ਸਮਾਜ ਨੂੰ ਅੱਜ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਜ਼ਬਰ ਵਿਰੁੱਧ ‘ਰਾਜੇ ਸੀਹ ਮੁਕੱਦਮ ਕੁੱਤੇ’ ਦੀ ਆਵਾਜ਼ ਬੁਲੰਦ ਕਰਨ ਵਾਲੀ ਪ੍ਰੈਸ-ਮੀਡੀਏ ਦੀ ਸਖ਼ਤ ਲੋੜ : ਟਿਵਾਣਾ

ਸੰਗਰੂਰ (ਅਜੈਬ ਸਿੰਘ ਮੋਰਾਂ ਵਾਲੀ ) “ਬਹੁਤ ਹੀ ਦੁੱਖ ਤੇ ਅਫ਼ਸੋਸ ਹੈ ਕਿ ਪੰਜਾਬ ਸੂਬੇ ਵਿਚ ਹੀ ਨਹੀਂ, ਬਲਕਿ ਹੋਰ ਕਈ ਸੂਬਿਆਂ ਵਿਚ ਵੀ ਕਰਫਿਊ, ਲਾਕਡਾਊਨ ਦੌਰਾਨ ਪੁਲਿਸ ਵੱਲੋਂ ਬੇਕਸੂਰ ਮਜ਼ਬੂਰ ਨਿਵਾਸੀਆਂ ਨਾਲ ਅਤੇ ਆਪਣੇ ਹੀ ਨਾਗਰਿਕਾਂ, ਬੱਚਿਆਂ, ਬੀਬੀਆਂ ਅਤੇ ਨੌਜ਼ਵਾਨਾਂ ਉਤੇ ਕਹਿਰ ਢਾਹੁਣ ਦੇ ਦੁਖਦਾਇਕ ਅਮਲਾਂ ਦਾ ਸੱਚ ਵਾਈਰਲ ਹੋਈਆ ਵੀਡੀਓ ਨਾਲ ਭਰਿਆ ਪਿਆ ਹੈ । ਉਸ ਸਮੇਂ ਵੀ ਮੋਦੀ-ਸ਼ਾਹ, ਬੀਜੇਪੀ-ਆਰ.ਐਸ.ਐਸ. ਅਤੇ ਪੰਜਾਬ ਦੇ ਹੁਕਮਰਾਨ ਇਹ ਪ੍ਰਚਾਰ ਕਰ ਰਹੇ ਹਨ ਕਿ ਪੁਲਿਸ ਕਰਫਿਊ ਅਤੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਅਜਿਹਾ ਕਰ ਰਹੀ ਹੈ । ਇਹ ਹੁਕਮਰਾਨ ਪੁਲਿਸ ਜ਼ਬਰ ਦੇ ਹਰ ਮਨੁੱਖਤਾ ਵਿਰੋਧੀ ਅਮਲ ਨੂੰ ਗੈਰ-ਦਲੀਲ ਢੰਗ ਨਾਲ ਪੈਰਵੀਂ ਕਰਕੇ ਹਕੂਮਤੀ ਤਾਨਾਸ਼ਾਹ ਅਮਲਾਂ ਦੀ ਇਸ ਲਈ ਪਿੱਠ ਇਸ ਲਈ ਪੂਰ ਰਹੇ ਹਨ ਕਿਉਂਕਿ ਹਰ ਪੱਖੋ ਫੇਲ੍ਹ ਹੋ ਚੁੱਕੀ ਮੋਦੀ-ਸ਼ਾਹ ਦੀ ਜੋਡ਼ੀ ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਜਮਾਤਾਂ ਦੇ ਹਿੰਦੂਤਵ ਅਮਲਾਂ ਨੂੰ ਜ਼ਬਰੀ ਲਾਗੂ ਕਰਨ ਲੱਗੇ ਹੋਏ ਹਨ । ਜੋ ਇਥੋਂ ਦੇ ਨਿਵਾਸੀਆ ਨੂੰ ਅਰਾਜਕਤਾ ਵੱਲ ਧਕੇਲਣ ਲਈ ਆਉਣ ਵਾਲੇ ਸਮੇਂ ਵਿਚ ਦੋਸ਼ੀ ਸਾਬਤ ਹੋਣਗੇ । ਹੁਣ ਜਦੋਂ ਚੰਡੀਗਡ਼੍ਹ ਦੇ ਸਿਰਕੱਢ ਅਖਬਾਰਾਂ ਦੇ ਸਤਿਕਾਰਯੋਗ ਪੱਤਰਕਾਰ ਸ. ਗੁਰਉਪਦੇਸ਼ ਸਿੰਘ ਭੁੱਲਰ ਅਤੇ ਸ. ਦਵਿੰਦਰ ਸਿੰਘ ਜੋ ਸਿਆਸੀ ਦੁਨਿਆਵੀ ਲਾਲਸਾਵਾ ਤੋਂ ਰਹਿਤ ਰਹਿਕੇ ਲੋਕ ਆਵਾਜ਼ ਬਣਦੇ ਹੋਏ ਪੁਲਿਸ ਅਤੇ ਸਰਕਾਰੀ ਜਿਆਦਤੀਆ ਨੂੰ ਸਾਹਮਣੇ ਲਿਆਉਣ ਦੀ ਜਿ਼ੰਮੇਵਾਰੀ ਨਿਭਾਅ ਰਹੇ ਹਨ, ਉਨ੍ਹਾਂ ਉਤੇ ਹੋਏ ਪੁਲਿਸ ਤਸੱਦਦ ਤੋਂ ਬਾਅਦ ਮੋਦੀ-ਸ਼ਾਹ, ਪੰਜਾਬ ਸਰਕਾਰ ਜਨਤਾ ਨੂੰ ਦੱਸਣ ਦੀ ਖੇਚਲ ਕਰਨਗੇ ਕਿ ਇਹ ਪੁਲਿਸ ਜ਼ਬਰ-ਜੁਲਮ ਦਾ ਪ੍ਰਤੀਕ ਬਣ ਰਹੀ ਹੈ ਜਾਂ ਪੰਜਾਬ ਦੀ ਜਨਤਾ ਦਾ ਸਹਿਯੋਗੀ ਬਣਕੇ ਕਰੋਨਾ ਮਹਾਮਾਰੀ ਦਾ ਟਾਕਰਾ ਕਰਨ ਵਿਚ ਸਹਿਯੋਗ ਕਰ ਰਹੀ ਹੈ ? ਹੁਣ ਪੰਜਾਬ ਪੁਲਿਸ ਤੇ ਉਨ੍ਹਾਂ ਦੇ ਜ਼ਬਰ-ਜੁਲਮ ਦਾ ਪੱਖ ਪੂਰਨ ਵਾਲੇ ਮੀਡੀਆ ਤੇ ਅਫ਼ਸਰਸ਼ਾਹੀ ਜਨਤਾ ਦੀ ਕਚਹਿਰੀ ਵਿਚ ਦੋਸ਼ੀ ਖਡ਼੍ਹੇ ਨਜ਼ਰ ਆ ਰਹੇ ਹਨ ਜਾਂ ਜਨਤਾ ਦੇ ਰਖਵਾਲੇ ? ਇਸਦਾ ਫੈਸਲਾ ਖੁਦ ਜਨਤਾ ਕਰੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ. ਗੁਰਉਪਦੇਸ਼ ਸਿੰਘ ਭੁੱਲਰ ਅਤੇ ਸ. ਦਵਿੰਦਰ ਸਿੰਘ ਨਾਲ ਪੁਲਿਸ ਵੱਲੋਂ ਸੱਚ ਨੂੰ ਉਜਾਗਰ ਕਰਨ ਦੇ ਮੁੱਦੇ ਉਤੇ ਕੀਤੇ ਜਾ ਰਹੇ ਜ਼ਾਬਰਾਨਾਂ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਮੋਦੀ-ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਹਕੂਮਤ ਨੂੰ ਜਨਤਾ ਦੀ ਕਚਹਿਰੀ ਦੇ ਚੌਰਾਹੇ ਵਿਚ ਖਡ਼੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵੈਸਟ ਬੰਗਾਲ ਦੇ ਵਿਚ ਅਤੇ ਹੋਰਨਾਂ ਕਈਆ ਸਥਾਨਾਂ ਤੇ ਬੀਤੇ ਦਿਨੀਂ ਦਾਸ ਨੇ ਇਕ ਸੋਸਲ ਮੀਡੀਏ ਉਤੇ ਕਲਿਪ ਵੇਖਿਆ ਜਿਸ ਵਿਚ ਪੁਲਿਸ ਦੀਆਂ ਹਥਿਆਰਾਂ ਨਾਲ ਲੈਸ 7-8 ਗੱਡੀਆਂ ਜਦੋਂ ਸਹਿਰ ਵਿਚੋਂ ਗੁਜਰ ਰਹੀਆ ਸਨ, ਤਾਂ ਕੋਈ 1500-2000 ਦੇ ਕਰੀਬ ਨਿਵਾਸੀਆ ਨੇ ਘਰਾਂ ਵਿਚੋਂ ਨਿਕਲਕੇ ਪੁਲਿਸ ਦੀਆਂ ਗੱਡੀਆਂ ਉਤੇ ਰੌਡ਼ੇ-ਪੱਥਰ, ਡਾਂਗਾ ਮਾਰਦੇ ਹੋਏ ਤੇ ਉਨ੍ਹਾਂ ਨੂੰ ਗਾਲਾਂ ਕੱਢਦੇ ਹੋਏ ਭਜਾਉਦੇ ਹੋਏ ਵੇਖਿਆ । ਜਿਸ ਨੂੰ ਅਸੀਂ ਕਦਾਚਿਤ ਦਰੁਸਤ ਨਹੀਂ ਕਹਿ ਸਕਦੇ । ਅਜਿਹੇ ਲੋਕਾਂ ਵਿਚ ਪੁਲਿਸ ਤੇ ਸਰਕਾਰ ਵਿਰੁੱਧ ਨਫ਼ਰਤ ਪੈਦਾ ਕਰਨ ਲਈ ਨਿਜਾਮੀ ਅਤੇ ਪੁਲਿਸ ਦੇ ਖੋਖਲੇ ਪ੍ਰਬੰਧ ਸਪੱਸਟ ਤੌਰ ਤੇ ਨਜ਼ਰ ਆ ਰਿਹਾ ਸੀ । ਕਿਉਂਕਿ ਉਨ੍ਹਾਂ ਮਜ਼ਦੂਰ ਲੋਕਾਂ ਕੋਲ ਖਾਣ ਲਈ ਨਾ ਰਾਸ਼ਨ ਸੀ, ਨਾ ਜੇਬ ਵਿਚ ਪੈਸਾ, ਨਾ ਹੀ ਰਹਿਣ ਲਈ ਕੋਈ ਘਰ । ਜਿਨ੍ਹਾਂ ਨੇ ਭੁੱਖ ਨਾਲ ਮਰਨ ਦੀ ਥਾਂ ਤੇ ਪੁਲਿਸ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟਾਉਣਾ ਵਰਤਾਰਾ ਕੀਤਾ । ਇਹ ਵਾਪਰਿਆ ਵਰਤਾਰਾ ਮੋਦੀ-ਸ਼ਾਹ, ਪੁਲਿਸ ਤੇ ਨਿਜਾਮੀ ਦੀ ਨਾਕਾਮੀ ਨੂੰ ਸਾਬਤ ਕਰਦਾ ਹੈ, ਨਾ ਕਿ ਲੋਕਾਂ ਨੂੰ ਇਸ ਵਿਚ ਦੋਸ਼ੀ ਠਹਿਰਾਇਆ ਜਾ ਸਕਦਾ ਹੈ । ਹੁਣ ਜੇਕਰ ਪਟਿਆਲੇ ਵਿਖੇ ਨਿਹੰਗ ਸਿੰਘ-ਪੁਲਿਸ ਵਿਚਕਾਰ ਦੇ ਦੁਖਾਂਤ ਸੰਬੰਧੀ ਕੁਝ ਅਣਖੀ ਤੇ ਗੈਰਤਮੰਦ ਸਿੱਖਾਂ ਤੇ ਲੇਖਕਾਂ ਨੇ ਆਪਣੇ ਫਰਜਾਂ ਨੂੰ ਸਮਝਦੇ ਹੋਏ ਜ਼ਜਬਾਤੀ ਨਾਲ ਉਸ ਸਮੇਂ ਪੁਲਿਸ ਵੱਲੋਂ ਸਹਿਜ ਤੇ ਤਹਿਜੀਬ ਨਾਲ ਪੇਸ਼ ਨਾ ਆਉਣ ਦੀ ਗੱਲ ਨੂੰ ਉਭਾਰਦੇ ਹੋਏ ਪੁਲਿਸ ਦੀ ਨਾਕਾਮੀ ਨੂੰ ਸਾਹਮਣੇ ਲਿਆਉਦੇ ਹੋਏ ਪੁਲਿਸ ਦੇ ਵਰਤਾਰੇ ਵਿਚ ਸੁਧਾਰ ਲਿਆਉਣ ਲਈ ਨਿਡਰਤਾ ਨਾਲ ਆਵਾਜ਼ ਬੁਲੰਦ ਕੀਤੀ ਤਾਂ ਖਾਡ਼ਕੂਵਾਦ ਦੇ ਸਮੇਂ ਤੋਂ ਪੁਲਿਸ ਨੂੰ ਆਪਣੇ ਵਿਰੁੱਧ ਕੁਝ ਵੀ ਨਾ ਸੁਣਨ ਦੇ ਵਰਤਾਰੇ ਨੇ ਆਜ਼ਾਦੀ ਨਾਲ ਅਜਿਹਾ ਵਿਚਾਰ ਪ੍ਰਗਟਾਉਣ ਵਾਲੇ ਪੱਤਰਕਾਰਾਂ, ਨੌਜ਼ਵਾਨਾਂ, ਬੁੱਧੀਜੀਵੀਆਂ ਜਾਂ ਦਾਨਸਵੰਦਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕਰਨ ਦੇ ਗੈਰ-ਕਾਨੂੰਨੀ ਜ਼ਾਬਰਾਨਾਂ ਅਮਲ ਸੁਰੂ ਕਰ ਦਿੱਤੇ ਹਨ । ਤਾਂ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਦੇ ਜ਼ਬਰ ਵਿਰੁੱਧ ਕੋਈ ਵੀ ਨਾ ਬੋਲ ਸਕੇ ਨਾ ਲਿਖ ਸਕੇ । ਇਹ ਵਰਤਾਰਾ ਤਾਂ ਅਜਿਹਾ ਹੈ ਕਿ ਪਹਿਲਾ ਉਸਨੂੰ ਨਿਰਦਈਪਣੇ ਨਾਲ ਕੁੱਟੋ, ਫਿਰ ਉਸਦੀ ਰੋਣ ਦੀ ਵੀ ਆਵਾਜ਼ ਨਾ ਨਿਕਲਣ ਦਿਓ । ਅਜਿਹੇ ਜ਼ਬਰ-ਜੁਲਮਾਂ ਵਿਰੁੱਧ ਹੀ ਗੁਰੂ ਸਾਹਿਬਾਨ ਨੂੰ ਸਿੱਖ ਕੌਮ ਤੇ ਸਿੱਖ ਧਰਮ ਦੀ ਨੀਂਹ ਰੱਖਣੀ ਪਈ ਸੀ ਅਤੇ ਗੁਰੂ ਦਾ ਸਿੱਖ ਕਦੀ ਵੀ ਸੱਚ ਨੂੰ ਸੱਚ ਕਹਿਣ ਤੇ ਝੂਠ ਨੂੰ ਝੂਠ ਕਹਿਣ ਤੋਂ ਨਹੀਂ ਘਬਰਾਉਦਾ ਅਤੇ ਨਾ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਗੁਰੂ ਦੇ ਸਿੱਖਾਂ ਨੂੰ ਅਜਿਹੀ ਇਨਸਾਨੀਅਤ ਪੱਖੀ ਜਿ਼ੰਮੇਵਾਰੀ ਪੂਰਨ ਕਰਨ ਤੋਂ ਰੋਕ ਸਕੇਗੀ ।
ਅਸਲੀਅਤ ਵਿਚ ਪੰਜਾਬ ਪੁਲਿਸ ਆਪਣੀਆ ਨਾਕਾਮੀਆ ਅਤੇ ਵਰਦੀ ਦੀ ਧੋਸ ਜਮਾਉਣ ਦੇ ਅਮਲ ਕਰਕੇ ਪੰਜਾਬ, ਪੰਜਾਬੀਆਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਵੰਗਾਰਨ ਦੀ ਗੁਸਤਾਖੀ ਕਰਨ ਦੇ ਅਮਲ ਕਰ ਰਹੀ ਹੈ । ਜਿਸ ਨਾਲ ਕਰੋਨਾ ਬਿਮਾਰੀ ਨਾਲ ਸਿੱਝਣ ਦੀ ਬਜਾਇ ਪੰਜਾਬ ਨਿਵਾਸੀ ਪੁਲਿਸ ਜ਼ਬਰ-ਜੁਲਮ ਵਿਰੁੱਧ ਉੱਠ ਖਲੋਣਗੇ, ਸਡ਼ਕਾਂ ਤੇ ਗਲੀਆਂ ਵਿਚ ਆਉਣ ਲਈ ਮਜ਼ਬੂਰ ਹੋ ਜਾਣਗੇ । ਇਸ ਲਈ ਪੰਜਾਬ ਸਰਕਾਰ ਤੁਰੰਤ ਅਜਿਹਾ ਉਦਮ ਕਰੇ ਜਿਸ ਨਾਲ ਕੁਝ ਦਿਨ ਪਹਿਲੇ ਮੰਦਭਾਵਨਾ ਅਤੇ ਧੋਸ ਅਧੀਨ ਫਡ਼ੇ ਗਏ ਨੌਜ਼ਵਾਨਾਂ ਪੱਤਰਕਾਰਾਂ ਲੇਖਕਾਂ ਨੂੰ ਤੁਰੰਤ ਰਿਹਾਅ ਕਰਕੇ ਮਹਾਮਾਰੀ ਦੇ ਮੁੱਦੇ ਉਤੇ ਹੀ ਕੇਦਰਿਤ ਕਰੇ ਨਾ ਕਿ ਮਨੁੱਖਤਾ ਦੀ ਅਸੀਮਤ ਸ਼ਕਤੀ ਨੂੰ ਸੀਮਤ ਕਰਨ ਦੀ ਗੁਸਤਾਖੀ ਕਰੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇਂ ਵਿਚ ਜਦੋਂ ਪੀ. ਚਿੰਦਬਰਮ ਇੰਡੀਆ ਦੇ ਸੁਰੱਖਿਆ ਸਲਾਹਕਾਰ ਸਨ, ਤਾਂ ਓਕਸਫੋਰਡ ਯੂਨੀਵਰਸਿਟੀ ਤੋਂ ਜਰਨਲਿਜਮ ਕਰਕੇ ਆਏ ਸ੍ਰੀ ਧਰੇਨ ਭਗਤ ਜਿਸਨੇ ਰਸੀਆ ਤੇ ਇੰਡੀਆ ਦੀ ਸਿੱਖ ਮਾਰੂ ਸਾਜਿ਼ਸ ਨੂੰ ਨੰਗਾਂ ਕੀਤਾ ਸੀ, ਉਨ੍ਹਾਂ ਨੂੰ ਸਾਜਿ਼ਸ ਨਾਲ ਮਰਵਾ ਦਿੱਤਾ ਗਿਆ ਸੀ, ਇਸੇ ਤਰ੍ਹਾਂ ਸਿਰਸੇ ਵਾਲੇ ਸਾਧ ਦੇ ਕੁਕਰਮਾ ਦੇ ਸੱਚ ਨੂੰ ਸਾਹਮਣੇ ਲਿਆਉਣ ਵਾਲੇ ਸ੍ਰੀ ਛੱਤਰਪਤੀ ਨੂੰ ਵੀ ਇਨ੍ਹਾਂ ਹੁਕਮਰਾਨਾਂ ਅਤੇ ਬਲਾਤਕਾਰੀ ਕਾਤਲ ਸਾਧਾਂ ਨੇ ਰਲਕੇ ਮਰਵਾ ਦਿੱਤਾ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਨ੍ਹਾਂ ਦੋਵਾਂ ਕੇਸਾਂ ਵਿਚ ਕਈ ਵਾਰੀ ਆਵਾਜ਼ ਬੁਲੰਦ ਕਰਨ ਦੇ ਬਾਵਜੂਦ ਵੀ ਹੁਕਮਰਾਨਾਂ ਨੇ ਉਪਰੋਕਤ ਦੋਵਾਂ ਕੇਸਾਂ ਦੀ ਜਾਂਚ ਨਹੀਂ ਕਰਵਾਈ । ਤਾਂ ਕਿ ਹਕੂਮਤੀ ਅਤੇ ਪੁਲਿਸ ਸਾਜਿ਼ਸਾਂ ਸਾਹਮਣੇ ਨਾ ਆ ਸਕਣ । ਪਰ ਸੱਚ ਅੱਜ ਵੀ ਸਿਰ ਚੱਡ਼੍ਹਕੇ ਬੋਲ ਰਿਹਾ ਹੈ ਅਤੇ ਕਾਤਲ ਉਸ ਅਕਾਲ ਪੁਰਖ ਦੀ ਸਜ਼ਾਂ ਤੋਂ ਕਤਈ ਨਹੀਂ ਬਚ ਸਕਣਗੇ ।

ਦੂਸਰਾ ਪੰਜਾਬ ਦੇ ਹੀ ਨਹੀਂ, ਬਲਕਿ ਇੰਡੀਆਂ ਦੀ ਪ੍ਰੈਸ ਤੇ ਮੀਡੀਏ ਨਾਲ ਸੰਬੰਧਤ ਬਹੁਤੇ ਜਰਨਲਿਸਟ ਤੇ ਅਖ਼ਬਾਰਾਂ ਦੇ ਮਾਲਕਾਂ ਨਾਲ ਜਨਤਾ ਨੂੰ ਇਹੀ ਰੋਸਾ ਹੈ ਕਿ ਇਹ ਸਰਕਾਰੀ ਪੱਖ ਨੂੰ ਤਾਂ ਝੱਟ ਨਸਰ ਕਰ ਦਿੰਦੇ ਹਨ ਅਤੇ ਜਨਤਾ ਨਾਲ ਸੰਬੰਧਤ ਜਾਂ ਕਿਸੇ ਆਮ ਇਨਸਾਨ ਨਾਲ ਸੰਬੰਧਤ ਹੋਈ ਜਿਆਦਤੀ ਨੂੰ ਛੁਪਾਕੇ ‘ਗੁਰੂ ਸਾਹਿਬਾਨ’ ਜੀ ਤਰ੍ਹਾਂ ‘ਰਾਜੇ ਸੀਹ ਮੁਕੱਦਮ ਕੁੱਤੇ’ ਕਹਿਣ ਤੋਂ ਅਕਸਰ ਭੱਜ ਜਾਂਦੇ ਹਨ । ਜਿਸਨੂੰ ਪੀਲੀ ਪੱਤਰਕਾਰੀ ਦਾ ਨਾਮ ਤਾਂ ਦਿੱਤਾ ਜਾ ਸਕਦਾ ਹੈ, ਨਿਰਪੱਖਤਾ ਤੇ ਸੱਚਾਈ ਵਾਲੀ ਨਹੀਂ ।

