਾਠ ਵਾਲੇ, ਹਿੰਮਤੀ ਤੇ ਸਿਹਤਵੰਦ ਹੋਣ ਚ ਇਸ ਪਾਣੀ ਦਾ ਵੀ ਹੱਥ ਸੀ। ਖਣਿਜ ਭਰਪੂਰ ਹੋਣ ਕਰਕੇ ਹੁਣ ਇਸ ਨੂੰ ਭਾਰਾ ਪਾਣੀ ਕਿਹਾ ਜਾਂਦਾ ਹੈ।
ਅੱਜਕੱਲ ਦੀ ਪੀੜ੍ਹੀ ਇਸ ਦੇ ਸੁਆਦ ਨੂੰ ਬਿਲਕੁਲ ਪਸੰਦ ਨਹੀਂ ਕਰਦੀ। ਸ਼ਹਿਰੀ ਅਤੇ ਪੜੇ ਲਿਖੇ ਲੋਕ ਇਸਨੂੰ ਪ੍ਰਦੂਸ਼ਿਤ ਸਮਝਕੇ ਪੀਣਾ ਨਹੀਂ ਚਾਹੁੰਦੇ। ਮੁਆਫ਼ ਕਰਨਾ, ਅਸਲ ਵਿੱਚ ਜ਼ਿਆਦਾ ਪੜਿਆਂ ਲਿਖਿਆਂ ਨੇ ਹੀ ਇਸ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਹੈ। ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਕਾਰਨ ਹੁਣ ਡਾਕਟਰ ਲੋਕਾਂ ਨੂੰ ਪੀਣ ਤੋਂ ਮਨਾਂ ਕਰਦੇ ਹਨ। ਪਿਛਲੇ ਵੀਹ ਕੁ ਸਾਲ ਤੋਂ ਪੰਜਾਬ ਹਰਿਆਣਾ ਆਦਿ ਇਲਾਕਿਆਂ ਵਿੱਚ ਕੈਂਸਰ, ਸ਼ੂਗਰ, ਦਿਲ ਰੋਗ, ਗੁਰਦੇ ਰੋਗ, ਜੋੜ ਰੋਗ ਆਦਿ ਬਹੁਤ ਜ਼ਿਆਦਾ ਬਣਨ ਲੱਗ ਪਏ ਸੀ।
ਆਖਿਰ ਸਰਕਾਰਾਂ ਨੇ ਖੋਜ ਪੜਤਾਲ ਕਰਵਾਈ ਤੇ ਸਾਰਾ ਦੋਸ਼ ਅਸਾਨੀ ਨਾਲ ਹੀ ਸਰੀਰ ਸਿਰਫ਼ ਪਾਣੀ ਦੇ ਸਿਰ ਮੜ ਦਿੱਤਾ। ਫਿਰ ਧਰਤੀ ਹੇਠਲੇ ਪਾਣੀ ਖਿਲਾਫ਼ ਮੁਹਿੰਮ ਚੱਲੀ ਅਤੇ ਆਰ ਓ, ਫਿਲਟਰ ਘਰ ਘਰ ਅਤੇ ਪਿੰਡ ਪਿੰਡ ਵਿੱਚ ਆ ਗਏ। ਹੁਣ ਸਭ ਧਾਰਮਿਕ ਸਥਾਨਾਂ, ਡੇਰਿਆਂ, ਹਸਪਤਾਲਾਂ, ਸਕੂਲਾਂ, ਬੱਸ ਅੱਡਿਆਂ ਆਦਿ ਵਿਚ ਵੀ ਆਰ ਓ ਤੇ ਫਿਲਟਰ ਲੱਗ ਗਏ ਹਨ। ਲੇਕਿਨ ਰੋਗ ਹੋਰ ਵਧ ਗਏ ਹਨ।
ਗਰੀਬ ਲੋਕ ਜੋ ਅਜੇ ਵੀ ਧਰਤੀ ਹੇਠਲਾ ਪਾਣੀ ਮਜ਼ਬੂਰੀ ਵੱਸ ਪੀ ਰਹੇ ਹਨ। ਉਹਨਾਂ ਵਿੱਚ ਕੈਂਸਰ ਅਤੇ ਹੋਰ ਰੋਗ ਅਮੀਰਾਂ ਨਾਲੋਂ ਬਹੁਤ ਹੀ ਘੱਟ ਹਨ। ਇਵੇਂ ਭਿਖਾਰੀਆਂ ਤੇ ਪਸ਼ੂਆਂ ਵਿਚ ਵੀ ਰੋਗ ਘੱਟ ਹਨ ਜੋ ਆਰ ਓ ਜਾਂ ਫਿਲਟਰ ਪਾਣੀ ਬਿਲਕੁਲ ਨਹੀਂ ਪੀਂਦੇ। ਪ੍ਰੰਤੂ ਬੋਤਲਬੰਦ ਜਾਂ ਆਰ ਓ, ਫਿਲਟਰ ਪਾਣੀ ਜ਼ਿਆਦਾ ਪੀਣ ਵਾਲਿਆਂ ਦੇ ਹੀ ਜ਼ਿਆਦਾ ਰੋਗ ਬਣ ਰਹੇ ਹਨ।
