ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੇ ਵਿਅਕਤੀ ਦਾ ਪਿੰਡ ਪੱਧਰ ਤੱਕ ਰੱਖਿਆ ਜਾਵੇਗਾ ਰਿਕਾਰਡ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ ਰੋਕਥਾਮ ਤਹਿਤ ਜ਼ਿਲ੍ਹੇ ’ਚ ਕੇਵਲ 14 ਰਸਤਿਆਂ ਰਾਹੀਂ ਦਾਖਲ ਹੋਣ ਦੀ ਰਣਨੀਤੀ ਬਾਅਦ, ਹੁਣ ਇਨ੍ਹਾਂ ਨਾਕਿਆਂ ’ਤੇ ਆਪਣਾ ਨਾਮ-ਪਤਾ ਦਰਜ ਕਰਵਾਉਣ ਵਾਲੇ ਬਾਹਰੋਂ ਆਏ ਵਿਅਕਤੀਆਂ ਦਾ ਪਿੰਡ/ਵਾਰਡ ਪੱਧਰ ਤੱਕ ਰਿਕਾਰਡ ਰੱਖਣ ਦੀ ਯੋਜਨਾ ਅਮਲ ’ਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਕੁਆਰਨਟੀਨ ਕਰਨ ਦੀਆਂ ਹਦਾਇਤਾਂ ਤਹਿਤ ਨਾਕੇ ’ਤੇ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ਆਪਣੇ ਪਿੰਡ ਜਾਂ ਸ਼ਹਿਰ ਦੇ ਵਾਰਡ ਤੱਕ ਪਹੁੰਚਣਾ ਯਕੀਨੀ ਬਣਾਉਣ ਲਈ, ਨੋਡਲ ਅਫ਼ਸਰਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ। ਇਹ ਨੋਡਲ ਅਫ਼ਸਰ ਪੰਚਾਇਤਾਂ ਦੇ ਸਰਪੰਚ ਜਾਂ ਸ਼ਹਿਰਾਂ ਦੇ ਐਮ ਸੀ ਨਾਲ ਵੀ ਤਾਲਮੇਲ ’ਚ ਹੋਣਗੇ।

ਜਦੋਂ ਵੀ ਕੋਈ ਵਿਅਕਤੀ ਬਾਹਰੋਂ ਜ਼ਿਲ੍ਹੇ ’ਚ ਦਾਖਲ ਹੋਣ ’ਤੇ ਨਾਕੇ ’ਤੇ ਸਥਿਤ ਰਜਿਸਟਰ ’ਚ ਆਪਣੀ ਐਂਟਰੀ ਕਰਵਾ ਰਿਹਾ ਹੋਵੇਗਾ ਤਾਂ ਉਸ ਬਾਰੇ ਤੁਰੰਤ ਨੋਡਲ ਅਫ਼ਸਰ ਨੂੰ ਸੂਚਿਤ ਕੀਤਾ ਜਾਵੇਗਾ ਕਿ ਫ਼ਲਾਂ ਵਿਅਕਤੀ ਤੁਹਾਡੇ ਪਿੰਡ/ਸ਼ਹਿਰ ਦੇ ਵਾਰਡ ’ਚ ਆ ਰਿਹਾ ਹੈ ਅਤੇ ਇਸ ਨੂੰ ਪਿੰਡ ਪੱਧਰ ’ਤੇ ਕੁਆਰਨਟੀਨ ਕਰਨਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਮਾਮਲੇ ’ਚ ਸਬੰਧਤ ਵਿਅਕਤੀ ਦੱਸੇ ਪਤੇ ’ਤੇ ਨਹੀਂ ਪਹੁੰਚਦਾ ਤਾਂ ਨੋਡਲ ਅਫ਼ਸਰ ਤੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਸਬੰਧਤ ਨਾਕਾ ਇੰਚਾਰਜ ਜ਼ਿਲ੍ਹਾ ਕੰਟਰੋਲ ਰੂਮ ’ਤੇ ਸੁਪਰਡੈਂਟ (ਮਾਲ) ਹਰਵਿੰਦਰ ਸਿੰਘ ਨੂੰ ਸੂਚਨਾ ਦੇਵੇਗਾ ਅਤੇ ਅੱਗੋਂ ਸੁਪਰਡੈਂਟ ਮਾਲ ਉਸ ਦੀ ਭਾਲ ਲਈ ਕੋਸ਼ਿਸ਼ ਕਰਨਗੇ ਅਤੇ ਨਾ ਮਿਲਣ ’ਤੇ ਸੂਚਨਾ ਉਪ ਮੰਡਲ ਮੈਜਿਸਟ੍ਰੇਟ ਨੂੰ ਭੇਜਣਗੇ। ਡਿਪਟੀ ਕਮਿਸ਼ਨਰ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਪਿੰਡ ’ਚ ਬਾਹਰੋਂ ਆਉਣ ਵਾਲੇ ਵਿਅਕਤੀ ਦੀ ਸਿੱਧੇ ਤੌਰ ’ਤੇ ਵੀ ਜ਼ਿਲ੍ਹਾ ਕੰਟਰੋਲ ਰੂਮ ਨੰਬਰਾਂ 01823-227470, 227471, 227473, 227474, 227476, 227478, 227479 ਅਤੇ 227480 ’ਤੇ ਵੀ ਸੂਚਨਾ ਦੇ ਸਕਦਾ ਹੈ।

Share This :

Leave a Reply