ਪਟਿਆਲਾ (ਅਰਵਿੰਦਰ ਸਿੰਘ ) ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਲੋੜਵੰਦਾਂ ਦੀ ਮਦਦ ਕਰਨ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਸ਼ਿਦਤ ਨਾਲ ਯਤਨ ਕਰ ਰਿਹਾ ਹੈ ਉਥੇ ਹੀ ਵੱਡੀ ਗਿਣਤੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਆਮ ਲੋਕ ਵੀ ਅੱਗੇ ਆਏ ਹਨ। ਇਹ ਪ੍ਰਗਟਾਵਾ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਰਦਿਆਂ ਇਨ੍ਹਾਂ ਸੰਸਥਾਵਾਂ ਦੇ ਇਸ ਯੋਗਦਾਨ ਨੂੰ ਮਨੁੱਖਤਾ ਦੀ ਭਲਾਈ ਲਈ ਅਹਿਮ ਕਦਮ ਦੱਸਿਆ ਅਤੇ ਇਨ੍ਹਾਂ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਨਾਗਰਿਕਾਂ ਦੀ ਮਦਦ ਲਈ 24 ਘੰਟੇ ਤਤਪਰ ਹੈ ਉਥੇ ਹੀ ਜ਼ਿਲ੍ਹੇ ਅੰਦਰ ਹਰ ਧਰਮ ਦੇ ਧਾਰਮਿਕ ਅਸਥਾਨਾਂ ਸਮੇਤ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸੁੱਕੇ ਰਾਸ਼ਨ ਸਮੇਤ ਪੱਕਿਆ ਭੋਜਨ ਲੋੜਵੰਦਾਂ ਨੂੰ ਪਹੁੰਚਾਉਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਕੋਰੋਨਾਵਾਇਰਸ ਨੂੰ ਫੈਲਣ ਲਈ ਲਗਾਏ ਕਰਫਿਊ ਦੌਰਾਨ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਤਾਂ ਕਿ ਇਸ ਮਹਾਂਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ।
ਇਸੇ ਦੌਰਾਨ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਬਾਬਾ ਗੁਰਮੋਹਨ ਸਿੰਘ ਮੋਹਣੀ ਬਾਬਾ ਦੀ ਅਗਵਾਈ ਹੇਠ ਮਰੀਜਾਂ ਲਈ ਲੰਗਰ ਲਗਾਉਂਦੀ ਸੰਸਥਾ ਲੰਗਰ ਸੇਵਾ ਸੁਸਾਇਟੀ ਰਾਜਿੰਦਰਾ ਹਸਪਤਾਲ ਦੇ ਨੁਮਾਇੰਦੇ ਸ. ਇਤਫ਼ਾਕ ਸਿੰਘ ਨੇ ਸੁੱਕੇ ਰਾਸ਼ਨ ਦੇ ਪੈਕਟ ਪਟਿਆਲਾ ਸ਼ਹਿਰ ਦੇ ਲੋੜਵੰਦਾਂ ਨੂੰ ਵੰਡਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਰਾਹੀਂ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ ਨੂੰ ਸੌਂਪੇ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ। ਇਸ ਸੰਸਥਾ ਨੇ ਕਿਹਾ ਹੈ ਕਿ ਰਜਿੰਦਰਾ ਹਸਪਤਾਲ ਵਿਖੇ 24 ਘੰਟੇ ਚੱਲ ਰਿਹਾ ਲੰਗਰ ਨਿਰਵਿਘਨ ਤੇ ਨਿਰੰਤਰ ਜਾਰੀ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਸਬੰਧਤ ਐਸ.ਡੀ.ਐਮਜ ਰਾਹੀਂ ਜਿੱਥੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਅਸਥਾਨਾਂ ਦੇ ਨੁਮਾਇੰਦੇ ਲੰਗਰ ਅਤੇ ਸੁੱਕੇ ਰਾਸ਼ਨ ਦੇ ਪੈਕਟ ਪ੍ਰਸ਼ਾਸਨ ਨੂੰ ਸੌਂਪ ਰਹੇ ਹਨ, ਉਥੇ ਹੀ ਆਮ ਲੋਕ ਤੇ ਉਦਯੋਗਿਕ ਇਕਾਈਆਂ ਵੀ ਆਪਣੀ ਸ਼ਰਧਾ ਅਤੇ ਸਮਰੱਥਾ ਮੁਤਾਬਕ ਲੋੜਵੰਦਾਂ ਦੀ ਮਦਦ ਲਈ ਰੈਡ ਕਰਾਸ ਕੋਵਿਡ-19 ਰੀਲੀਫ਼ ਫੰਡ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੇਤ ਡੇਰਾ ਰਾਧਾ ਸੋਆਮੀ ਬਿਆਸ, ਪਟਿਆਲਾ ਬਹਾਵਲਪੁਰ ਮਹਾਂਸੰਘ ਐਸ.ਐਸ.ਟੀ ਨਗਰ, ਧੰਨਾ ਭਗਤ ਬਿਰਧ ਆਸ਼ਰਮ ਘੁੰਮਣ ਨਗਰ, ਜੀ.ਕੇ.ਜੀ. ਵੈਲਫੇਅਰ ਸੁਸਾਇਟੀ ਅਲੀਪੁਰ ਰੋਡ, ਹਰੀਓਮ ਸੇਵਾ ਮੰਡਲ ਆਰੀਆ ਸਮਾਜ, ਰੋਟਰੀ ਕਲੱਬ, ਸ੍ਰੀ ਹਰਿਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਤ੍ਰਿਪੜੀ, ਵੰਦੇ ਮਾਤਰਮ ਦਲ, ਕਰ ਭਲਾ ਹੋ ਭਲਾ ਚੈਰੀਟੇਬਲ ਟਰਸਟ, ਆਪਣਾ ਫਰਜ ਸੇਵਾ ਸੁਸਾਇਟੀ ਲਚਕਾਣੀ, ਭਾਰਤ ਵਿਕਾਸ ਪ੍ਰੀਸ਼ਦ, ਆਰ.ਐਸ.ਐਸ. ਪਟਿਆਲਾ, ਬੀ.ਆਰ. ਅੰਬੇਦਕਰ, ਸ੍ਰੀ ਰਾਮ ਚੈਰੀਟੇਬਲ ਐਂਡ ਫੈਲਫੇਅਰ ਸੁਸਾਇਟੀ, ਬੇਗਮਪੁਰਾ ਵੈਲਫੇਅਰ ਸੁਸਾਇਟੀ, ਸਦਭਾਵਨਾ ਨਿਸ਼ਕਾਮ ਸੇਵਾ ਸੁਸਾਇਟੀ ਸਮੇਤ ਹੋਰ ਅਣਗਿਣਤ ਸੇਵਾ ਸੁਸਾਇਟੀਆਂ ਅਤੇ ਸੰਸਥਾਵਾਂ ਇਸ ਸੰਕਟ ਦੀ ਘੜੀ ਮਨੁੱਖਤਾ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਯੋਗਦਾਨ ਪ੍ਰਸ਼ਾਸਨ ਲਈ ਅਹਿਮ ਸਥਾਨ ਰੱਖਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੰਸਥਾਵਾਂ ਪੂਰੀ ਸਵੱਛਤਾ ਅਤੇ ਕੋਰੋਨਾਵਾਇਰਸ ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦਾ ਪਾਲਣ ਕਰਦਿਆਂ ਸੇਵਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਸੰਸਥਾ ਜਾਂ ਵਿਅਕਤੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਮਿਸ਼ਨਰ ਨਗਰ ਨਿਗਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।