ਅਸਲ ਵਿੱਚ ਖਤਰਨਾਕ ਰੋਗ ਬਣਨ ਦਾ ਕਾਰਨ ਹੈ ਖਤਰਨਾਕ ਖਾਣਿਆਂ ਦੀ ਵਰਤੋਂ। ਇਸ ਵਿੱਚ ਚਾਹ, ਕੌਫੀ, ਕੋਲਡ ਡਰਿੰਕਸ, ਆਈਸ ਕਰੀਮ, ਰੂਹ ਅਫਜ਼ਾ, ਜੈਮ, ਮੁਰੱਬੇ, ਗੁਲਕੰਦ, ਗਲੀ ਸੜੀ ਗੁਦਾਮਾਂ ਵਾਲੀ ਕਣਕ ਦੇ ਬਾਜ਼ਾਰੂ ਬਿਸਕੁਟ, ਰਸ, ਬਰੈੱਡ, ਪੇਸਟਰੀ, ਕੇਕ ਆਦਿ ਜ਼ਿਆਦਾ ਖੰਡ, ਨਕਲੀ ਰੰਗਾਂ ਨਕਲੀ ਫਲੇਅਵਰਜ਼ ਆਦਿ ਵਾਲੇ ਖਾਣੇ ਵੀ ਆਉਂਦੇ ਹਨ। ਇਵੇਂ ਹੀ ਬਰੀਕ ਆਟੇ ਦੇ ਸਮੋਸੇ, ਪੈਟੀਜ਼, ਗੋਲਗੱਪੇ, ਟਿੱਕੀਆਂ, ਘਟੀਆ ਰੰਗਾਂ ਵਾਲੀਆਂ ਗੰਦੇ ਤੇਲਾਂ ਚ ਬਣਾਈਆਂ ਜਲੇਬੀਆਂ, ਨਿਉਡਲਜ਼, ਹਾਟਡਾਗ, ਗੁਜੀਆ, ਬਾਜ਼ਾਰੂ ਮਠਿਆਈਆਂ, ਬਾਜ਼ਾਰੂ ਸੇਵੀਆਂ, ਗਲੇ ਸੜੇ ਟਮਾਟਰਾਂ ਦੀ ਖਤਰਨਾਕ ਰੰਗਾਂ ਵਾਲੀ ਸੌਸ, ਨਕਲੀ ਸ਼ਰਾਬ, ਨਕਲੀ ਦੁੱਧ, ਦਹੀਂ, ਨਕਲੀ ਪਨੀਰ ਆਦਿ ਵੀ ਖਤਰਨਾਕ ਰੋਗ ਬਣਾਉਣ ਵਾਲੇ ਖਤਰਨਾਕ ਖਾਣੇ ਹਨ।
ਲੇਕਿਨ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਅਜਿਹਾ ਗੰਦ ਮੰਦ ਖਾਣੋਂ ਲੋਕਾਂ ਨੂੰ ਰੋਕਣ ਦੀ ਬਜਾਏ ਕੁਦਰਤੀ ਖਾਣ ਪੀਣ ਵਾਲੀਆਂ ਵਸਤੂਆਂ ਚ ਹੀ ਦੋਸ਼ ਕੱਢਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਜੇ ਪਾਣੀ ਖਰਾਬ ਹੋ ਰਿਹਾ ਸੀ ਤਾਂ ਅਜਿਹੀਆਂ ਨੀਤੀਆਂ ਸਰਕਾਰਾਂ ਨੇ ਹੀ ਬਣਾਉਣੀਆਂ ਸੀ। ਤਾਂ ਕਿ ਪਾਣੀ ਖਰਾਬ ਨਾਂ ਹੁੰਦਾ ਤੇ ਉਸਨੂੰ ਨਿੰਦਣਾ ਨਾਂ ਪੈਂਦਾ।
