ਪਟਿਆਲਾ ( ਅਰਵਿੰਦਰ ਸਿੰਘ ) ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਅਧੀਨ ਚੱਲ ਰਹੇ ਕਮਿਊਨਿਟੀ ਪੌਲੀਟੈਕਨਿਕ ਸਕੀਮ ਦੇ ਸਿਲਾਈ ਕਢਾਈ ਕੋਰਸ ਦੀਆਂ ਟਰੇਨਿੰਗ ਲੈ ਰਹੀਆਂ ਸੈਂਟਰ ਜੇਲ੍ਹ ਪਟਿਆਲਾ ਦੀਆਂ ਸਿਖਿਆਰਥਣਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਰਿਸ ਸਬੰਧੀ ਕੀਤੇ ਜਾ ਰਹੇ ਸੁਹਿਰਦ ਯਤਨਾਂ ਵਿੱਚ ਆਪਣਾ ਹਿੱਸਾ ਪਾਉਂਦਿਆਂ 1450 ਫੇਸ ਮਾਸਕ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਂਟ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੀਮ ਦੇ ਕੋਆਰਡੀਨੇਟਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਸ. ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਸੈਂਟਰ ਜੇਲ੍ਹ ਪਟਿਆਲਾ ਦੇ ਕੈਦੀਆਂ ਨੂੰ ਹੁਨਰ ਵਿਕਾਸ ਨਾਲ ਜੋੜਨ ਲਈ ਛੇ ਮਹੀਨੇ ਦਾ ਸਿਲਾਈ ਕਢਾਈ ਕੋਰਸ ਕਰਵਾਇਆ ਜਾ ਰਿਹਾ। ਜੇਲ੍ਹ ਵਿੱਚ ਟਰੇਨਿੰਗ ਲੈ ਰਹੀਆਂ ਸਿਖਿਆਰਥਣਾਂ ਨੇ ਸੰਕਟ ਦੀ ਘੜੀ ਵਿੱਚ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਇਸ ਵਿਸ਼ਵ ਕਰੋਪੀ ਦੇ ਸਮੇਂ ਮਾਸਕ ਬਣਾਕੇ ਅਨੋਖੀ ਮਿਸਾਲ ਪੈਦਾ ਕੀਤੀ ਹੈ।
ਪ੍ਰੋ. ਅਨਟਾਲ ਨੇ ਦੱਸਿਆ ਕਿ ਕਾਲਜ ਦੀ ਗੈਸਟ ਟਰੇਨਰ ਮੈਡਮ ਰਾਜਵੰਤ ਕੌਰ ਦੀ ਅਗਵਾਈ ਵਿਚ ਇਸ ਕਾਰਜ ਨੂੰ ਸੰਪੂਰਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਵੱਲੋਂ ਜੇਲ੍ਹ ਭੁਗਤ ਰਹੀਆਂ ਇਨ੍ਹਾਂ ਸਿਖਿਆਰਥਣਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਮੁੜ ਸਮਾਜਕ ਲੋਕਧਾਰਾ ਵਿਚ ਵਾਪਸੀ ਦੀ ਕਾਮਨਾ ਕੀਤੀ।