ਉਨ੍ਹਾਂ ਕਿਹਾ ਕਿ ਇਥੋਂ ਦੀ ਜਨਤਾ ਅੱਜ ਕੇਵਲ ਪੁਲਿਸ ਤੇ ਨਿਜਾਮ ਨੂੰ ਹੀ ਆਪਣੀਆ ਦੁਸਵਾਰੀਆ ਲਈ ਦੋਸ਼ੀ ਮੰਨ ਰਹੀ ਹੈ । ਅਜਿਹਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿਚ ਪ੍ਰੈਸ, ਟੀ.ਵੀ. ਚੈਨਲ, ਅਖ਼ਬਾਰਾਂ ਨਾਲ ਸੰਬੰਧਤ ਜਮਹੂਰੀਅਤ ਦਾ ਚੌਥਾਂ ਥੰਮ੍ਹ ਅਖਵਾਉਣ ਵਾਲੀ ਪ੍ਰੈਸ ਨਾਲ ਸੰਬੰਧਤ ਕੰਮ ਕਰਨ ਵਾਲਿਆ, ਹੁਕਮਰਾਨਾਂ, ਸਿਆਸਤਦਾਨਾਂ, ਅਫ਼ਸਰਾਨਾਂ ਦੇ ਨਾਲ-ਨਾਲ ਅਜਿਹੀ ਪੀਲੀ ਪੱਤਰਕਾਰੀ ਕਰਨ ਵਾਲੇ ਵੀਰਾਂ ਨੂੰ ਵੀ ਇਥੋਂ ਦੇ ਨਿਵਾਸੀ ਨਿਸ਼ਾਨਾਂ ਬਣਾਉਣ ਲਈ ਮਜ਼ਬੂਰ ਹੋ ਜਾਣ । ਇਸ ਲਈ ਪੱਤਰਕਾਰਾਂ, ਸੰਪਾਦਕਾਂ, ਟੀ.ਵੀ ਚੈਨਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਅਤਿ ਔਕਡ਼ਾਂ ਭਰੇ ਹਾਲਾਤਾਂ ਵਿਚ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਉਜਾਗਰ ਕਰਨ ਵਾਲੀਆ ਜਿ਼ੰਮੇਵਾਰੀਆ ਨਿਭਾਉਣ ਅਤੇ ਹਕੂਮਤੀ ਜ਼ਬਰ-ਜੁਲਮ ਵਿਰੁੱਧ ਸਰਗਰਮ ਰਹਿਕੇ ਇਥੋਂ ਦੀ ਜਨਤਾ ਨੂੰ ਦਰਪੇਸ਼ ਆ ਰਹੀਆ ਵੱਡੀਆ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀਆਂ ਜਿ਼ੰਮੇਵਾਰੀਆ ਨਿਭਾਉਣ ਕਿਉਂਕਿ ਜਿਵੇਂ ਕਰੋਨਾ ਮਹਾਮਾਰੀ ਸਮੇਂ ਡਾਕਟਰ, ਨਰਸਾਂ, ਫਰਮਾਸਿਸਟ ਨੂੰ ਲੋਕਾਈ ਰੱਬ ਰੂਪ ਸਮਝਕੇ ਵਿਚਰ ਰਹੀ ਹੈ, ਉਸੇ ਤਰ੍ਹਾਂ ਨਿਰਪੱਖਤਾ ਤੇ ਦ੍ਰਿਡ਼ਤਾ ਭਰਿਆ ਵਰਤੀਰਾਂ ਪ੍ਰੈਸ ਦਾ ਹੋਣਾ ਚਾਹੀਦਾ ਹੈ । ਤਾਂ ਕਿ ਕਿਸੇ ਵੀ ਸ੍ਰੀ ਧਰੇਨ ਭਗਤ, ਸ੍ਰੀ ਛੱਤਰਪਤੀ ਵਰਗੇ ਨੇਕ ਇਨਸਾਨਾਂ ਨੂੰ ਮੌਤ ਦੇ ਮੂੰਹ ਵਿਚ ਨਾ ਜਾਣਾ ਪਵੇ ਅਤੇ ਸ. ਗੁਰਉਪਦੇਸ਼ ਸਿੰਘ ਭੁੱਲਰ ਤੇ ਸ. ਦਵਿੰਦਰ ਸਿੰਘ ਵਰਗੇ ਨਿੱਡਰ ਤੇ ਬੇਦਾਗ ਪੱਤਰਕਾਰਾਂ ਨੂੰ ਸੱਚ ਲਿਖਣ ਤੋਂ ਕੋਈ ਹਕੂਮਤੀ ਜਾਂ ਪੁਲਿਸ ਤਾਕਤ ਲਿਖਣ ਤੇ ਬੋਲਣ ਤੋਂ ਰੋਕ ਨਾ ਸਕੇ । ਗੁਰੂ ਸਾਹਿਬਾਨ ਨੇ ਅਜਿਹੀ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਹਿੱਤ ਹੀ ਦਸਾਂ ਜਾਮਿਆ ਵਿਚ ਵਿਚਰਦੇ ਹੋਏ ਜਾਲਮ ਹੁਕਮਰਾਨਾਂ ਨੂੰ ਸ਼ਹੀਦੀਆਂ ਦੇ ਕੇ ਜੰਗਾਂ ਲਡ਼੍ਹਕੇ ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਕਹਿਕੇ ਲਤਾਡ਼ੇ ਅਤੇ ਮਜਲੂਮ ਵਰਗ ਦੀ ਬਾਂਹ ਫਡ਼ਕੇ ਅਤੇ ਹਰ ਦੀਨ-ਦੁੱਖੀ ਦੀ ਮਦਦ ਕਰਕੇ ਜੋ ਸਾਨੂੰ ਇਨਸਾਨੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਦੀ ਅਗਵਾਈ ਦਿੱਤੀ ਹੈ, ਉਸ ਉਤੇ ਕਾਇਮ ਰਹਿੰਦੇ ਹੋਏ ਅਸੀਂ ਆਪਣੇ ਮਿਲੇ ਇਨ੍ਹਾਂ ਮਨੁੱਖੀ ਸਵਾਸਾ ਨੂੰ ਸਹੀ ਅਰਥ ਵੀ ਲਗਾ ਸਕੀਏ ਅਤੇ ਇਸ ਦੁਨੀਆਂ ਤੋਂ ਕੂਚ ਕਰਦੇ ਸਮੇਂ ਫਖ਼ਰ ਨਾਲ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਪੇਸ਼ ਹੋਣ ਦੇ ਸਮਰੱਥ ਹੋ ਸਕੀਏ । ਅਜਿਹਾ ਅਮਲ ਕਰਕੇ ਹੀ ਅਸੀਂ ਸਭ ਭਗਤ ਰਵੀਦਾਸ ਜੀ ਦੇ ਬੇਗਮਪੁਰਾ ਸਹਿਰ ਕੋ ਨਾਊ ਵਾਲਾ ਹਰਮਨ ਪਿਆਰਾ ਰਾਜ ਪ੍ਰਬੰਧ ਕਾਇਮ ਕਰਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ ।

Share This :

Leave a Reply