ਇਸੇ ਕਰਕੇ ਹੁਣ ਬਹੁਤ ਲੋਕਾਂ ਨੂੰ ਸਿਰਫ ਧਰਤੀ ਹੇਠਲਾ ਪਾਣੀ ਨਾਂ ਪੀਣ ਕਰਕੇ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਬੱਚਿਆਂ ਦੇ ਕੱਦ ਕਾਠ ਛੋਟੇ ਹੋ ਰਹੇ ਹਨ, ਨੌਜੁਆਨ ਆਲਸੀ ਤੇ ਚਾਹ, ਕੌਫੀ ਜਾਂ ਹੋਰ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਨਵ ਵਿਆਹੇ ਬੇਔਲਾਦ ਰਹਿ ਰਹੇ ਹਨ। ਤੱਤਾਂ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਸਾਰਾ ਦਿਨ ਸੜੂੰ-ਮੱਚੂੰ ਕਰਦੇ ਰਹਿੰਦੇ ਹਨ। ਥੋੜ੍ਹੇ ਲੋਕ ਹੀ ਹਸਮੁੱਖ ਸੁਭਾਅ ਵਾਲੇ ਦਿਖਾਈ ਦਿੰਦੇ ਹਨ।
ਉਂਜ ਤਾਂ ਮੈਗਨੇਸ਼ੀਅਮ ਬਹੁਤ ਸਬਜ਼ੀਆਂ, ਸਲਾਦਾਂ ਵਿੱਚ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਪ੍ਰੰਤੂ ਹੁਣ ਰਸਾਇਣਿਕ ਖਾਦਾਂ ਅਤੇ ਕੈਮੀਕਲਾਂ ਦੀ ਬਹੁਤਾਤ ਕਰਕੇ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਤੇ ਖਣਿਜ ਪਦਾਰਥਾਂ ਦੀ ਮਿਕਦਾਰ ਘਟਦੀ ਜਾ ਰਹੀ ਹੈ। ਇਸ ਕਰਕੇ ਅਨਾਜ ਅਤੇ ਸਬਜ਼ੀਆਂ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਬਹੁਤੀ ਨਹੀਂ ਰਹਿ ਗਈ।
ਜਨਮ ਤੋਂ ਲੈ ਕੇ ਸਾਡੇ ਸਰੀਰ ਦੀਆਂ ਹੱਡੀਆਂ ਵਿੱਚ ਮੈਗਨੀਸ਼ੀਅਮ ਜ਼ਮ੍ਹਾਂ ਹੁੰਦਾ ਰਹਿੰਦਾ ਹੈ। ਜਿਵੇਂ ਜਿਵੇਂ ਅਸੀਂ ਬੁਢਾਪੇ ਵੱਲ ਵਧਦੇ ਹਾਂ ਹੱਡੀਆਂ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਘਟਦੀ ਜਾਂਦੀ ਹੈ। ਉਂਜ ਵੀ ਇਹ ਹੱਡੀਆਂ ਵਿਚਲਾ ਮੈਗਨੇਸ਼ੀਅਮ ਸਰੀਰ ਦੀ ਵਰਤੋਂ ਦੇ ਯੋਗ ਨਹੀਂ ਰਹਿੰਦਾ।
ਸੱਚ ਪੁੱਛੋ ਤਾਂ ਮੈਗਨੇਸ਼ੀਅਮ ਮਨੁੱਖੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹੈ। ਲੇਕਿਨ ਮੈਗਨੀਸ਼ੀਅਮ ਕੁਦਰਤੀ ਭੋਜਨ ਪਦਾਰਥਾਂ ਤੋਂ ਹੀ ਲੈਣਾ ਚਾਹੀਦਾ ਹੈ। ਪਰ ਬਾਹਰਲੇ ਦੇਸ਼ਾਂ ਵਿੱਚ ਸਪਲੀਮੈਂਟ ਦੇ ਰੂਪ ਵਿੱਚ ਵੀ ਇਹ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੀ ਵਰਤੋਂ ਕੈਪਸੂਲ ਜਾਂ ਟੀਕੇ ਦੇ ਰੂਪ ਵਿੱਚ ਹੁੰਦੀ ਹੈ। ਸਪਲੀਮੈਂਟ ਦੇ ਰੂਪ ਵਿੱਚ ਲਿਆ ਮੈਗਨੀਸ਼ੀਅਮ ਪਾਣੀ ਵਿੱਚ ਘੁਲਣਸ਼ੀਲ ਹੋਣਾ ਚਾਹੀਦਾ ਹੈ ਨਹੀਂ ਤਾਂ ਇਹ ਸਰੀਰ ਵਿੱਚ ਜਜ਼ਬ ਹੋਏ ਬਿਨਾਂ ਹੀ ਬਾਹਰ ਨਿਕਲ ਜਾਂਦਾ ਹੈ।
ਸਾਨੂੰ ਹਰ ਰੋਜ਼ 100-500 ਮਿਲੀਗ੍ਰਾਮ ਦੇ ਲਗਪਗ ਮੈਗਨੀਸ਼ੀਅਮ ਲੈਣਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਸਾਨੂੰ 300 ਮਿਲੀਗ੍ਰਾਮ ਤੋਂ ਕਰਨੀ ਚਾਹੀਦੀ ਹੈ। ਲੇਕਿਨ ਵਧੇਰੇ ਖਣਿਜ ਲੂਣਾਂ ਦੀ ਵਰਤੋਂ ਬਾਅਦ ਖੂਬ ਸਰੀਰਕ ਮਿਹਨਤ ਕਰਨੀ ਚਾਹੀਦੀ ਹੈ। ਖਾ ਪੀ ਕੇ ਵਿਹਲੇ ਰਹਿਣ, ਬੈਠਣ, ਲੇਟਣ ਅਤੇ ਪੈਦਲ ਨਾਂ ਤੁਰਨ ਦੀ ਆਦਤ ਵਾਲਿਆਂ ਦੇ ਪਥਰੀ ਬਣਨਾ, ਮੋਟਾਪਾ, ਬੀਪੀ ਵਧਣਾ, ਘਬਰਾਹਟ, ਜੋੜ ਦਰਦ ਆਦਿ ਵੀ ਹੋ ਸਕਦੇ ਹਨ।
ਵੈਸੇ ਤਾਂ ਮੈਗਨੇਸ਼ੀਅਮ ਅਨੇਕਾਂ ਮਹਿੰਗੇ ਅਤੇ ਸਸਤੇ ਫਲਾਂ, ਸਲਾਦਾਂ, ਸਬਜ਼ੀਆਂ ਆਦਿ ਚ ਵੀ ਹੁੰਦਾ ਹੈ ਜਿਵੇਂ ਕਿ ਬਦਾਮ, ਤਿਲ, ਸੂਰਜਮੁਖੀ ਦੇ ਬੀਜ, ਭੂਰੇ ਚੌਲ, ਰਾਜਮਾਂਹ, ਅਲਸੀ ਦੇ ਬੀਜ, ਕਾਜੂ, ਪਾਲਕ, ਕੇਲੇ, ਤੁਲਸੀ, ਧਨੀਆ, ਕੌਰਨ ਮੀਲ, ਛਿਲਕੇ ਸਹਿਤ ਖੀਰਾ, ਬਲੈਕਬੈਰੀ, ਰਸਭਰੀ, ਸਟ੍ਰਾਬੱਰੀ, ਜੈਕਫ਼ਰੂਟ, ਤਰਬੂਜ਼, ਜੌਂ, ਕੱਦੂ ਬੀਜ, ਅਮਰੂਦ, ਕਿਵੀ ਫ਼ਰੂਟ, ਪੈਸ਼ਨ ਫ਼ਰੂਟ, ਗਰੇਪਫ਼ਰੂਟ, ਛਿਲਕੇ ਸਹਿਤ ਆਲੂ, ਭਿੰਡੀ, ਗ੍ਰੇਨ ਬਰੈੱਡ, ਵ੍ਹੀਟਜਰਮ, ਦਹੀਂ, ਅੰਜੀਰ, ਖਜੂਰ, ਖੁਰਮਾਨੀ, ਬੰਦਗੋਭੀ, ਚਿੱਬੜ, ਭੱਖੜਾ, ਤਾਂਦਲਾ, ਕੋਧਰਾ, ਮਟਰ, ਮੱਛੀ ਆਦਿ ਵਿੱਚ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ।
ਲੇਕਿਨ ਪਾਣੀ ਵਿਚਲਾ ਮੈਗਨੇਸ਼ੀਅਮ ਸਭ ਤੋਂ ਸਹੀ ਹੁੰਦਾ ਹੈ ਕਿਉਂਕਿ ਇਸ ਦੇ ਨਾਲ ਅਨੇਕਾਂ ਹੋਰ ਵੀ ਲੋੜੀਂਦੇ ਤੱਤ ਮਿਲਦੇ ਹਨ ਜਿਹਨਾਂ ਨਾਲ ਮਿਲਕੇ ਇਹ ਸਰੀਰ ਦੀਆਂ ਸਭ ਪ੍ਰਣਾਲੀਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਚ ਵਧੀਆ ਤਰਾਂ ਮਦਦ ਕਰਦਾ ਹੈ।
ਹੁਣ ਰਹੀ ਗੱਲ ਲੋਕਾਂ ਦੀ ਤੰਦਰੁਸਤੀ ਦੀ। ਜਿਹਨਾਂ ਇਲਾਕਿਆਂ ਵਿੱਚ ਲੋਕ ਧਰਤੀ ਹੇਠਲਾ ਪਾਣੀ ਵਧੇਰੇ ਪੀਂਦੇ ਹਨ। ਉਥੇ ਪ੍ਰੋਗਨੈਂਟ ਔਰਤਾਂ ਨੂੰ ਗਰਭ ਦੌਰਾਨ ਕੈਲਸ਼ੀਅਮ, ਮੈਗਨੇਸ਼ੀਅਮ ਆਦਿ ਦੀ ਘਾਟ ਬਹੁਤ ਘੱਟ ਹੁੰਦੀ ਹੈ। ਉਥੇ ਤਣਾਉ ਰੋਗ ਵੀ ਘੱਟ ਹੁੰਦਾ ਹੈ। ਉਥੇ ਆਤਮਹੱਤਿਆ, ਬੇਔਲਾਦ, ਜੋੜ ਘਸਣੇ, ਗੁਪਤ ਰੋਗ, ਚਮੜੀ ਰੋਗ, ਵਾਲ ਰੋਗ, ਰੀੜ ਹੱਡੀ ਰੋਗ, ਮੋਟਾਪਾ, ਹਾਰਟ ਅਟੈਕ, ਸ਼ੂਗਰ, ਅਧਰੰਗ ਆਦਿ ਰੋਗ ਵੀ ਬਹੁਤ ਘੱਟ ਹੁੰਦੇ ਹਨ। ਅਜਿਹੇ ਇਲਾਕੇ ਅਜੇ ਵੀ ਪਾਕਿਸਤਾਨੀ ਪੰਜਾਬ ਅਤੇ ਰਾਜਸਥਾਨ ਦੇ ਕੁੱਝ ਜ਼ਿਲਿਆਂ ਵਿਚ ਮੌਜੂਦ ਹਨ ਜਿੱਥੇ ਧਰਤੀ ਹੇਠਲਾ ਪਾਣੀ ਹੀ ਸਭ ਲੋਕ ਪੀਂਦੇ ਹਨ ਤੇ ਉਹਨਾਂ ਨੂੰ ਖਤਰਨਾਕ ਰੋਗ ਬੇਹੱਦ ਘੱਟ ਹਨ।
ਇਸ ਵਕਤ ਜਿਸਤਰਾਂ ਧਰਤੀ ਹੇਠਲੇ ਪਾਣੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਬੋਤਲਬੰਦ ਪਾਣੀ, ਫਿਲਟਰ ਪਾਣੀ, ਆਕਸੀਜਨ ਵਾਟਰ, ਐਲਕਾਲੀਨ ਪਾਣੀ, ਔਕਸੀਡਾਈਜ਼ਡ ਪਾਣੀ, ਮਿਨਰਲ ਪਾਣੀ, ਆਰ ਓ ਪਾਣੀ ਆਦਿ ਅਤੇ ਅਨੇਕਾਂ ਤਰ੍ਹਾਂ ਦੇ ਨਿੱਤ ਨਵੇਂ ਮਸ਼ੀਨੀ ਪਾਣੀਆਂ ਦੇ ਲੋਕਾਂ ਨੂੰ ਆਦੀ ਕੀਤਾ ਜਾ ਰਿਹਾ ਹੈ।
