ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀਆਂ ਜਨਤਕ ਜੱਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕਮੇਟੀ ਦੇ ਸੱਦੇ ‘ਤੇ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਾਰਨ ਲੱਗੇ ਲਾਕ ਡਾਊਨ (ਕਰਫਿਊ) ਦੌਰਾਨ ਆਰਥਿਕ ਮੰਦਹਾਲੀ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਤਹਿਸੀਲ ਖੰਨਾ ਅਤੇ ਪਾਇਲ ਜੱਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਆਪਣੇ-ਆਪਣੇ ਘਰਾਂ ਦੇ ਬਾਹਰ ਪਰਿਵਾਰਾਂ ਸਮੇਤ ਹੱਥਾਂ ਵਿਚ ਤਖ਼ਤੀਆਂ ਲੈ ਕੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰਾਂ ਲੋੜਵੰਦਾਂ ਨੂੰ ਭਾਸ਼ਨਾਂ ਰਾਹੀਂ ਹੀ ਨਾ ਸਾਰੀ ਜਾਵੇ ਬਲਕਿ ਉਨ੍ਹਾਂ ਦੇ ਖਾਣ ਲਈ ਰਾਸ਼ਨ ਦਾ ਵੀ ਪ੍ਰਬੰਧ ਕਰੇ।
ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੂਬਾ ਵਿੱਤ ਸਕੱਤਰ ਅਤੇ ਜਿਲ੍ਹਾ ਜਰਨਲ ਸਕੱਤਰ ਬਲਬੀਰ ਸਿੰਘ ਸੁਹਾਵੀ ਨੇ ਪਰਿਵਾਰ ਸਮੇਤ ਆਪਣੇ ਘਰਾਂ ਦੇ ਅੱਗੇ ਠੀਕ ਸਮੇਂ ਅਨੁਸਾਰ ਤਖ਼ਤੀਆਂ ਲੈ ਕੇ ਮੰਗ ਕੀਤੀ ਕਿ ਹੁਣ ਭਾਸ਼ਨ ਨਹੀਂ, ਰਾਸ਼ਨ ਦਿਉ, ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ, ਕਿਸਾਨਾਂ ਮਜਦੂਰਾਂ ਨੂੰ ਕਣਕ ਦੀ ਕਟਾਈ ਦਾ ਸੰਭਵ ਮੌਕਾ, ਗਰੀਬ ਪਰਿਵਾਰਾਂ ਦੇ ਖਾਤਿਆਂ ਵਿਚ 7500-7500 ਰੁਪਏ ਪਾਏ ਜਾਣ, ਮਨਰੇਗਾ ਮਜ਼ਦੂਰਾਂ ਨੂੰ ਕੀਤੇ ਕੰਮਾਂ ਦੇ ਪੈਸੇ ਦਿੱਤੇ ਜਾਣ, ਭੁੱਖਮਰੀ ਰੋਕਣ ਲਈ ਪੂਰਾ ਅਨਾਜ ਸਪਲਾਈ ਕੀਤਾ ਜਾਵੇ, ਕਿਸਾਨਾਂ ਅਤੇ ਮਜਦੂਰਾਂ ਨੂੰ ਕੋਰੋਨਾ ਤੋਂ ਬਚਨ ਲਈ ਪੂਰਾ ਸਮਾਨ ਮੁਹੱਈਆ ਕਰਵਾਇਆ ਜਾਵੇ, ਖੇਤ ਮਜ਼ਦੂਰਾਂ ਦੇ ਸਾਰੇ ਟੈਸਟ ਮੁਫ਼ਤ ਕੀਤੇ ਜਾਣ, ਨੌਕਰੀਆਂ ਅਤੇ ਦਿਹਾੜੀਦਾਰਾਂ ਨੂੰ ਕਾਮਿਆਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਸਰਕਾਰੀ ਰਾਸ਼ਨ ਸ਼ਹਿਰਾਂ ਅਤੇ ਪਿੰਡਾਂ ਦੀਆਂ ਚੁਣੀਆਂ ਹੋਈਆਂ ਨਗਰ ਕੌਂਸਲਾਂ, ਪੰਚਾਇਤਾਂ ਰਾਹੀਂ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਜਾਵੇ। ਕਿਸੇ ਵੀ ਹਾਲ ਵਿਚ ਮਜ਼ਦੁਰਾਂ ਦੇ ਕੰਮ ਕਰਨ ਦੇ ਘੰਟੇ 08 ਤੋਂ ਵਧਾ 12 ਘੰਟੇ ਨਾ ਕੀਤੇ ਜਾਣ। ਇਸ ਮੌਕੇ ਉਨ੍ਹਾਂ ਸਪੁੱਤਰ ਡਾ. ਅਨੁਪਮਦੀਪ ਸਿੰਘ, ਨੂੰਹ ਨੀਲਮ ਰਾਣੀ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਹੀ ਪਿੰਡ ਇਕੋਲਾਹਾ ਵਿਖੇ ਸੀਪੀਐਮ ਦੇ ਤਹਿਸੀਲ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ, ਰਾਜਿੰਦਰ ਸਿੰਘ, ਮੋਹਨ ਘਈ, ਇਕਬਾਲ ਸਿੰਘ, ਬਲੌਰ ਸਿੰਘ, ਰਹਿਮਦੀਨ ਤੇ ਰਵਿੰਦਰ ਰਵੀ ਅਤੇ ਪਿੰਡ ਹੋਲ ਵਿਖੇ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ ਹੋਲ, ਹਰਜਿੰਦਰ ਸਿੰਘ, ਜਗਜੀਤ ਸਿੰਘ, ਜੋਗਿੰਦਰ ਸਿੰਘ ਆਦਿ ਨੇ ਪਾਰਟੀ ਪ੍ਰੋਗਰਾਮ ਅਨੁਸਾਰ ਤਖ਼ਤੀਆਂ ਲੈ ਕੇ ਮੰਗਾਂ ਉਠਾਈਆਂ।