ਨਵਾਂਸ਼ਹਿਰ /ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਹਲਕੇ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਅਤੇ ਅਗਲੇ ਦਿਨਾਂ ’ਚ ਪੇਂਡੂ ਤੇ ਸ਼ਹਿਰੀ ਵਿਕਾਸ ਯੋਜਨਾਵਾਂ ਨੂੰ ਜੰਗੀ ਪੱਧਰ ’ਤੇ ਆਰੰਭਣ ਲਈ ਕਲ੍ਹ ਮੈਂਬਰ ਲੋਕ ਸਭਾ ਸ੍ਰੀ ਮਨੀਸ਼ ਤਿਵਾੜੀ ਦੇ ਪ੍ਰਤੀਨਿਧ ਅਤੇ ਪੰਜਾਬ ਲਾਰਜ ਇੰਡਸਟ੍ਰੀਜ਼ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ ਅਤੇ ਬਲਾਚੌਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਐਸ ਡੀ ਐਮ ਜਸਬੀਰ ਸਿੰਘ ਤੇ ਡੀ ਐਸ ਪੀ ਦਵਿੰਦਰ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਚੌ. ਮੰਗੂਪੁਰ ਨੇ ਬਲਾਚੌਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਵਿਡ ਰੋਕਥਾਮ ਪ੍ਰਬੰਧਾਂ ਦੌਰਾਨ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਲਾਚੌਰ ਸਬ ਡਵੀਜ਼ਨ ਅੰਤਰ ਜ਼ਿਲ੍ਹਾ ਅਤੇ ਅੰਤਰ ਰਾਜੀ ਸਰਹੱਦਾਂ ਨਾਲ ਜੁੜੀ ਹੋਣ ਕਾਰਨ, ਇੱਥੇ ਆਉਣ ਵਾਲੇ ਹਰੇਕ ਵਿਅਕਤੀ ’ਤੇ ਕੋਵਿਡ ਪੱਖ ਤੋਂ ਨਿਗਰਾਨੀ ਬੜੀ ਜ਼ਰੂਰੀ ਸੀ, ਜੋ ਕਿ ਇਨ੍ਹਾਂ ਅਧਿਕਾਰੀਆਂ ਨੇ ਆਪਸੀ ਤਾਲਮੇਲ ਨਾਲ ਬੜੇ ਵਧੀਆ ਢੰਗ ਨਾਲ ਕੀਤੀ ਹੋਈ ਹੈ। ਉਨ੍ਹਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਰੈਲ ਮਾਜਰਾ ਵਿਖੇ ਬਣਾਏ ਸਟੇਟ ਕੁਆਰਨਟੀਨ ਸੈਂਟਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਬਹੁਤ ਵਧੀਆ ਢੰਗ ਨਾਲ ਚਲਾਏ ਜਾਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਬਾਹਰਲੇ ਰਾਜਾਂ ਅਤੇ ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਪਹਿਲਾਂ ਇਸੇ ਇਕਾਂਤਵਾਸ ’ਚ ਰੱਖ ਕੇ ਉਨ੍ਹਾਂ ਦੇ ਟੈਸਟ ਲਏ ਜਾਂਦੇ ਹਨ ਅਤੇ ਰਹਿਣ-ਸਹਿਣ ਦਾ ਵਧੀਆ ਪ੍ਰਬੰਧ ਮੁਹੱਈਆ ਕਰਵਾਇਆ ਜਾਂਦਾ ਹੈ। ਚੇਅਰਮੈਨ ਪਵਨ ਦੀਵਾਨ ਤੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ ਨਾਲ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ’ਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਦਿੱਤੀ ਪ੍ਰਵਾਨਗੀ ਦੇ ਮੱਦੇਨਜ਼ਰ ਅਗਲੇ ਦਿਨਾਂ ’ਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਉਲੀਕੇ ਜਾਣਗੇ ਜਦਕਿ ਪਿੰਡਾਂ ਦੀ ਤਰਜ਼ ’ਤੇ ਹੀ ਬਲਾਚੌਰ ਨਗਰ ਕੌਂਸਲ ’ਚ ਪੰਜਾਬ ਮਿਊਂਸਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਰਾਹੀਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ। ਦੋਵਾਂ ਚੇਅਰਮੈਨਾਂ ਨੇ ਐਮ ਐਲ ਏ ਚੌ. ਮੰਗੂਪੁਰ ਨੂੰ ਭਰੋਸਾ ਦਿਵਾਇਆ ਕਿ ਉਹ ਵਿਕਾਸ ਕਾਰਜਾਂ ’ਚ ਪੂਰਾ ਸਹਿਯੋਗ ਕਰਨਗੇ। ਮੀਟਿੰਗ ਦੌਰਾਨ ਬਲਾਚੌਰ ’ਚ ਨਵੀਂ ਬਣਾਈ ਲੱਕੜ ਮੰਡੀ ’ਚ ਦਰਪੇਸ਼ ਮੁਸ਼ਕਿਲਾਂ ’ਤੇ ਗੱਲਬਾਤ ਕਰਦੇ ਹੋਏ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਮੀਟਿੰਗ ’ਚ ਮੌਜੂਦ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਜਾਡਲੀ, ਉੱਪ ਚੇਅਰਮੈਨ ਦੇਸ ਰਾਜ ਹਕਲਾ ਅਤੇ ਸਕੱਤਰ ਮਾਰਕੀਟ ਕਮੇਟੀ ਵਰਿੰਦਰ ਕੁਮਾਰ ਨੂੰ ਮੰਡੀ ’ਚ ਆਰਾ ਮਿੱਲਾਂ ਦੀ ਸਥਾਪਤੀ ਬਾਰੇ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਲੱਕੜ ਦੀ ਖਰੀਦੋ-ਫ਼ਰੋਖਤ ਨੂੰ ਵੀ ਮੰਡੀ ’ਚ ਹੀ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਮੰਡੀ ’ਚ ਲੱਕੜ ਦੀ ਆੜ੍ਹਤ ਦੇ 103 ਲਾਇਸੰਸ ਬਣ ਚੁੱਕੇ ਹਨ। ਮੀਟਿੰਗ ’ਚ ਤਹਿਸੀਲਦਾਰ ਚੇਤਨ ਬੰਗੜ, ਬਲਾਕ ਸਮਿਤੀ ਸੜੋਆ ਦੇ ਚੇਅਰਮੈਨ ਗੌਰਵ ਕੁਮਾਰ, ਐਸ ਐਚ ਓ ਸ਼ਹਿਰੀ ਬਲਾਚੌਰ ਅਨਵਰ ਅਲੀ ਤੇ ਐਸ ਐਚ ਓ ਪੋਜੇਵਾਲ ਰਘਬੀਰ ਸਿੰਘ ਸ਼ਾਮਿਲ ਸਨ।