ਲੌਕਡਾਊਨ ਦੌਰਾਨ ਵਿਦਿਆਰਥੀਆਂ ਲਈ ਆਨ-ਲਾਈਨ ਪੜ੍ਹਾਈ ਦਾ ਕੀਤਾ ਸੁਚੱਜਾ ਪ੍ਰਬੰਧ

ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਵੱਲੋਂ ਜਾਣਕਾਰੀ ਦਿੱਤੇ ਜਾਣ ਦਾ ਦ੍ਰਿਸ਼।

ਸੰਗਰੂਰ 6 ਅਪ੍ਰੈਲ (ਅਜੈਬ ਸਿੰਘ ਮੋਰਾਂ ਵਾਲੀ ) <ਕਰੋਨਾ ਦੀ ਮਹਾਂਮਾਰੀ ਫੈਲਣ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਇਸ ਦੇ ਚਲਦਿਆਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ 23 ਮਾਰਚ ਤੋਂ ਹੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਯੋਗ ਅਗਵਾਈ ਵਿੱਚ ਵੱਖ-ਵੱਖ ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਕਰਦੇ ਹੋਏ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਜੀ.ਸੀ. ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਮੇਂ-ਸਮੇਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਕਾਲਜ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨਾਲ਼ ਸਬੰਧਿਤ ਵੱਖ-ਵੱਖ ਪ੍ਰੋਗਰਾਮਾਂ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਸ ਲੌਕਡਾਊਨ ਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਹਰ ਪੱਖੋਂ ਸਹਾਇਤਾ ਲਈ ਵੱਖ-ਵੱਖ ਵਟਸਐੱਪ ਗਰੁੱਪਾਂ, ਵੀਡਿਓ/ਆਡਿਓ ਕਲਾਸਾਂ, ਗੂਗਲ ਕਲਾਸ ਰੂਮ, ਜ਼ੂਮ ਐਪ, ਪੀ.ਡੀ.ਐੱਫ ਨੋਟਿਸ, ਪਾਵਰ-ਪੁਆਇੰਟ ਸਲਾਇਡਜ਼ ਆਦਿ ਦੀ ਸਹਾਇਤਾ ਨਾਲ਼ ਅਧਿਐਨ ਸਮੱਗਰੀ  ਵਿਦਿਆਰਥੀਆਂ ਨਾਲ਼ ਸਾਂਝੀ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਵੀ ਇਸ ਅਕਾਦਮਿਕ ਕੋਸ਼ਿਸ਼ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀ ਕਾਲਜ ਵੱਲੋਂ ਚਲਾਏ ਪ੍ਰੋਗਰਾਮਾਂ ਤੋ ਸੰਤੁਸ਼ਟ ਹਨ। ਐਨਸੀਈਆਰਟੀ, ਇਗਨੂ, ਐਨਪੀਟੀਲ, ਆਈਆਈਟੀਜ਼, ਯੂਜੀਸੀ, ਸੀਈਸੀ ਅਤੇ ਐਨਆਈਓਐਸ ਦੁਆਰਾ ਪ੍ਰਦਾਨ ਕੀਤੇ ਗਏ ਵੱਖ-ਵੱਖ ਈ-ਸਰੋਤਾਂ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਪੱਧਰ ’ਤੇ ਵੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਯੋਗ ਹੋ ਸਕਣ। ਕਾਲਜ ਸਟਾਫ ਅਤੇ ਟਿਊਟੋਰੀਅਲ ਗਰੁੱਪਾਂ ਦੇ ਇੰਚਾਰਜ ਅਧਿਆਪਕਾਂ ਵੱਲੋਂ ਸਮੇਂ-ਸਮੇਂ ਵਿਦਿਆਰਥੀਆਂ ਨਾਲ਼ ਵੀਡਿਓ-ਕਾਨਫਰਿੰਸ਼ ਅਤੇ ਮੋਬਾਇਲ ਫੋਨ ਰਾਹੀਂ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਕੀਤਾ ਜਾਂਦਾ ਹੈ। ਵਿਦਿਆਰਥੀਆਂ ਲਈ ਹੈਲਪਲਾਈਨ ਈਮੇਲ ਆਈ-ਡੀ ਅਤੇ ਕੋਆਰਡੀਨੇਟਿੰਗ ਟੀਮ ਦੇ ਮੋਬਾਈਲ ਨੰਬਰ ਵੀ ਉਪਲਬਧ ਕਰਵਾਏ ਗਏ ਹਨ। ਇਸ ਪੂਰੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਚਲਾਉਣ ਲਈ ਕਾਲਜ ਪ੍ਰਿੰਸੀਪਲ ਵੱਲੋਂ ਸਮੇਂ-ਸਮੇਂ ਸਮੂਹ ਸਟਾਫ਼ ਨਾਲ਼ ਆਨਲਾਈਨ ਮੀਟਿੰਗਾਂ ਕਰ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਪ੍ਰਿੰਸੀਪਲ ਮੈਡਮ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਕਾਲਜ ਮੈਨੇਜਮੈਂਟ ਵੱਲੋਂ ਮਿਲ ਰਹੇ ਹਰ ਤਰ੍ਹਾਂ ਦੇ ਪੂਰਨ ਸਹਿਯੋਗ ਸਦਕਾ ਯੂਨੀਵਰਸਿਟੀ ਵੱਲੋਂ ਨਿਰਧਾਰਤ ਸਮੇਂ 10 ਮਈ ਤੱਕ ਹਰ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਨੂੰ ਸੰਪੂਰਨ ਕਰ ਲਵਾਂਗੇ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਟਰੱਸਟ ਦੇ ਮੈਂਬਰ ਦਲਜੀਤ ਸਿੰਘ ਐਸਪੀ, ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਅਤੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਵੱਲੋਂ ਮਹਾਂਮਾਰੀ ਦੇ ਇਸ ਦੌਰ ਵਿੱਚ ਕਾਲਜ ਐਡਮਨਿਸ਼ਟ੍ਰੇਸ਼ਨ ਅਤੇ ਸਮੂਹ ਸਟਾਫ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਤਸੱਲੀ ਪ੍ਰਗਟਾਈ ਗਈ ਹੈ।

Share This :

Leave a Reply