ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਨਾਲ ਲੋਕਾਂ ਨੂੰ ਵਿੱਤੀ ਤੌਰ ਤੇ ਵੀ ਭਾਰੀ ਸੱਟ

ਮਾਛੀਕੇ / ਧਾਲੀਆਂ ਮੀਡੀਆ ਗਰੁੱਪ (ਫਰਿਜ਼ਨੋ) ਕੋਰੋਨਾਵਾਇਰਸ ਨਾਲ ਜਿੱਥੇ ਦੁਨੀਆਂ ਭਰ ਵਿੱਚ ਸਿਹਤਕ ਤੌਰ ਤੇ ਡਰ ਦਾ ਮਹੌਲ ਹੈ, ਓਥੇ ਸ਼ੇਅਰ ਮਾਰਕੀਟ ਦੇ ਡਿੱਗਣ ਨਾਲ ਲੋਕਾਂ ਨੂੰ ਵਿੱਤੀ ਤੌਰ ਤੇ ਵੀ ਭਾਰੀ ਸੱਟ ਵੱਜ ਰਹੀ ਹੈ। ਅੱਜ ਵੀਰਵਾਰ ਦਿਨ ਦੀ ਸ਼ੁਰੂਆਤ ਹੁੰਦਿਆਂ ਸਾਰ ਹੀ ਅਮਰੀਕੀ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਪਹਿਲੇ 15 ਮਿੰਟਾਂ ‘ਚ ਹੀ ਐੱਸ.ਐਂਡ.ਪੀ. 500 ਦੇ ਸ਼ੇਅਰ 7 ਫੀਸਦੀ ਤਕ ਡਿੱਗ ਗਏ। ਇਸ ਦੇ ਨਾਲ ਹੀ ਕੁਝ ਹੀ ਸਮੇਂ ‘ਚ ਡਾਓ ਜੋਨਸ ਦੇ ਸ਼ੇਅਰ ‘ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਦਿਨ ਦੇ ਸ਼ੁਰੂਆਤ ਹੁੰਦਿਆਂ ਸਾਰ ਡਾਓ ਜੋਨਸ 1700 ਅੰਕ ਡਿੱਗ ਕੇ 21,804 ‘ਤੇ ਖੁੱਲਿਆ। ਦਿਨ ਦੇ ਸ਼ੁਰੂਆਤੀ ਘੰਟਿਆਂ ‘ਚ ਇਹ ਗਿਰਾਵਟ ਜਾਰੀ ਹੈ। ਅਮਰੀਕਾ ਦੇ ਨਿਊਯਾਰਕ ਦੇ ਸਮੇਂ ਮੁਤਾਬਕ ਸਵੇਰੇ 9.55 ਵਜੇ ਤਕ ਇਹ ਗਿਰਾਵਟ 2005 ਅੰਕਾਂ ਤਕ ਪਹੁੰਚ ਗਈ। ਐੱਸ.ਐਂਡ.ਪੀ. 500 ਇੰਡੈਕਸ ਵੀਰਵਾਰ ਨੂੰ 183 ਅੰਕ ਡਿੱਗ ਕੇ 2558 ਅੰਕਾਂ ‘ਤੇ ਖੁੱਲਿਆ ਅਤੇ ਨੈੱਸਡੈਕ 523 ਅੰਕ ਡਿੱਗ ਕੇ 7,428.34 ਅੰਕਾਂ ‘ਤੇ ਖੁੱਲਿਆ। ਮਾਹਰਾਂ ਦਾ ਮੰਨਣਾ ਹੈ ਕਿ 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹ ਇਕ ਹਫਤੇ ‘ਚ ਆਈ ਸਭ ਤੋਂ ਵੱਡੀ ਗਿਰਾਵਟ ਹੈ। ਇਹ ਗਿਰਾਵਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾਵਾਇਰਸ ਦੇ ਡਰ ਕਾਰਣ ਯੂਰਪੀਅਨ ਯੂਨੀਅਨ (ਈ.ਯੂ.) ਦੇਸ਼ਾਂ ‘ਤੇ ਲਾਈ ਯਾਤਰਾ ਪਾਬੰਦੀ ਦੇ ਇਕ-ਦਮ ਬਾਅਦ ਸਾਹਮਣੇ ਆਈ ਹੈ।

Share This :

Leave a Reply