ਲੇਬਰ ਦੀ ਘਾਟ ਦੇ ਮੱਦੇ ਨਜਰ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਬੇਹਤਰ ਬਦਲ- ਡਾ. ਸੁਰਿੰਦਰ ਸਿੰਘ

ਪਿੰਡ ਸਲੋਹ ਵਿਖੇ ਝੋਨੇ ਦੀ ਸਿੱਧੀ ਬਿਜਾਈ ਦਾ ਟ੍ਰਾਇਲ ਕਰਵਾਉਂਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕਰੋਨਾ ਵਾਇਰਸ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਲੁਆਈ ਲਈ ਲੇਬਰ ਦੀ ਸੰਭਾਵੀ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵਲੋਂ ਬਲਾਕ ਨਵਾਂਸ਼ਹਿਰ ਵਿੱਚ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਨਵਾਂਸ਼ਹਿਰ ਦੇ ਪਿੰਡ ਸਲੋਹ ਦੀ ਸਹਿਕਾਰੀ ਸਭਾ ਦੀ ਕਣਕ ਬੀਜਣ ਵਾਲੀ ਜ਼ੀਰੋ ਟਿੱਲ ਡਰਿੱਲ ਵਿੱਚ ਕੁੱਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਪ੍ਰੀਖਣ ਸਫਲਤਾ ਪੁਰਵਕ ਕੀਤਾ ਗਿਆ।

ਝੋਨੇ ਦੀ ਸਿੱਧੀ ਬਿਜਾਈ, ਕੋਰੋਨਾ ਵਾਇਰਸ ਦੇ ਚਲਦੀਆਂ ਝੋਨੇ ਦੀ ਲੁਆਈ ਸਮੇਂ ਆਣ ਵਾਲੀ ਲੇਬਰ ਦੀ ਸੰਭਾਵੀ ਘਾਟ ਦਾ ਬੇਹਤਰ ਬਦਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਝੋਨਾ ਬੀਜਣ ਵਾਲੀਆਂ ਡਰਿੱਲਾਂ ਦੀ ਘਾਟ ਕਾਰਨ ਸੱਕਤਰ ਖੇਤੀਬਾੜੀ ਵਿਭਾਗ ਸ਼੍ਰੀ ਕਾਹਨ ਸਿੰਘ ਪਨੂੰ ਦੇ ਨਿਰਦੇਸ਼ਾਂ ਤੇ ਸਹਕਾਰੀ ਸਭਾ ਪਿੰਡ ਸਲੋਹ ਦੀ ਕਣਕ ਬੀਜਣ ਵਾਲੀ ਜੀਰੋ ਟਿੱਲ ਡਰਿੱਲ ਵਿੱਚ ਕੁੱਝ ਤਬਦੀਲੀਆਂ ਕਰਕੇ ਝੋਨਾ ਬੀਜਣ ਦਾ ਪ੍ਰੀਖਣ ਕੀਤਾ ਗਿਆ, ਜੋ ਕਿ ਬਹੁਤ ਸਫਲ ਰਿਹਾ। ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਹਨ,ਉਹ ਕਿਸਾਨ ਆਪਣੀਆਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਵਿੱਚ ਹੀ ਕੁੱਝ ਤਬਦੀਲੀਆਂ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ ਤਰ ਵੱਤਰ ਖੇਤ ਵਿੱਚ ਹੀ ਕੀਤੀ ਜਾਵੇ ਅਤੇ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-10 ਘੰਟੇ ਤੱਕ ਪਾਣੀ ਵਿੱਚ ਭਿਓ ਕੇ ਛਾਵੇਂ ਸੁੱਕਾ ਕੇ ਊਲੀਨਾਸ਼ਕ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ। ਬਿਜਾਈ ਤੋਂ 21 ਦਿਨਾਂ ਬਾਅਦ ਹੀ ਪਾਣੀ ਲਾਉਣਾ ਚਾਹੀਦਾ ਹੈ ਤਾਂ ਕਿ ਨਦੀਨਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਜੋ ਕਿਸਾਨ ਇਸ ਵਿਧੀ ਨਾਲ ਪਹਿਲੀ ਵਾਰ ਬਿਜਾਈ ਕਰ ਰਹੇ ਹਨ, ਉਨ੍ਹਾਂ ਲਈ ਇਸ ਤਕਨੀਕ ਦੇ ਤਕਨੀਕੀ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੌਕੇ ’ਤੇ ਡਾ. ਸੁਸ਼ੀਲ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ, ਡਾ. ਰਾਜ ਕੁਮਾਰ ਏ.ਡੀ.ਓ (ਇਨਫੋ.), ਡਾ. ਕੁਲਵਿੰਦਰ ਕੌਰ ਏ.ਡੀ.ਓ (ਨਵਾਂਸ਼ਹਿਰ), ਜ਼ਿਲ੍ਹੇ ਦੇ ਖੇਤੀਬਾੜੀ ਇੰਜੀਨੀਅਰ ਚੰਦਨ ਸ਼ਰਮਾ, ਸੰਦੀਪ ਗੰਗੜ ਏ.ਟੀ.ਐਮ. ਅਤੇ ਸ਼੍ਰੀ ਗੁਰਪ੍ਰੀਤ ਸਿੰਘ ਸੈਕਟਰੀ ਪਿੰਡ ਸਲੋਹ ਸਮੇਤ ਕਈ ਕਿਸਾਨ ਹਾਜ਼ਰ ਸਨ।

Share This :

Leave a Reply