ਆਉਣ ਵਾਲੇ ਸਮੇਂ ਵਿੱਚ ਇਹ ਪੂਰੀ ਮਨੁੱਖ ਜਾਤੀ ਲਈ ਬਹੁਤ ਹੀ ਘਾਤਕ ਹੋ ਸਕਦਾ ਹੈ। ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਿਸ ਤਰ੍ਹਾਂ ਦਾ ਵੀ ਪੌਣ ਪਾਣੀ ਤੁਹਾਨੂੰ ਤੁਹਾਡੇ ਸਮੇਂ ਮੁਤਾਬਿਕ ਮਿਲਦਾ ਹੈ। ਉਸੇ ਤਰ੍ਹਾਂ ਤੇ ਹੀ ਤੁਹਾਨੂੰ ਗੁਜ਼ਾਰਾ ਕਰਨਾ ਆਉਣਾ ਚਾਹੀਦਾ ਹੈ। ਕੁਦਰਤ ਦਾ ਨਿਯਮ ਹੈ ਕਿ ਇਸਤੋਂ ਜ਼ਿਆਦਾ ਹੀ ਅੱਗੇ ਜਾਂ ਪਿੱਛੇ ਰਹਿਣ ਵਾਲੇ ਜੀਵ ਜ਼ਿਆਦਾ ਦੇਰ ਇਸ ਧਰਤੀ ਤੇ ਰਹਿ ਨਹੀਂ ਸਕਦੇ।
ਹੁਣ ਮਨੁੱਖੀ ਗਲਤੀ ਕਾਰਨ ਪਾਣੀ ਵਿੱਚ ਕੁੱਝ ਕੁ ਖਤਰਨਾਕ ਤੱਤ ਜ਼ਰੂਰ ਆ ਗਏ ਹਨ। ਲੇਕਿਨ ਜਿੱਥੇ ਐਨਾ ਗੰਦ ਮੰਦ ਤੇ ਮਿਲਾਵਟੀ ਸਮਾਨ ਲੋਕ ਖਾ ਰਹੇ ਹਨ ਉਥੇ ਇਹਨਾਂ ਪਾਣੀ ਵਿੱਚ ਘੁਲੇ ਥੋੜੇ ਜਿਹੇ ਪਦਾਰਥਾਂ ਨੂੰ ਵੀ ਸਰੀਰ ਦੀਆਂ ਪ੍ਰਣਾਲੀਆਂ ਸਰੀਰ ਚੋਂ ਬਾਹਰ ਕੱਢ ਸਕਦੀਆਂ ਹਨ। ਅਸਲ ਵਿੱਚ ਪਾਣੀ ਨੂੰ ਫਿਲਟਰ ਕਰਨ ਦੌਰਾਨ ਅਨੇਕਾਂ ਅਤਿ ਲੋੜੀਂਦੇ ਤੱਤ ਵੀ ਵਹਾਅ ਦਿੱਤੇ ਜਾਂਦੇ ਹਨ ਅਤੇ ਪੀਣਯੋਗ ਪਾਣੀ ਨੂੰ ਕਾਫੀ ਮਾਤਰਾ ਵਿੱਚ ਵਿਅਰਥ ਵਿਚ ਹੀ ਵਹਾਅ ਦਿੱਤਾ ਜਾਂਦਾ ਹੈ।
ਸਭ ਜੀਵ ਜੰਤੂ ਅਤੇ ਗਰੀਬ ਜਾਂ ਆਦਿ ਵਾਸੀ ਲੋਕ ਧਰਤੀ ਹੇਠਲਾ ਜਾਂ ਕੁਦਰਤੀ ਪਾਣੀ ਹੀ ਪੀਂਦੇ ਹਨ। ਇਸਲਈ ਉਹ ਵਧੇਰੇ ਤੰਦਰੁਸਤ ਹਨ ਯਾਨਿ ਕਿ ਉਹਨਾਂ ਨੂੰ ਖਤਰਨਾਕ ਰੋਗ ਬਹੁਤ ਹੀ ਘੱਟ ਹਨ। ਜਦੋਂ ਕਿ ਅਮੀਰ ਜਾਂ ਜ਼ਰਾ ਵਹਿਮੀ ਕਿਸਮ ਦੇ ਲੋਕ ਧਰਤੀ ਹੇਠਲਾ ਪਾਣੀ ਬਿਲਕੁਲ ਹੀ ਪੀਣਾ ਛਡਦੇ ਜਾ ਰਹੇ ਹਨ।
ਇਸੇ ਕਾਰਨ ਅਮੀਰਾਂ ਜਾਂ ਮੱਧਵਰਗੀ ਪਰਿਵਾਰਾਂ ਚ ਹੀ ਜ਼ਿਆਦਾ ਬੇਔਲਾਦ ਹਨ, ਇਹਨਾਂ ਚ ਹੀ ਆਤਮਹੱਤਿਆ ਦੀ ਪ੍ਰਵਿਰਤੀ ਜ਼ਿਆਦਾ ਹੈ, ਇਹਨਾਂ ਚ ਹੀ ਇਨਫੈਕਸ਼ਨਜ਼ ਤੇ ਅਲੱਰਜੀਜ਼ ਵਧ ਰਹੀਆਂ ਹਨ, ਇਹਨਾਂ ਦੇ ਹੀ ਗੋਡੇ, ਚੂਕਣੇ ਜ਼ਿਆਦਾ ਘਸਦੇ ਹਨ, ਇਹਨਾਂ ਦੇ ਹੀ ਰੀੜ ਦੀ ਹੱਡੀ ਨੁਕਸ ਆਦਿ ਜ਼ਿਆਦਾ ਪੈਂਦੇ ਹਨ। ਇਸਦੇ ਇਲਾਵਾ ਇਹਨਾਂ ਦੇ ਮੋਟਾਪਾ, ਸ਼ੂਗਰ, ਅਧਰੰਗ, ਹਾਰਟ ਅਟੈਕ, ਗੰਜਾਪਨ, ਸ਼ੁਕਰਾਣੂੰ ਘਾਟ ਆਦਿ ਅਨੇਕਾਂ ਤਰ੍ਹਾਂ ਦੇ ਰੋਗ ਵੀ ਜ਼ਿਆਦਾ ਹੁੰਦੇ ਹਨ।
