ਵੱਧ ਰਹੇ ਕੇਸਾਂ ਨੂੰ ਦੇਖਦੇ ਪੰਜਾਬ ਸਰਕਾਰ ਹੋਈ ਸਖਤ , ਕਰਫਿਊ ਦੌਰਾਨ ਨਹੀਂ ਹੋਵੇਗੀ ਕੋਈ ਖੁੱਲ

ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ

ਖੰਨਾ (ਪਰਮਜੀਤ ਸਿੰਘ ਧੀਮਾਨ) ਅੱਜ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਸਰਕਾਰ ਨੇ ਲੌਕਡਾਊਨ/ਕਰਫਿਊ ਨੂੰ 30 ਅਪ੍ਰੈੱਲ 2020 ਤੱਕ ਵਧਾਉਣ ਦਾ ਫੈਸਲਾ ਕਰਦੇ ਹੋਏ ਇਸ ਨੂੰ ਹੁਣ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਲੌਕਡਾਊਨ/ਕਰਫਿਊ ਵਿਚ ਕਿਸੇ ਵੀ ਤਰਾਂ ਦੀ ਕੋਈ ਢਿੱਲ ਨਹੀਂ ਹੈ। ਜੇਕਰ ਕੋਈ ਵਿਅਕਤੀ ਅਜਿਹੀਆਂ ਅਫ਼ਵਾਹਾਂ ਫੈਲਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਲੌਕਡਾਊਨ/ਕਰਫਿਊ ਪੂਰੇ 24 ਘੰਟੇ ਲਈ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਆਦਿ ‘ਤੇ ਘੁੰਮਦਾ ਪਾਇਆ ਜਾਵੇਗਾ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਖੁੱਲੀ ਜੇਲ ਵਿੱਚ ਪਾਇਆ ਜਾਵੇਗਾ। ਉਨਾਂ ਲੋਕਾਂ ਨੂੰ ਮੁੜ ਦੁਹਰਾਇਆ ਕਿ ਉਹ ਲੌਕਡਾਊਨ/ਕਰਫਿਊ ਨੂੰ ਗੰਭੀਰਤਾ ਨਾਲ ਲੈਣ, ਇਸ ਨੂੰ ਲਾਗੂ ਕਰਾਉਣ ਲਈ ਹੁਣ ਸਖ਼ਤੀ ਵਰਤੀ ਜਾਵੇਗੀ।


ਉਨਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਅਮਰਪੁਰਾ ਅਤੇ ਪਿੰਡ ਚੌਕੀਮਾਨ ਖੇਤਰਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕਰਵਾਏ ਜਾਣਗੇ, ਕਿਉਂਕਿ ਇਨਾਂ ਦੋਵੇਂ ਖੇਤਰਾਂ ਨੂੰ ਜ਼ਿਲਾ ਪ੍ਰਸਾਸ਼ਨ ਵੱਲੋਂ ‘ਹੌਟਸਪੌਟ’ ਖੇਤਰ ਐਲਾਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਅਮਰਪੁਰਾ ਤੋਂ ਤਿੰਨ ਅਤੇ ਚੌਕੀਮਾਨ ਤੋਂ 2 ਮਰੀਜ਼ ਪਾਜ਼ੀਟਿਵ ਆ ਚੁੱਕੇ ਹਨ, ਜਿਸ ਕਰਕੇ ਇਹਤਿਹਾਤ ਵਜੋਂ ਇਹ ਕਦਮ ਉਠਾਇਆ ਗਿਆ ਹੈ।
ਉਨਾਂ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਦਵਾਈ ਨਹੀਂ ਹੈ। ਮਰੀਜ਼ ਸਿਰਫ਼ ਆਪਣੀ ਰੋਗਾਂ ਨਾਲ ਲੜਨ ਦੀ ਸਮਰੱਥਾ ਅਤੇ ਮੈਡੀਕਲ ਕੇਅਰ ਨਾਲ ਹੀ ਬਚ ਸਕਦਾ ਹੈ। ਇਸ ਕਰਕੇ ਇਹ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਘਰਾਂ ਦੇ ਅੰਦਰ ਹੀ ਰਹਿਣ। ਉਨਾਂ ਕਿਹਾ ਕਿ ਲੋਕਾਂ ਨੂੰ ਇਹ ਸਮਾਂ ਆਪਣੇ ਬੱਚਿਆਂ ਨੂੰ ਪੜਾਉਣ ਅਤੇ ਪਰਿਵਾਰਾਂ ਨਾਲ ਬਿਤਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੋਕਾਂ ਨੂੰ ਹੁਣ ਐਮਰਜੈਂਸੀ ਹਾਲਾਤ ਵਿੱਚ ਘਰ ਤੋਂ ਬਾਹਰ ਨਿਕਲਣ ਲਈ ਮਾਸਕ ਆਦਿ ਦੀ ਵਰਤੋਂ ਜ਼ਰੂਰੀ ਤੌਰ ‘ਤੇ ਕਰਨੀ ਚਾਹੀਦੀ ਹੈ। ਸ੍ਰੀ ਅਗਰਵਾਲ ਨੇ ਅੱਗੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਘਰ-ਘਰ ਵਸਤਾਂ ਪਹੁੰਚਾਉਣ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਬਾਹਰ ਰਹਿ ਸਕਣਗੇ।
ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿਚ ਹੁਣ ਤੱਕ 574 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 467 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਦਕਿ 108 ਦੇ ਨਤੀਜੇ ਉਡੀਕੇ ਜਾ ਰਹੇ ਹਨ। 443 ਨਮੂਨਿਆਂ ਦੇ ਨਤੀਜੇ ਨੈਗੇਟਿਵ, 12 ਪਾਜ਼ੀਟਿਵ ਪਾਏ ਗਏ ਹਨ, ਜਦਕਿ 11 ਨਮੂਨੇ ਰਿਜੈਕਟ ਹੋਏ ਹਨ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਦੋ ਵਿਅਕਤੀਆਂ ਦੇ ਪੀ. ਜੀ. ਆਈ. ਚੰਡੀਗੜ ਵਿਖੇ ਨਮੂਨੇ ਲਏ ਸਨ, ਜੋ ਕਿ ਨੈਗੇਟਿਵ ਆਏ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਗਏ ਫੈਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਕਡਾਊਨ/ਕਰਫਿਊ ਨੂੰ ਸਹਿਯੋਗ ਕਰਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।

Share This :

Leave a Reply