ਵਾਈਟ ਹਾਊਸ ਵਿਚ ਰਾਸ਼ਟਰਪਤੀ ਤੇ ਸਟਾਫ਼ ਦੀ ਸੁਰੱਖਿਆ ਲਈ ਇਹਤਿਆਤ ਵਜੋਂ ਕਈ ਕਦਮ ਚੁੱਕੇ

ਸਟਾਫ਼ ਦੇ ਹੋਣਗੇ ਰੋਜ਼ਾਨਾ ਟੈਸਟ, ਅਮਰੀਕਾ ਵਿਚ ਮੌਤਾਂ ਦੀ ਗਿਣਤੀ 80787 ਹੋਈ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 80787  ਹੋ ਗਈ ਹੈ ਜਦ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 27638 ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ ਜਿਨਾਂ ਨਾਲ ਮਰੀਜ਼ਾਂ ਦੀ ਕੁਲ ਗਿਣਤੀ 13,67,638 ਹੋ ਗਈ ਹੈ। ਸਭ ਤੋਂ ਵਧ ਪੀੜਤ ਨਿਊਯਾਰਕ ਵਿਚ 26812 ਤੇ ਨਿਊਜਰਸੀ ਵਿਚ 9264 ਅਮਰੀਕੀ ਦਮ ਤੋੜ ਚੁੱਕੇ ਹਨ। ਵਾਈਟ ਹਾਊਸ ਵਿਚ ਦੋ ਸਟਾਫ਼ ਮੈਂਬਰਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ, ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਸਟਾਫ਼ ਦੇ ਰੋਜ਼ਾਨਾ ਟੈਸਟ ਲੈਣ ਸਮੇਤ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ।

ਇਸ ਦੌਰਾਨ ਵਧ ਰਹੀ ਬੇਰੁਜ਼ਗਾਰਾਂ ਦੀ ਗਿਣਤੀ ਦੇ ਦਰਮਿਆਨ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਅਦਾਰਿਆਂ ਵੱਲੋਂ ਹਟਾਏ ਗਏ ਲੱਖਾਂ ਮੁਲਾਜ਼ਮਾਂ ਵਿਚੋਂ ਬਹੁਤ ਥੋੜਿਆਂ ਨੂੰ ਦੁਬਾਰਾ ਕੰਮ ‘ਤੇ ਸੱਦਣ ਦੀ ਸੰਭਾਵਨਾ ਹੈ
ਵਾਈਟ ਹਾਊਸ ਵਿਚ ਇਹਤਿਆਤ ਵਜੋਂ ਕਦਮ ਚੁੱਕੇ–
ਵਾਈਟ ਹਾਊਸ ਦੇ ਦੋ ਮੁਲਾਜ਼ਮ ਕੋਰੋਨਾ ਪੌਜ਼ਟਿਵ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨਾਂ ਦੇ ਸਟਾਫ਼ ਦੀ ਕੋਰੋਨਾਵਾਇਰਸ ਤੋਂ ਸੁਰੱਖਿਆ ਯਕੀਨੀ ਬਣਾਉਣ ਦੇ ਮਕਸਦ ਨਾਲ ਇਹਤਿਆਤ ਵਜੋਂ ਕਈ ਕਦਮ ਚੁੱਕੇ ਹਨ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਉਨਾਂ ਦੇ ਨਜ਼ਦੀਕੀ ਸਟਾਫ਼ ਦਾ ਰੋਜ਼ਾਨਾ ਟੈਸਟ ਹੋਇਆ ਕਰੇਗਾ। ਵਾਈਟ ਹਾਊਸ ਵਿਚ ਆਉਣ ਵਾਲੇ ਮਹਿਮਾਨਾਂ ਦਾ ਟੈਸਟ ਹੋਵੇਗਾ,  ਰੋਜ਼ਾਨਾ ਬਹੁਤ ਹੀ ਬਰੀਕੀ ਨਾਲ ਸਫ਼ਾਈ ਹੋਵੇਗੀ ਤੇ ਸੋਸ਼ਲ ਡਿਸਟੈਂਸਿੰਗ ਰਖੀ ਜਾਵੇਗੀ। ਵਾਈਟ ਹਾਊਸ ਦੇ ਬੁਲਾਰੇ ਜੂਡ ਡੀਰ ਨੇ ਕਿਹਾ ਹੈ ਕਿ ਸਟਾਫ਼ ਦਾ ਰੋਜ਼ਾਨਾ ਬੁਖ਼ਾਰ ਵੇਖਿਆ ਜਾਵੇਗਾ ਤੇ ਉਨਾਂ ਦੇ ਲੱਛਣਾਂ ਦੇ ਪਿਛੋਕੜ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਰਾਸ਼ਟਰਪਤੀ ਤੇ ਸਮੁੱਚੇ ਵਾਈਟ ਹਾਊਸ ਕੰਪਲੈਕਸ ਨੂੰ ਸੁਰੱਖਿਅਤ ਤੇ ਸਿਹਤਮੰਦ ਰਖਣ ਲਈ ਇਹਤਿਆਤੀ ਕਦਮਾਂ  ਨੂੰ ਯਕੀਨੀ ਬਣਾਇਆ ਜਾਵੇਗਾ ਤੇ ਇਨਾਂ ਦੀ ਰੋਜ਼ਾਨਾ ਸਮੀਖਿਆ ਹੋਵੇਗੀ। ਇਸ ਦੌਰਾਨ ਉੱਪ ਰਾਸ਼ਟਰਪਤੀ ਦੇ ਦਫਤਰ ਨੇ ਉਸ ਮੀਡੀਆ ਰਿਪੋਰਟ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਮਾਈਕ ਪੈਂਸ ਇਕਾਂਤਵਾਸ ਵਿਚ ਰਹਿ ਰਹੇ ਹਨ।
ਥੋੜੇ ਲੋਕਾਂ ਨੂੰ ਦੁਬਾਰਾ ਕੰਮ ‘ਤੇ ਸੱਦਣ ਦੀ ਸੰਭਾਵਨਾ–
ਮਾਰਚ ਮਹੀਨੇ ਵਿਚ ਰੈਸਟੋਰੈਂਟ ਤੇ ਹੋਰ ਕਾਰੋਬਾਰਾਂ ਦੇ ਮਾਲਕਾਂ ਨੇ ਆਸ ਪ੍ਰਗਟਾਈ ਸੀ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਹਟਾਏ ਗਏ ਸਾਰੇ ਮੁਲਾਜ਼ਮਾਂ ਨੂੰ ਕੰਮ ‘ਤੇ ਬੁਲਾ ਲਿਆ ਜਾਵੇਗਾ ਪਰ ਹੁਣ ਮਹਾਮਾਰੀ ਨੂੰ ਨਿਯੰਤਰਣ ਕਰਨ ਵਿਚ ਹੋ ਰਹੀ ਦੇਰੀ ਨੂੰ ਵੇਖਦਿਆਂ ਹੋਇਆਂ ਉਨਾਂ ਦਾ ਕਹਿਣਾ ਹੈ ਕਿ ਜੇਕਰ 75% ਮੁਲਾਜ਼ਮਾਂ ਨੂੰ ਵੀ ਦੁਬਾਰਾ ਕੰਮ ‘ਤੇ ਸੱਦ ਲਿਆ ਜਾਵੇ ਤਾਂ ਇਹ ਅਸਧਾਰਨ ਕਦਮ ਹੋਵੇਗਾ। ਸਟੀਕਹਾਊਸ ਰੈਸਟੋਰੈਂਟ ਲੜੀ ਦੀ ਮਾਲਕਣ ਬ੍ਰਿਟਨੀ ਰੂਬੀ ਮਿਲਰ ਦਾ ਕਹਿਣਾ ਹੈ ਕਿ ਇਸ ਸਾਲ ਦੇ ਆਖੀਰ ਵਿਚ ਰੈਸਟੋਰੈਂਟਾਂ ਦੇ ਚਲਣ ਦੀ ਸੰਭਾਵਨਾ ਹੋ ਸਕਦੀ ਹੈ। ਮੋਟੇ ਤੌਰ ‘ਤੇ ਉਸ ਦੇ ਇਕ ਤਿਹਾਈ 600 ਮੁਲਾਜ਼ਮਾਂ ਨੂੰ ਕੰਮ ਛੱਡਣਾ ਪਿਆ ਹੈ। ਇਹ ਵੀ ਰਿਪੋਰਟ ਹੈ ਕਿ ਸੰਘੀ ਸਰਕਾਰ ਦੁਆਰਾ ਮੱਦਦ ਦੇ ਬਾਵਜੂਦ ਛੋਟੇ ਕਾਰੋਬਾਰਾਂ ਦੇ ਦੁਬਾਰਾ ਚਲਣ ਦੀ ਸੰਭਾਵਨਾ ਨਜਰ  ਨਹੀਂ ਆ ਰਹੀ।

Share This :

Leave a Reply