ਅਸੀਂ ਅਨੇਕਾਂ ਜੋੜ ਰੋਗੀ, ਰੀੜ ਹੱਡੀ ਰੋਗੀ, ਗੁਪਤ ਰੋਗਾਂ ਵਾਲੇ ਅਤੇ ਬੇਔਲਾਦ ਜੋੜਿਆਂ ਆਦਿ ਨੂੰ ਬਹੁਤ ਹੀ ਸਾਧਾਰਣ ਨੈਚਰਲ ਦਵਾਈਆਂ ਨਾਲ ਠੀਕ ਕਰਨ ਚ ਕਾਮਯਾਬ ਹੋਏ ਹਾਂ। ਇਹਨਾਂ ਸਭ ਚੋਂ ਉਹਨਾਂ ਲੋਕਾਂ ਤੇ ਦਵਾਈਆਂ ਨੇ ਜ਼ਿਆਦਾ ਵਧੀਆ ਤਰਾਂ ਤੇ ਜਲਦੀ ਅਸਰ ਦਿਖਾਇਆ ਜਿਹਨਾਂ ਨੇ ਸਾਡੇ ਦੱਸੇ ਮੁਤਾਬਕ ਡਾਈਟ ਤੇ ਲਾਈਫ ਸਟਾਈਲ ਚ ਤਬਦੀਲੀ ਕੀਤੀ ਸੀ।
ਅਸੀਂ ਲੋਕਾਂ ਨੂੰ ਸਾਦਾ, ਕੁਦਰਤੀ, ਤਾਜ਼ਾ ਤੇ ਵਰਾਇਟੀ ਚ ਖਾਣ ਪੀਣ ਦੀ ਸੁਲਾਹ ਦਿੰਦੇ ਹਾਂ। ਹਰ ਇੱਕ ਨੂੰ ਤੰਦਰੁਸਤ ਰਹਿਣ ਲਈ ਹਰ ਖਾਣੇ ਨਾਲ ਲੱਸੀ, ਦਹੀਂ, ਦੁੱਧ, ਸੂਪ ਜਾਂ ਪਾਣੀ ਆਦਿ ਪੀਣ ਦੀ ਆਦਤ ਪਾਉਣ ਲਈ ਕਹਿੰਦੇ ਹਾਂ। ਹਰ ਚੀਜ਼ ਠੰਢੀ ਖਾਣ ਪੀਣ ਯਾਨਿ ਕਿ ਨਾਂ ਗਰਮ ਤੇ ਨਾਂ ਹੀ ਬਰਫ ਜਾਂ ਫਰਿੱਜ ਵਾਲਾ ਕੁੱਝ ਵਰਤਣ ਲਈ ਕਹਿੰਦੇ ਹਾਂ। ਕੁੱਝ ਵੀ ਕਦੇ ਵੀ ਪੇਟ ਭਰਕੇ ਨਾ ਖਾਣ ਪੀਣ, ਪੈੱਦਲ ਵਧੇਰੇ ਚੱਲਣ, ਖੁੱਲੀ ਹਵਾ ਤੇ ਖੁੱਲੀ ਧੁੱਪ ਚ ਰੋਜ਼ਾਨਾ ਨਿਕਲਣ ਦੀ ਵੀ ਸੁਲਾਹ ਦਿੰਦੇ ਹਾਂ।
ਅਸੀਂ ਹਰ ਇੱਕ ਨੂੰ ਚਾਹ, ਕੌਫੀ, ਗਰੀਨ ਟੀ, ਬਾਜ਼ਾਰੂ ਖਾਣੇ ਆਦਿ ਵਰਤਣ ਤੋਂ ਰੋਕਦੇ ਹਾਂ। ਅਸੀਂ ਲੋਕਾਂ ਨੂੰ ਗੌਡ ਮੇਡ ਚੀਜ਼ਾਂ ਵੱਧ ਵਰਤਣ ਅਤੇ ਮੈਨ ਮੇਡ ਚੀਜ਼ਾਂ ਘੱਟ ਵਰਤਣ ਦੀ ਸੁਲਾਹ ਦਿੰਦੇ ਹਾਂ। ਹਰ ਇੱਕ ਨੂੰ ਕੁਦਰਤੀ ਖਾਣ ਪੀਣ ਵੱਧ ਤੋਂ ਵੱਧ ਰੱਖਣਾ ਚਾਹੀਦਾ ਹੈ। ਯਾਨਿ ਕਿ ਸਲਾਦ, ਫਲ, ਡਰਾਈ ਫਰੂਟਸ, ਦਾਲਾਂ, ਅਨਾਜ, ਸਬਜ਼ੀਆਂ ਆਦਿ ਵਧੇਰੇ ਵਰਤਣ ਦੀ ਸੁਲਾਹ ਦਿੰਦੇ ਹਾਂ।
ਇਸਦੇ ਨਾਲ ਹੀ ਅਸੀਂ ਲੋਕਾਂ ਨੂੰ ਨਮਕ ਮਿਰਚ ਮਿੱਠਾ ਮਸਾਲੇ ਘੱਟ ਤੋਂ ਘੱਟ ਵਰਤਣ ਦੀ ਸੁਲਾਹ ਦਿੰਦੇ ਹਾਂ।
ਅਸਲ ਵਿੱਚ ਮਨੁੱਖ ਦੇ ਰੋਗੀ ਹੋਣ ਦਾ ਕਾਰਨ ਲਾਈਫਸਟਾਈਲ ਵਿਗੜਨਾ ਅਤੇ ਡਾਈਟ ਢੰਗ ਸਿਰ ਨਾ ਲੈਣਾ ਹੀ ਹੈ। ਰੋਗਾਂ ਦੇ ਵਿਗੜਨ ਦਾ ਸਭ ਤੋਂ ਵੱਡਾ ਕਾਰਨ ਡਾਈਟ ਅਤੇ ਲਾਈਫ ਸਟਾਈਲ ਚ ਢੁਕਵੀਂ ਤਬਦੀਲੀ ਕਰਨ ਦੀ ਬਜਾਏ ਦਵਾਈਆਂ ਦੀ ਅੰਧਾਧੁੰਦ ਵਰਤੋ ਕਰਨਾ ਵੀ ਹੈ। ਮਰੀਜ਼ਾਂ ਦੇ ਜ਼ਿਆਦਾ ਹੀ ਵਧਣ ਕਾਰਨ ਹਸਪਤਾਲਾਂ ਚ ਭੀੜ ਵਧ ਗਈ ਹੈ। ਨਤੀਜੇ ਵਜੋਂ ਡਾਕਟਰ ਕੋਲ ਮਰੀਜ਼ਾਂ ਨੂੰ ਪ੍ਰਹੇਜ਼ ਆਦਿ ਦੱਸਣ ਦਾ ਵੀ ਟਾਈਮ ਨਹੀਂ ਰਿਹਾ ਹੈ।
ਮਰੀਜ਼ਾਂ ਦੇ ਜ਼ਿਆਦਾ ਹੀ ਵਧਣ ਕਾਰਨ ਕਾਰਪੋਰੇਟ ਘਰਾਣਿਆਂ ਕੋਲ ਲੋਕਾਂ ਦੀ ਲੁੱਟ ਦੇ ਮੌਕੇ ਵਧ ਗਏ ਹਨ। ਉਹਨਾਂ ਦਾ ਬਿਜ਼ਨਸ ਵਧਣ ਕਾਰਨ ਉਹਨਾਂ ਨੇ ਆਮ ਲੋਕਾਂ ਚੋਂ ਬੇਰੁਜ਼ਗਾਰ ਲੋਕਾਂ ਨੂੰ ਵੀ ਆਪਣੇ ਨਾਲ ਗੰਢ ਲਿਆ ਹੈ ਜੋ ਅਪਣਾ ਪੇਟ ਪਾਲਣ ਖਾਤਰ ਉਹਨਾਂ ਦੇ ਖਤਰਨਾਕ ਪਦਾਰਥ ਆਮ ਲੋਕਾਂ ਨੂੰ ਘਰ ਬੈਠਿਆਂ ਹੀ ਖੁਆਉਣ ਦੇ ਆਦੀ ਕਰਨ ਚ ਬਹੁਤ ਵੱਡਾ ਰੋਲ ਨਿਭਾ ਰਹੇ ਹਨ।
ਜੇ ਹਰ ਦੇਸ਼ ਦੀ ਸਰਕਾਰ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਹੀ ਸਮੇਂ, ਸਹੀ ਦਿਸ਼ਾ, ਸਹੀ ਟਰੇਨਿੰਗ ਦੇਕੇ ਸਰਕਾਰੀ ਜੌਬ ਦਿੰਦੀ ਤਾਂ ਕਾਰਪੋਰੇਟ ਘਰਾਣਿਆਂ ਦੀ ਅੱਜ ਸੰਸਾਰ ਭਰ ਦੀ ਹਰ ਸਰਕਾਰ ਗੁਲਾਮ ਨਾਂ ਹੁੰਦੀ ਤੇ ਨਾਂ ਹੀ ਇਸ ਸੰਸਾਰ ਤੇ ਕੋਈ ਭੁੱਖਾ, ਪਿਆਸਾ, ਨਿਰਾਸ਼ਾ, ਦੁਖੀ ਹੁੰਦਾ ਤੇ ਨਾਂ ਹੀ ਦੇਸ਼ਾਂ ਦੇ ਆਪਸੀ ਝਗੜੇ ਹੁੰਦੇ। ਕਿਉਂਕਿ ਸਭ ਨੇ ਸਾਦਾ ਖਾਣਾ ਪੀਣਾ ਸੀ ਤੇ ਸਭ ਨੇ ਸਾਦਗੀ ਪਸੰਦ ਕਰਨੀ ਸੀ।

ਬੈਂਸ ਹੈਲਥ ਸੈਂਟਰ ਮੋਗਾ 9463038229




















