ਫ਼ਤਹਿਗੜ੍ਹ ਸਾਹਿਬ (ਗਿਆਨ ਸੂਦ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗਡ਼੍ਹ ਸਾਹਿਬ, ਦੇ ਅੰਗ੍ਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ, ਸ੍ਰੀਮਤੀ ਬਲਜੀਤ ਕੌਰ ਨੇ ਨਾਮਵਰ ਬੈਨਰ “ਰਾਉਟਲਿਜ ਪਬਲੀਕੇਸ਼ਨਜ਼” ਹੇਠ ਆਪਣੇ ਇੱਕ ਮਹਤੱਵਪੂਰਨ ਖੋਜ ਕਾਰਜ ਦੀ ਪ੍ਰਕਾਸ਼ਨਾ ਹਾਸਲ ਕੀਤੀ ਹੈ, ਜੋ ਕਿ ਭਾਸਾ ਦੇ ਕਿਸੇ ਵੀ ਮਾਹਿਰ, ਵਿਦਿਆਰਥੀ ਜਾਂ ਅਧਿਆਪਕ ਲਈ ਇਕ ਮਾਣ ਵਾਲੀ ਗੱਲ ਹੁੰਦੀ ਹੈ। ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਹਾਲ ਹੀ ਵਿੱਚ ਉਨਾਂ ਨੇ ਡਾ. ਸੰਗੀਤਾ ਹਾਂਡਾ ਦੀ ਨਿਗਰਾਨੀ ਹੇਠ ਐਗਜਿਸਟਿੰਆਨਸੀਆਲਿਜ਼ਮ ਨਾਰੀਵਾਦ ਦੀ ਆਲੋਚਨਾ: ਔਰਤਾਂ ਦੀਆਂ ਚੋਣਵੀਆਂ ਆਤਮਕਥਾਵਾਂ ਦੀ ਪਡ਼ਚੋਲ” ਸਿਰਲੇਖ ਹੇਠ ਆਪਣਾ ਥੀਸਿਸ, ਪੀ.ਐੱਚ.ਡੀ. ਡਿਗਰੀ ਲਈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਮ੍ਹਾਂ ਕੀਤਾ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੁਣ ਤਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਤੇਰਾਂ ਪ੍ਰਕਾਸ਼ਨਾਵਾਂ ਹਨ ਅਤੇ ਬਾਰਾਂ ਤੋਂ ਵੱਧ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਪੇਪਰ ਪਡ਼੍ਹੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀ “ਰਾਉਟਲਿਜ ਪਬਲੀਕੇਸ਼ਨਜ਼” ਦੁਆਰਾ ਉਨ੍ਹਾਂ ਦੇ ਖੋਜ ਪੱਤਰ ਸੈਕਸੂਆਲਿਟੀ, ਸੈਲਫ ਐਂਡ ਬਾਡੀ: ਰੀਡਿੰਗਜ਼ ਇਨ ਮਿਸ਼ੇਲ ਰੋਬਰਟਸ’ ਮੈਮੋਆਇਰ ਪੇਪਰ ਹਾਊਸਿਸ ਨੂੰ ਆਪਣੀ ਪ੍ਰਕਾਸ਼ਤ ਪੁਸਤਕ ਦੇ ਇੱਕ ਚੈਪਟਰ ਵਜੋਂ ਸਾਮਿਲ ਕੀਤਾ ਗਿਆ ਹੈ। ਇਸ ਪੁਸਤਕ ਦਾ ਸਿਰਲੇਖ ਹੈ “ਰਾਇਟਿੰਗ ਜੈਂਡਰ ਰਾਇਟਿੰਗ ਸੈਲਫ”, ਜਿਸ ਦਾ ਸੰਪਾਦਨ ਪ੍ਰਸਿੱਧ ਵਿਦਵਾਨ, ਕਵੀ, ਆਲੋਚਕ ਅਤੇ ਅਨੁਵਾਦਕ ਡਾ. ਅਪਰਨਾ ਲਾਂਜੇਵਰ ਬੋਸ ਦੁਆਰਾ ਕੀਤਾ ਗਿਆ ਹੈ। ਇਹ ਕਿਤਾਬ ਹੁਣ ਐਮਾਜ਼ੋਨ ‘ਤੇ ਪ੍ਰੀ-ਆਰਡਰ ਰਾਹੀ ਉਪਲਬਧ ਹੈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨੇ ਯੂਨੀਵਰਸਿਟੀ ਦਾ ਸਾਹਿਤ ਦੇ ਖੇਤਰ ਵਿੱਚ ਮਾਣ ਵਧਾਇਆ ਹੈ। ਡਾ. ਸਿੰਘ ਨੇ ਕਿਹਾ ਕਿ ਅਜਿਹੇ ਅਧਿਆਪਕ, ਨੌਜਵਾਨ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਸ਼ਾਨਦਾਰ ਖੋਜ ਕਾਰਜਾਂ ਲਈ ਸ੍ਰੀਮਤੀ ਕੌਰ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ।