ਸਬਜ਼ੀ ਮੰਡੀ ਵਿੱਚ ਸਬਜ਼ੀ ਖ਼ਰੀਦਣ ਲਈ ਆਉਣ ਵਾਲੇ ਆਮ ਲੋਕਾਂ ਖ਼ਿਲਾਫ਼ ਕੀਤੀ ਜਾਵੇਗੀ ਸਖਤ ਕਾਰਵਾਈ : ਐਸ.ਐਸ.ਪੀ.

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਸਨੌਰ ਮੰਡੀ ਦਾ ਦੌਰਾ ਕਰਦੇ ਹੋਏ ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਪੀ. ਪਲਵਿੰਦਰ ਸਿੰਘ ਚੀਮਾਂ, ਐਸ.ਡੀ.ਐਮ. ਸ. ਚਰਨਜੀਤ ਸਿੰਘ ਵੀ ਨਜ਼ਰ ਆ ਰਹੇ ਹਨ

ਪਟਿਆਲਾ, ( ਅਰਵਿੰਦਰ ਸਿੰਘ ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਸਬਜ਼ੀਆਂ ਉਨ੍ਹਾਂ ਦੇ ਘਰਾਂ ਵਿੱਚ ਪੁੱਜਦੀਆਂ ਕਰਨ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਕੋਈ ਵੀ ਵਿਅਕਤੀ ਕਰਫ਼ਿਊ ਦੌਰਾਨ ਆਪਣੇ ਘਰ ਵਿੱਚੋਂ ਬਾਹਰ ਆਕੇ ਨਿਯਮਾਂ ਦੀ ਉਲੰਘਣਾ ਨਾ ਕਰੇ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਸਨੌਰ ਮੰਡੀ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵੇਰੇ ਸਮੇਂ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਕਿਸਾਨਾਂ ਅਤੇ ਰੇਹੜੀ ਵਾਲਿਆਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਕਰਫ਼ਿਊ ਦੌਰਾਨ ਸਬਜ਼ੀ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਘਰ-ਘਰ ਜਾਕੇ ਸਬਜ਼ੀ ਵੇਚ ਰਹੇ ਹਨ ਇਸ ਲਈ ਮੰਡੀ ਵਿੱਚ ਆਮ ਲੋਕਾਂ ਨੂੰ ਸਬਜ਼ੀ ਖ਼ਰੀਦਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਦਾ ਮੁੱਖ ਮਕਸਦ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾਕੇ ਰੱਖਣਾ ਹੈ ਜੇਕਰ ਅਸੀਂ ਭੀੜ ਕਰਾਂਗੇ ਤਾਂ ਸਾਡੇ ਵੱਲੋਂ ਕੀਤੀ ਗਈ ਇਕ ਗਲਤੀ ਸਾਡੇ ਪਰਿਵਾਰ ਅਤੇ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੰਡੀ ਵਿੱਚ ਲਿਆਂਦੀ ਗਈ ਸਾਰੀ ਸਬਜ਼ੀ ਰੇਹੜੀਆਂ ਵਾਲਿਆਂ ਰਾਹੀਂ ਆਮ ਲੋਕਾਂ ਤੱਕ ਹੀ ਪੁੱਜਣੀ ਹੈ ਇਸ ਲਈ ਕਾਹਲ ਕਰਨ ਦੀ ਬਜਾਏ ਘਰ ਰਹਿਕੇ ਹੀ ਸਬਜ਼ੀ ਵਾਲੇ ਪਾਸੋਂ ਖ਼ਰੀਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲਿਆਂ ਵਿੱਚ ਵੀ ਸਬਜ਼ੀ ਖ਼ਰੀਦਣ ਸਮੇਂ ਇਕੱਠੇ ਨਾ ਹੋਇਆ ਜਾਵੇ ਸਿਰਫ਼ ਘਰ ਦਾ ਇੱਕ ਵਿਅਕਤੀ ਆਕੇ ਆਪਣੇ ਗੇਟ ਪਾਸੋਂ ਸਬਜ਼ੀ ਦੀ ਖ਼ਰੀਦ ਕਰੇ।
ਸਨੌਰੀ ਮੰਡੀ ਦੇ ਦੌਰੇ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਸਮੇਂ ਕਿਸਾਨਾਂ ਅਤੇ ਰੇਹੜੀ ਵਾਲਿਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਆਉਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਕਿਸੇ ਨੂੰ ਵੀ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ। ਐਸ.ਐਸ.ਪੀ. ਨੇ ਕਿਹਾ ਕਿ ਮੰਡੀ ਤੋਂ ਬਾਹਰ ਵੀ ਕੋਈ ਵਿਅਕਤੀ ਸ਼ਬਜੀ ਨਹੀਂ ਖਰੀਦ ਸਕਦਾ ਉਹ ਸਿਰਫ਼ ਆਪਣੇ ਘਰ ਦੇ ਬਾਹਰ ਆਉਣ ਵਾਲੇ ਰੇੜੀ ਵਾਲੇ ਤੋਂ ਹੀ ਸਬਜ਼ੀ ਦੀ ਖਰੀਦ ਕਰ ਸਕਦਾ ਹੈ।
ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਪੀ. ਟਰੈਫ਼ਿਕ ਸ. ਪਲਵਿੰਦਰ ਸਿੰਘ ਚੀਮਾਂ, ਡੀ.ਐਸ.ਪੀ ਦਿਹਾਤੀ ਸ. ਅਜੈ ਪਾਲ ਸਿੰਘ, ਮੰਡੀ ਅਫ਼ਸਰ ਸ. ਪ੍ਰਭਲੀਨ ਸਿੰਘ ਚੀਮਾਂ ਮੌਜੂਦ ਸਨ।

Share This :

Leave a Reply