ਵਾਢੀ ਦੇ ਸੀਜ਼ਨ ’ਚ ਮੰਡੀਆਂ ਵਿਚ ਅਤੇ ਖੇਤਾਂ ’ਚ ਕੰਮ ਲਈ ਆਉਣ ਵਾਲੀ ਲੇਬਰ ਵਿਚ ਕੋਰੋਨਾ ਦੀ ਰੋਕਥਾਮ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਦੇਸ਼ ਦੇ ਹਾਟ ਸਪਾਟ ਜ਼ਿਲ੍ਹਿਆਂ ’ਚ ਸ਼ਾਮਿਲ ਹੋਣ ਕਾਰਨ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਟਾਲਣ ਲਈ ਪੱਬਾਂ ਭਾਰ ਹੋਇਆ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਤੇ ਸਿਹਤ ਵਿਭਾਗ ਨਾਲ ਮਿਲ ਕੇ ਜਿੱਥੇ ਗੁਆਂਢੀ ਜ਼ਿਲ੍ਹਿਆਂ ਨਾਲ ਲਗਦੀਆਂ ਹੱਦਾਂ ’ਤੇ ਪੁਲਿਸ ਨਾਕਿਆਂ ’ਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਉੱਥੇ ਜ਼ਿਲ੍ਹੇ ਦੇ ਦੋ ਅਧਿਕਾਰੀ ਵਿਸ਼ੇਸ਼ ਤੌਰ ’ਤੇ ਜ਼ਿਲ੍ਹੇ ’ਚ ਬਾਹਰੋਂ ਆਉਣ ਵਾਲੀ ਲੇਬਰ ਦੀ ਰੋਜ਼ਾਨਾ ਦੀ ਸਥਿਤੀ ਜਾਣਨ ਲਈ ਲਾਏ ਗਏ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਪੂਰੀ ਨਿਗਰਾਨੀ ਰੱਖ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਤੋਂ 26 ਮਾਰਚ ਤੱਕ ਆਈਸੋਲੇਸ਼ਨ ਵਾਰਡ ’ਚ ਦਾਖਲ ਮਰੀਜ਼ਾਂ ’ਚੋਂ 16 ਦੇ ਠੀਕ ਹੋਣ ਬਾਅਦ, ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵਾਢੀ ਦੇ ਦਿਨਾਂ ’ਚ ਬਾਹਰੋਂ ਆਉਣ ਵਾਲੀ ਲੇਬਰ ਜਾਂ ਕੰਬਾਈਨ ਅਪਰੇਟਰਾਂ/ਸਟਾਫ਼ ’ਚੋਂ ਕੋਈ ਵੀ ਕੋਰੋਨਾ ਵਾਇਰਸ ਦੇ ਲੱਛਣਾਂ ਵਾਲਾ ਜਾਂ ਪੀੜਤ ਨਾ ਹੋਵੇ, ਇਸ ਲਈ ਲੇਬਰ ਲਿਆਉਣ ਲਈ ਕੇਵਲ ਪੰਜ ਰਸਤੇ ਕਨੌਣ ਨਾਕਾ, ਚੱਕਦਾਨਾ ਨਾਕਾ, ਮੇਹਲੀ ਨਾਕਾ, ਅਲਾਚੌਰ ਨਾਕਾ ਅਤੇ ਆਸਰੋਂ ਨਾਕਾ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਗੁਆਂਢੀ ਜ਼ਿਲ੍ਹਿਆਂ ’ਚੋਂ ਲੇਬਰ ਲਿਆਉਣ ਲਈ ਪਾਸ ਜਾਰੀ ਕਰਨ ਦਾ ਅਧਿਕਾਰ ਵੀ ਜ਼ਿਲ੍ਹਾ ਪੱਧਰ ’ਤੇ ਰੱਖਿਆ ਗਿਆ ਹੈ ਅਤੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਨੂੰ ਇਸ ਕੰਮ ਲਈ ਅਧਿਕਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚੋ ਇਕੱਤਰ ਕੀਤੇ ਗਏ ਵੇਰਵੇ ਅਨੁਸਾਰ ਮੰਡੀਆਂ ’ਚ 2100 ਦੇ ਕਰੀਬ ਲੇਬਰ ਮੌਜੂਦ ਹੈ ਅਤੇ ਜੇਕਰ ਫ਼ਿਰ ਵੀ ਕਿਸੇ ਨੂੰ ਘਾਟ ਆਉਂਦੀ ਹੈ ਤਾਂ ਪ੍ਰਸ਼ਾਸਨ ਉਸ ਨੂੰ ਪਾਸ ਜਾਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਸ ਜਾਰੀ ਕਰਨ ਤੋਂ ਬਾਅਦ ਬਾਹਰੋਂ ਲਿਆਂਦੀ ਜਾਣ ਵਾਲੀ ਲੇਬਰ ਚੈਕਿੰਗ ਲਈ ਪੰਜਾਬ ਰੋਡਵੇਜ਼ ਦੇ ਜੀ ਐਮ ਅਤੇ ਸਹਾਇਕ ਪ੍ਰਾਜੈਕਟ ਅਫ਼ਸਰ ਮੱਛੀ ਪਾਲਣ ਵਿਭਾਗ ਨੂੰ ਲਾਇਆ ਗਿਆ ਹੈ, ਜੋ ਰੋਜ਼ਾਨਾ ਸ਼ਾਮ 4 ਵਜੇ ਤੱਕ ਜ਼ਿਲ੍ਹੇ ’ਚ ਜਾਰੀ ਸਬੰਧਤ ਕਰਫ਼ਿਊ ਪਾਸ ’ਤੇ ਆੜ੍ਹਤੀ ਵੱਲੋਂ ਲਿਆਂਦੀ ਗਈ ਲੇਬਰ ਦੀ ਗਿਣਤੀ ਦਾ ਮਿਲਾਣ ਕਰਨਗੇ ਅਤੇ ਰਿਪੋਰਟ ਦੇਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਦੇ ਰੈਡ ਜ਼ੋਨ ’ਚ ਹੋਣ ਕਾਰਨ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਉਨ੍ਹਾਂ ਕੋਲ ਕੰਮ ਕਰ ਰਹੀ ਲੇਬਰ ਬਿਲਕੁਲ ਤੰਦਰੁਸਤ ਹੋਵੇ ਅਤੇ ਉਹ ਸਰਕਾਰ ਵੱਲੋਂ ਦਰਸਾਈਆਂ ਗਈਆਂ ਸਾਵਧਾਨੀਆਂ ਦਾ ਪਾਲਣ ਕਰਨ ਯਕੀਨੀ ਬਨਾਉਣ। ਜੇਕਰ ਕਿਸੇ ਵਿਚ ਵੀ ਕੋਵਿਡ-19 ਨਾਲ ਸਬੰਧਤ ਤਕਲੀਫ਼ ਨਜ਼ਰ ਆਵੇ ਤਾਂ ਤੁਰੰਤ ਮੰਡੀ ਬੋਰਡ ਅਧਿਕਾਰੀਆਂ ਜਾ ਸਿਹਤ ਵਿਭਾਗ ਨੂੰ ਸੂਚਿਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Share This :

Leave a Reply