ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰਾਂ ਦੀ ਹੁਣ ਖੈਰ ਨਹੀਂ, ਰੇਟ ਬੋਰਡ ਨਾ ਲਗਾਉਣ ਵਾਲਿਆਂ ਉਤੇ ਵੀ ਹੋਵੇਗੀ ਕਾਰਵਾਈ

ਅੰਮ੍ਰਿਤਸਰ ( ਏ-ਆਰ. ਆਰ. ਐੱਸ. ਸੰਧੂ ) ਕਰਫਿਊ ਦੀ ਆੜ ਵਿਚ ਲੋਕਾਂ ਕੋਲੋਂ ਰੋਜ਼ਮਰਾ ਦੀ ਜਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦਾ ਵੱਧ ਕੀਮਤ ਵਸੂਲ ਕਰਨ ਵਾਲੇ ਦੁਕਾਨਦਾਰਾਂ ਨੂੰ ਲੈਣੇ ਦੇ ਦੇਣੇ ਪੈਣਗੇ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਵਿਚ ਅਜਿਹੇ ਦੁਕਾਨਦਾਰਾਂ ਉਤੇ ਸਖਤ ਕਾਰਵਾਈ ਅਤੇ ਭਾਰੀ ਜੁਰਮਾਨੇ ਕਰਨ ਦੇ ਨਿਰਦੇਸ਼ ਆ ਚੁੱਕੇ ਹਨ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਫੂਡ ਸਪਲਾਈ ਸ੍ਰੀਮਤੀ ਅਨਿੰਦਤਾ ਮਿੱਤਰਾ ਵੱਲੋਂ ਵਿਭਾਗ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੋ ਵੀ ਦੁਕਾਨਦਾਰ ਆਪਣੀ ਦੁਕਾਨ ਉਤੇ ਲੱਗੇ ਡਿਸਪਲੇਅ ਬੋਰਡ ਉਤੇ ਵਸਤੂਆਂ ਦੇ ਰੇਟ ਨਹੀਂ ਲਿਖਦਾ ਜਾਂ ਆਮ ਨਾਲੋਂ ਵੱਧ ਰੇਟ ਲਗਾ ਕੇ ਲੋਕਾਂ ਨੂੰ ਆਰਥਿਕ ਤੌਰ ਉਤੇ ਲੁੱਟਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਉਨਾਂ ਦੱਸਿਆ ਕਿ ਵਿਭਾਗ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਮੱਦੇਨਜ਼ਰ ਅਸੀਂ ਜ਼ਿਲੇ ਭਰ ਵਿਚ ਟੀਮਾਂ ਗਠਿਤ ਕਰ ਦਿੱਤੀਆਂ ਹਨ, ਜੋ ਕਿ ਇਨਾਂ ਦੁਕਾਨਾਂ ਉਤੇ ਛਾਪੇ ਮਾਰਨਗੀਆਂ। ਉਨਾਂ ਸਪੱਸ਼ਟ ਕੀਤਾ ਕਿ ਜੁਰਮਾਨਾ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ, ਜਿਸ ਵਿਚ ਸਜ਼ਾ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਅਜਿਹੇ ਦੁਕਾਨਦਾਰਾਂ ਅਤੇ ਵਪਾਰੀਆਂ ਦੇ ਨਾਮ ਮੀਡੀਏ ਰਾਹੀਂ ਜਨਤਕ ਕੀਤੇ ਜਾਣਗੇ, ਤਾਂ ਜੋ ਲੋਕ ਭਵਿੱਖ ਵਿਚ ਵੀ ਅਜਿਹੇ ਦੁਕਾਨਦਾਰਾਂ ਦੀਆਂ ਦੁਕਾਨਾਂ ਉਤੇ ਖਰੀਦਦਾਰੀ ਕਰਨ ਲਈ ਨਾ ਆਉਣ।

Share This :

Leave a Reply