ਖੰਨਾ (ਪਰਮਜੀਤ ਸਿੰਘ ਧੀਮਾਨ) ਕੁਝ ਸਮਾਂ ਪਹਿਲਾ ਇਥੋਂ ਦੇ ਇਕ ਥਾਣੇ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਪਿੰਡ ਦਹੇੜੂ ਦੇ ਵਸਨੀਕ ਪਿਓ-ਪੁੱਤ ਅਤੇ ਉਨ੍ਹਾਂ ਦੇ ਸੀਰੀ ਨੂੰ ਇਕ ਮਾਮਲੇ ਵਿਚ ਅਲਫ਼ ਨੰਗਾ ਕਰਕੇ ਵੀਡੀਓ ਬਨਾਉਣ ਤੇ ਸ਼ੋਸ਼ਲ ਮੀਡੀਆਂ ਤੇ ਵਾਇਰਲ ਕਰਨ ਦੇ ਚਰਚਿਤ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਇੰਜ.ਮਨਜਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠਾਂ ਕਾਲੇ ਝੰਡੇ ਲੈ ਕੇ ਐਸ.ਐਸ.ਪੀ ਦਫ਼ਤਰ ਅੱਗੇ ਕਰੀਬ 4 ਘੰਟੇ ਧਰਨਾ ਦਿੱਤਾ। ਇਸ ਮੌਕੇ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਆਪਣੀ ਖੰਨਾ ਵਿਖੇ ਡਿਊਟੀ ਦੌਰਾਨ ਕੀਤੇ ਹੋਰ ਕਈ ਕਥਿਤ ਵਧੀਕੀਆਂ ਖਿਲਾਫ਼ ਕਰੀਬ 30 ਵਿਅਕਤੀਆਂ ਨੇ ਵੀ ਆਪਣੀਆਂ ਦਰਖ਼ਾਸਤਾਂ ਦਿੱਤੀਆਂ, ਜਿਸ ਵਿਚ ਇਕ ਪੱਤਰਕਾਰ ਵੀ ਸ਼ਾਮਲ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇੰਸਪੈਕਟਰ ਵਿਰੁੱਧ ਕਈ ਮਹੀਨੇ ਕਾਰਵਾਈ ਨਾ ਹੋਣ ਤੇ ਮਾਣਯੋਗ ਹਾਈਕੋਰਟ ਨੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਹਿੱਤ ਪੰਜਾਬ ਦੇ ਡੀ.ਜੀ.ਪੀ ਨੂੰ ਹਦਾਇਤ ਕੀਤੀ ਗਈ ਤੇ ਉਸ ਉਪਰੰਤ ਇਕ ਸਿੱਟ ਦਾ ਵੀ ਗਠਨ ਕੀਤਾ ਗਿਆ, ਇਸ ਸਿੱਟ ਵੱਲੋਂ ਜਿਸ ਵਿਚ ਇਕ ਏਡੀਜੀਪੀ, ਆਈਜੀ, ਐਸਐਸਪੀ ਆਦਿ ਸ਼ਾਮਲ ਹਨ ਨੇ ਇਸ ਮਾਮਲੇ ਦੀ ਪੜਤਾਲ ਅਰੰਭ ਦਿੱਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਹਾਜ਼ਰ ਸਨ।
ਇਸੇ ਦੌਰਾਨ ਉਪਰੋਕਤ ਧਰਨੇ ਉਪਰੰਤ ਐਸ.ਐਸ.ਪੀ ਹਰਪ੍ਰੀਤ ਸਿੰਘ ਨੇ ਦਰਖ਼ਾਸਤ ਤੇ ਕਾਰਵਾਈ ਕਰਦਿਆਂ ਥਾਣੇਦਾਰ ਅਮਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਪਰੋਕਤ ਸਾਰੇ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਭਾਵੇਂ ਉਹ ਕਿੰਨਾ ਵੱਡਾ ਅਧਿਕਾਰੀ ਹੋਵੇ, ਬਖ਼ਸਿਆ ਨਹੀਂ ਜਾਵੇਗਾ। ਧਰਨਾਕਾਰੀਆਂ ਨੇ ਮੁੱਖ ਮੰਗ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਅਹੁਦੇ ਤੋਂ ਬਰਤਰਫ਼ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।